ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ 9 ਨਵੇਂ ਕੋਰਸਾਂ ਦੀ ਸ਼ੁਰੂਆਤ: ਹਰਜੋਤ ਬੈਂਸ
ਚੰਡੀਗੜ੍ਹ, 21 ਸਤੰਬਰ 2023- ਪੰਜਾਬ ਰਾਜ ਦੇ ਨੌਜਵਾਨਾਂ ਨੂੰ ਸਮੇਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਕਰਨ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ 9 ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।
ਉਹਨਾਂ ਦੱਸਿਆ ਕਿ ਨਵੇਂ ਸ਼ੁਰੂ ਕੀਤੇ ਗਏ ਕੋਰਸਾਂ ਵਿੱਚ ਮਲਟੀ-ਮੀਡੀਆ ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਸਮਾਰਟ ਫੋਨ ਟੈਕਨੀਸ਼ੀਅਨ-ਕਮ-ਐਪ ਟੈਸਟਰ, ਐਡੀਟਿਵ ਮੈਨੀਫੈਕਚਰਿੰਗ ਟੈਕਨੀਸ਼ੀਅਨ (3 ਡੀ ਪ੍ਰਿਟਿੰਗ), ਲਿਫਟ ਐਂਡ ਐਕਸੀਲੇਟਰ ਮਕੈਨਿਕ, ਡਰੋਨ ਟੈਕਨੀਸ਼ੀਅਨ, ਐਡਵਾਂਸ ਸੀ.ਐਨ.ਸੀ. ਮਸ਼ੀਨਿੰਗ, ਆਈ.ਓ.ਟੀ. ਟੈਕਨੀਸ਼ੀਅਨ (ਸਮਾਰਟ ਐਗਰੀਕਲਚਰ), ਸੋਲਰ ਟੈਕਨੀਸ਼ੀਅਨ ਅਤੇ ਮਕੈਨਿਕ ਇਲੈਕਟ੍ਰਿਕ ਵਾਹਨ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਨੂੰ ਸ਼ੁਰੂ ਕਰਨ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਨੌਕਰੀ ਹਾਸਲ ਕਰਨ ਦੇ ਯੋਗ ਬਣਾਉਣ ਦੇ ਨਾਲ-ਨਾਲ ਉਹਨਾਂ ਨੂੰ ਉੱਦਮੀ ਬਣਾਉਣਾ ਵੀ ਹੈ। ਸ. ਬੈਂਸ ਨੇ ਦੱਸਿਆ ਕਿ ਜਿਹੜੇ ਕੋਰਸ ਸ਼ੁਰੂ ਕੀਤੇ ਗਏ ਹਨ, ਉਹਨਾਂ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਸਿੱਖਿਅਤ ਕਾਮਿਆਂ ਦੀ ਬਹੁਤ ਮੰਗ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਨਵੇਂ ਕੋਰਸ ਸੂਬੇ ਦੇ 25 ਸਰਕਾਰੀ ਆਈ.ਟੀ.ਆਈ. ਵਿੱਚ ਸ਼ੁਰੂ ਕੀਤੇ ਗਏ ਹਨ ਜਿੱਥੇ ਕਿ ਇਹਨਾਂ ਕੋਰਸਾਂ ਲਈ 653 ਨਵੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਨਵੇਂ ਕੋਰਸਾਂ ਲਈ ਅਧਿਆਪਕਾਂ ਦੀ ਭਰਤੀ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਸਮੇਂ ਦੀ ਜ਼ਰੂਰਤ ਅਨੁਸਾਰ ਤਕਨੀਕੀ ਮਾਹਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।