ਸਿਵਲ ਸਰਜਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਆਯੋਜਿਤ ਵਿਸ਼ੇਸ਼ ਮੀਟਿੰਗ 'ਚ ਹਦਾਇਤਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 22 ਸਤੰਬਰ 2023 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਡੇਂਗੂ ਦੇ ਪ੍ਰਕੋਪ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਸਮੇਤ ਸਾਰੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਆਯੋਜਿਤ ਵਿਸ਼ੇਸ਼ ਮੀਟਿੰਗ ਵਿੱਚ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਦੇ ਮੱਦੇਨਜ਼ਰ ਢੁੱਕਵੇਂ ਕਦਮ ਉਠਾਏ ਜਾਣੇ ਜ਼ਰੂਰੀ ਹਨ। ਇਸ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ-ਨਾਲ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਆਪਣੀ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਲੋੜ ਹੈ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਨੂੰ ਮਹਾਮਾਰੀ ਰੋਗ ਐਕਟ, 1897 ਤਹਿਤ ਨੋਟੀਫਾਈ ਕੀਤਾ ਗਿਆ ਹੈ, ਜਿਸ ਅਨੁਸਾਰ ਸਾਰੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ/ਕਲੀਨਿਕਾਂ ਵੱਲੋਂ ਡੇਂਗੂ ਮਰੀਜ਼ਾਂ ਲਈ ਅਲੱਗ ਵਾਰਡ ਬਣਾਇਆ ਜਾਵੇ। ਡੇਂਗੂ ਵਾਰਡ ਵਿੱਚ ਸਥਾਪਿਤ ਬੈਡਾਂ 'ਤੇ ਮੱਛਰਦਾਨੀਆਂ ਲਗਾਈਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਡੇਂਗੂ ਵਾਰਡ ਵਿੱਚ ਨਿਯਮਿਤ ਤੌਰ 'ਤੇ ਦਾ ਲਾਰਵਸਾਈਡ ਸਪਰੇਅ ਕੀਤਾ ਜਾਵੇ ਅਤੇ ਮੱਛਰਾਂ ਤੋਂ ਬਚਾਓ ਲਈ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ।
ਡੇਂਗੂ ਦੇ ਪੋਜੇਟਿਵ ਮਰੀਜਾਂ ਨੂੰ ਡੇਂਗੂ ਵਾਰਡ ਵਿੱਚ ਹੀ ਦਾਖਿਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਡੇਂਗੂ ਟੈਸਟ ਸਰਕਾਰੀ ਹਸਪਤਾਲ, ਨਵਾਂਸ਼ਹਿਰ ਵਿੱਚ ਮੁਫਤ ਕੀਤਾ ਜਾਂਦਾ ਹੈ। ਕੰਨਫਰਮ ਡੇਂਗੂ ਪੋਜੇਟਿਵ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਤੁਰੰਤ ਭੇਜੀ ਜਾਣੀ ਯਕੀਨੀ ਬਣਾਈ ਜਾਵੇ। ਓ.ਪੀ.ਡੀ. ਅਤੇ ਡੇਂਗੂ ਵਾਰਡ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਪ੍ਰਤੀ ਸਾਵਧਾਨੀਆਂ ਵਰਤਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ ਡੇਂਗੂ ਦੀ ਜਾਂਚ ਲਈ ਲੋੜੀਂਦੀਆਂ ਕਿੱਟਾਂ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹਨ।