ਮੋਹਾਲੀ: ADC (D) ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਰੀਵਿਊ ਮੀਟਿੰਗ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ.ਨਗਰ, 21 ਸਤੰਬਰ 2023: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ.ਏ.ਐੱਸ.ਨਗਰ ਸ਼੍ਰੀਮਤੀ ਗੀਤਿਕਾ ਸਿੰਘ ਨੇ ਖੇਤੀਬਾੜੀ, ਸਹਿਕਾਰਤਾ, ਪ੍ਰਦੂਸ਼ਣ ਰੋਕਥਾਮ ਬੋਰਡ ,ਜਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ, ਜਿਲ੍ਹਾ ਪੰਚਾਇਤ ਤੇ ਵਿਕਾਸ ਵਿਭਾਗ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਮੁੱਖ ਖੇਤੀਬਾੜੀ ਅਫ਼ਸਰ, ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਬੋਰਡ ਦੀ ਮੌਜੂਦਗੀ ਵਿੱਚ ਰੀਵਿਊ ਮੀਟਿੰਗ ਕੀਤੀ ਗਈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹੇ ਵਿੱਚ ਮੌਜੂਦ ਮਸ਼ੀਨਰੀ ਦੀ ਲੋੜਵੰਦ ਕਿਸਾਨਾਂ ਨੂੰ ਵਰਤੋਂ ਕਰਵਾਉਣ ਲਈ ਬੇਲਰ ਤੇ ਹੋਰ ਮਸ਼ੀਨਰੀ ਮਾਲਕਾਂ ਨਾਲ ਪਿੰਡਾਂ ਦੇ ਕਿਸਾਨਾਂ ਨਾਲ ਤਾਲਮੇਲ ਕਰਵਾਉਣ ਲਈ ਟਾਈਮ ਟੇਬਲ ਤਿਆਰ ਕੀਤਾ ਜਾਵੇ। ਸ਼੍ਰੀ ਕੁਲਵਿੰਦਰ ਸਿੰਘ ਬੇਲਰ ਮਾਲਕ ਨੇ ਮੰਗ ਕੀਤੀ ਕਿ ਪਰਾਲੀ ਦੀ ਸੰਭਾਲ ਲਈ ਉਚਿੱਤ ਪੰਚਾਇਤੀ ਜ਼ਮੀਨ ਦਿਵਾਈ ਜਾਵੇ ਤਾਂ ਉਨ੍ਹਾਂ ਨੂੰ ਪੰਚਾਇਤ ਵਿਭਾਗ ਦੁਆਰਾ ਜ਼ਮੀਨ ਦਿਵਾਉਣ ਦਾ ਭਰੋਸਾ ਦਿੱਤਾ ਗਿਆ।
ਉਪ ਰਜਿਸਟਰ ਸਹਿਕਾਰੀ ਸਭਾਵਾ ਨੇ ਕਿਹਾ ਕਿ ਵਿਭਾਗ ਵੱਲੋਂ ਦਿੱਤੇ ਜਾ ਰਹੇ ਬੇਲਰ ਕੇਵਲ ਜਿਲ੍ਹਾ ਮੋਹਾਲੀ ਵਿੱਚ ਹੀ ਕੰਮ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਪਰਾਲੀ ਦੀਆਂ ਪੈਲਟਸ ਬਨਾਉਣ ਵਾਲੀ ਫਰਮ ਗੌਰਵ ਬਾਇਓ ਫਿਊਲ ਦੇ ਮਾਲਕ ਸ਼੍ਰੀ ਵਰਿੰਦਰ ਕੁਮਾਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਫਰਮ ਪਰਾਲੀ ਦੇ ਪੈਲਟਸ ਤਿਆਰ ਕਰਨ ਲਈ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ.ਏ.ਐੱਸ.ਨਗਰ ਵੱਲੋਂ ਜਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਭੱਠਾ ਮਾਲਕਾਂ ਨਾਲ ਪੈਲਟਸ ਤਿਆਰ ਕਰਨ ਵਾਲੀ ਫਰਮ ਵਿਚਕਾਰ ਕਿਸੇ ਤਰ੍ਰਾਂ ਦੀ ਸਮੱਸਿਆ ਹੋਵੇ ਤਾਂ ਉਸ ਦਾ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਭਾਗ ਲੈ ਰਹੀਆਂ ਫਰਮਾਂ ਦੇ ਨੁੰਮਾਇਦਿਆਂ ਨੇ ਪਰਾਲੀ ਦੀ ਨਮੀ 20% ਤੱਕ ਹੋਣ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਪਰਾਲੀ ਦੀਆਂ ਗੰਢਾਂ ਬਨਾਉਣ/ਪਹੁੰਚਾਉਣ ਵਾਲੇ ਕਿਸਾਨਾਂ ਨੇ ਪਰਾਲੀ ਦੀ ਨਮੀ 20 ਤੋਂ 24% ਤੱਕ ਕਰਨ ਲਈ ਬੇਨਤੀ ਕੀਤੀ। ਇਸ ਮੀਟਿੰਗ ਵਿੱਚ ਕਰੋਪ ਰੈਜੀਡਿਊ ਮੈਨੇਜਮੈਂਟ ਸਕੀਮ ਦੇ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਗੁਰਬੀਰ ਸਿੰਘ ਢਿੱਲੋਂ , ਜਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਰਵਨੀਤ ਕੌਰ, ਨਾਚੀਕੇਤਾ ਪੇਪਰ ਮਿੱਲ, ਟੀ.ਸੀ.ਟੈਕਸ, ਭੱਠਾ ਮਾਲਕਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।