ਕਿਸਾਨਾਂ ਨੇ ਤਬਾਹ ਹੋਈਆਂ ਫਸਲਾਂ ਦੇ ਢੁੱਕਵੇਂ ਮੁਆਵਜ਼ੇ ਲਈ ਕਚੀਚੀ ਵੱਟੀ
ਅਸ਼ੋਕ ਵਰਮਾ
ਬਠਿੰਡਾ, 22 ਸਤੰਬਰ2023: ਹੜ੍ਹਾਂ ਅਤੇ ਹੋਰ ਕੁਦਰਤੀ ਆਫਤਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤੇ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਸ਼ਹਿਰ ਵਿੱਚ ਕੀਤੇ ਰੋਸ ਮੁਜ਼ਾਹਰੇ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਸਮੇਤ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਉਤਰਨਗੇ। ਅੱਜ ਦੇ ਧਰਨੇ ਹਕੂਮਤਾਂ ਦੇ ਕਿਸਾਨਾਂ ਪ੍ਰਤੀ ਵਤੀਰੇ ਤੇ ਫਿਕਰ ਜ਼ਾਹਿਰ ਕੀਤੇ ਗਏ ਅਤੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਵਿੱਚ ਭਾਰੀ ਵਰਖਾ ਕਾਰਨ ਢਿਗਾਂ ਡਿਗਣ , ਸੇਮ, ਜਲਮਗਨੀ ਅਤੇ ਹੜ੍ਹਾਂ ਕਾਰਨ ਹੁਣ ਤੱਕ ਹੋਈਆਂ 100 ਤੋਂ ਵੱਧ ਮੌਤਾਂ ਅਤੇ ਬੁਰੀ ਤਰ੍ਹਾਂ ਲੋਕ ਪ੍ਰਭਾਵਤ ਹੋਏ ਹਨ ।ਹਿਮਾਚਲ ਪ੍ਰਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ ਜਿਥੇ 80 ਲੋਕ ਪਹਿਲਾਂ ਹੀ ਆਪਣੀਆਂ ਜਾਨਾਂ ਗੁਆ ਬੈਠੇ ਹਨ। ਸੈਂਕੜੇ ਕਰੋੜਾਂ ਦੀ ਜਾਇਦਾਦ ਅਤੇ ਅਣਗਿਣਤ ਮਾਲ ਡੰਗਰ ਨੁਕਸਾਨੇ ਗਏ ਹਨ।ਉਨ੍ਹਾਂ ਕਿਹਾ ਕਿ ਇਹ ਕੋਈ ਭੇਦ ਵਾਲੀ ਗੱਲ ਨਹੀਂ ਕਿ ਇਹ ਕੁਦਰਤੀ ਮੌਸਮੀ ਆਫ਼ਤਾਂ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫਿਆਂ ਦੇ ਮੰਤਵ ਦਾ ਨਤੀਜਾ ਹਨ ਜਿਨ੍ਹਾਂ ਦੀ ਬਦੌਲਤ ਆਲਮੀ ਤਪਸ਼ ਵਿੱਚ ਵਾਧਾ ਹੋਇਆ ਹੈ ।
ਕਿਸਾਨ ਆਗੂਆਂ ਨੇ ਵਾਤਾਵਰਨ ਪ੍ਰਤੀ ਚਿੰਤਾ ਜਤਾਉਂਦਿਆਂ ਕਿਹਾ ਕਿ ਪਹਾੜਾਂ ਦੀ ਅੰਧਾਧੁੰਦ ਕਟਾਈ ਤੇ ਜੰਗਲ਼ਾਂ ਦਾ ਵਢਾਂਗਾ ਸੰਸਾਰ ਦੇ ਜਲਵਾਯੂ ਵਿੱਚ ਹੋ ਰਹੀਆਂ ਤਬਦੀਲੀਆਂ ਹੋਰ ਤੇਜ਼ ਕਰ ਰਿਹਾ ਹੈ, ਸਰਕਾਰੀ ਨੀਤੀਆਂ ਇਸਨੂੰ ਵਧਾਵਾ ਦੇ ਰਹੀਆਂ ਹਨ ਅਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਬੈਠੀਆਂ ਹਨ ਜਦੋਂ ਕਿ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਸਰਕਾਰ ਨੂੰ ਤੁਰੰਤ ਕੋਈ ਵੱਡੇ ਕਦਮ ਚੁੱਕਣੇ ਚਾਹੀਦੇ ਹਨ।ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਔਰਤ ਜੱਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਨਰਮੇ ਦੀ ਫਸਲ ਦੇ ਖਰਾਬੇ ਅਤੇ ਗੜੇਮਾਰੀ ਕਾਰਨ ਕਣਕ ਦੇ ਨੁਕਸਾਨ ਦਾ ਕੁੱਝ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਚੁੱਪ ਵੱਟ ਲਈ ਹੈ।
ਉਨ੍ਹਾਂ ਕਿਹਾ ਕਿ ਚੋਣ ਵਾਅਦੇ ਮੁਤਾਬਿਕ ਮੁਆਵਜ਼ੇ ਵਿੱਚ ਵਾਧਾ ਤਾਂ ਕੀ ਕਰਨਾ ਸੀ ਪਹਿਲਾਂ ਮਿਲਦੇ ਮੁਆਵਜ਼ੇ ਵਿੱਚ ਕੈਟੇਗਰੀ ਦੀ ਸਰਤ ਮੜ੍ਹ ਕੇ ਉਸਨੂੰ ਅੱਧ ਤੋਂ ਘੱਟ ਦਿੱਤਾ ਹੈ ।ਇਸ ਤੋਂ ਵੀ ਅੱਗੇ ਮਜ਼ਦੂਰਾਂ ਨੂੰ ਮਿਲਦੇ 10% ਰੁਜ਼ਗਾਰ ਉਜਾੜੇ ਦਾ ਮੁਆਵਜ਼ੇ ਦੀ ਸਕੀਮ ਵੀ ਖਤਮ ਕਰ ਦਿੱਤੀ। ਅੱਜ ਦੇ ਧਰਨੇ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਆਏ ਹੜ੍ਹਾਂ ਅਤੇ ਢਿਗਾਂ ਡਿੱਗਣ ਨੂੰ ਰਾਸ਼ਟਰੀ ਆਫਤ ਐਲਾਨਣ , ਹਰ ਕਿਸਮ ਦੇ ਨੁਕਸਾਨ ਦੀ ਪੂਰੀ ਭਰਪਾਈ ਵਾਲਾ ਢੁੱਕਵਾਂ ਰਾਹਤ ਪੈਕੇਜ ਦੇਣ, ਰਾਹਤ ਨਿਯਮਾਂ ਵਿੱਚ ਸੋਧ ਕਰਨ,ਹੜ੍ਹਾਂ ਨੂੰ ਰੋਕਣ ਦੇ ਕਦਮ ਉਠਾਉਣ , ਜਿਨ੍ਹਾਂ ਕਿਸਾਨਾਂ ਦੀ ਇਸ ਰੁੱਤ ਦੀ ਸਾਰੀ ਦੀ ਸਾਰੀ ਫਸਲ ਮਾਰੀ ਗਈ ਅਤੇ ਅਗਲੀ ਫਸਲ ਵੀ ਸੰਕਟ 'ਚ ਹੈ ਨੂੰ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਮੰਗ ਪੱਤਰ ਵਿੱਚ ਸਮੂਹ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।