ਕੰਬਾਇਨਾਂ 'ਤੇ ਐਸ.ਐਮ.ਐਸ. ਲਗਾਉਣੇ ਲਾਜਮੀ
ਕੰਬਾਇਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕਰ ਸਕਣਗੀਆਂ ਕਟਾਈ
ਪਟਿਆਲਾ, 22 ਸਤੰਬਰ 2023- ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਅਤੇ ਫ਼ਸਲ ਦੀ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲੱਗਣ ਦੇਣ ਲਈ ਵੱਡੇ ਪੱਧਰ 'ਤੇ ਪੇਸ਼ਬੰਦੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸੇ ਤਹਿਤ ਹੀ ਅੱਜ ਜ਼ਿਲ੍ਹੇ ਦੇ ਕੰਬਾਇਨ ਮਾਲਕਾਂ ਅਤੇ ਕੰਬਾਇਨ ਮੈਨੂਫੈਕਚਰਿੰਗ ਐਸੋਸੀਏਸ਼ਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਅਤੇ ਐਸ.ਪੀ. ਸਥਾਨਕ ਹਰਬੰਤ ਕੌਰ ਨੇ ਇੱਕ ਬੈਠਕ ਕਰਕੇ ਸਾਰੀਆਂ ਹਾਰਵੈਸਟਿੰਗ ਕੰਬਾਇਨਾਂ ਉਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਲਾਜਮੀ ਲਗਾਉਣ ਦੇ ਫੈਸਲੇ ਤੋਂ ਜਾਣੂ ਕਰਵਾਇਆ।
ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕੀਤੇ ਜਾਣ ਬਾਬਤ ਮਨਾਹੀ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ। ਐਸ.ਪੀ. ਹਰਬੰਤ ਕੌਰ ਨੇ ਕਿਹਾ ਕਿ ਸਾਰੀਆਂ ਕੰਬਾਇਨਾਂ ਦੇ ਮਾਲਕ ਇਹ ਯਕੀਨੀ ਬਣਾਉਣ ਕਿ ਕੰਬਾਇਨਾਂ ਦੀ ਸੜਕਾਂ ਉਪਰ ਆਵਾਜਾਈ ਮੌਕੇ ਡਰਾਇਵਰ ਸੜਕ ਨਿਯਮਾਂ ਦੀ ਪਾਲਣਾਂ ਕਰਨ ਤਾਂ ਕਿ ਕੰਬਾਇਨ ਕਰਕੇ ਕੋਈ ਹਾਦਸਾ ਨਾ ਹੋਵੇ ਅਤੇ ਨਾਲ ਹੀ ਬਿਜਲੀ ਦੀਆਂ ਤਾਰਾਂ ਦਾ ਵੀ ਖਾਸ ਖਿਆਲ ਰੱਖਿਆ ਜਾਵੇ।
ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਕੰਬਾਇਨ ਮਾਲਕਾਂ ਤੇ ਕੰਬਾਇਨ ਨਿਰਮਾਤਾਵਾਂ ਨੂੰ ਸੁਪਰੀਮ ਕੋਰਟ ਤੇ ਐਨ.ਜੀ.ਟੀ. ਦੇ ਹੁਕਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਪਰਾਲੀ ਦੇ ਖੇਤਾਂ ਵਿੱਚ ਹੀ ਨਿਪਟਾਰੇ ਲਈ ਸਰਫੇਸ ਸੀਡਰ ਤੇ ਐਕਸ ਸੀਟੂ ਨਿਪਟਾਰੇ ਲਈ ਬੇਲਰ ਆਦਿ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਇਸ ਲਈ ਕੰਬਾਇਨ ਮਾਲਕਾਂ ਤੇ ਨਿਰਮਾਤਾਵਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਪ੍ਰਧਾਨ ਅਵਤਾਰ ਸਿੰਘ ਨੰਨ੍ਹੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦਾ ਵਿਸ਼ਵਾਸ਼ ਦਿਵਾਉਂਦਿਆਂ ਮੰਗ ਕੀਤੀ ਕਿ ਕੰਬਾਇਨ ਹਾਰਵੈਸਟਿੰਗ ਮਸ਼ੀਨਾਂ ਦੀ ਕੀਮਤ ਵੱਧਣ ਕਾਰਨ ਇਸ ਉਪਰ ਸਬਸਿਡੀ ਦੇਣ ਉਪਰ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰ ਪਾਲ ਸਿੰਘ ਚੱਠਾ, ਇੰਜੀਨੀਅਰ ਪ੍ਰਭਦੀਪ ਸਿੰਘ ਸਮੇਤ ਸਕੱਤਰ ਆਰ.ਟੀ.ਏ. ਪਟਿਆਲਾ ਦਫ਼ਤਰ ਦੇ ਨੁਮਾਇੰਦਿਆਂ ਸਮੇਤ ਜ਼ਿਲ੍ਹੇ ਭਰ ਵਿੱਚੋਂ ਕੰਬਾਇਨਾਂ ਦੇ ਮਾਲਕ ਤੇ ਕੰਬਾਇਨਾਂ ਦੇ ਨਿਰਮਾਤਾ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।