ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪਾਕਿਸਤਾਨ ਦੀ ਨਾਮਵਰ ਅਦੀਬ ਡਾ. ਨਬੀਲਾ ਰਹਿਮਾਨ ਦਾ ਸਨਮਾਨ
ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ- ਡਾ. ਨਬੀਲਾ ਰਹਿਮਾਨ ਦੀ ਰਾਜਨੀਤਕ ਆਗੂਆਂ ਨੂੰ ਅਪੀਲ
ਹਰਦਮ ਮਾਨ
ਸਰੀ, 23 ਸਤੰਬਰ 2023: ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਲਹਿੰਦੇ ਪੰਜਾਬ ਤੋਂ ਆਈ ਨਾਮਵਰ ਅਦੀਬ ਅਤੇ ਯੂਨੀਵਰਸਿਟੀ ਆਫ ਝੰਗ ਦੀ ਵਾਈਸ ਚਾਂਸਲਰ ਡਾ. ਨਬੀਲਾ ਰਹਿਮਾਨ ਦੇ ਸਨਮਾਨ ਵਿਚ ਵਿਸ਼ੇਸ਼ ਪ੍ਰੋਗਰਾਮ ਰਚਾਇਆ ਗਿਆ ਜਿਸ ਵਿਚ ਸਰੀ, ਵੈਨਕੂਵਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤਗ ਸਿੰਘ ਅਨੰਤ ਨੇ ਡਾ. ਨਬੀਲਾ ਰਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨਾਲ ਆਪਣੀ ਪਿਛਲੇ ਦੱਸ ਸਾਲਾਂ ਦੀ ਸਾਂਝ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਨਬੀਲਾ ਰਹਿਮਾਨ ਲਹਿੰਦੇ ਪੰਜਾਬ ਵਿਚ ਉਸ ਸੰਸਥਾ ਦੇ ਮੁਖੀ ਹਨ ਜਿਹੜੀ ਸਭ ਤੋਂ ਪਹਿਲਾਂ ਬਣੀ ਸੀ ਅਤੇ ਜਿੱਥੇ ਪੰਜਾਬੀ ਸਭ ਤੋਂ ਪਹਿਲਾਂ ਲਾਗੂ ਹੋਈ ਸੀ, ਪੰਜਾਬ ਯੂਨੀਵਰਸਿਟੀ ਲਾਹੌਰ ਉਸ ਤੋਂ ਬਾਅਦ ਵਿਚ ਬਣੀ। ਇਸ ਸੰਸਥਾ ਦੇ ਅਖੀਰਲੇ ਮੁਖੀ ਡਾ. ਮੋਹਨ ਸਿੰਘ ਦੀਵਾਨਾ ਸਨ। ਡਾ. ਨਬੀਲਾ ਰਹਿਮਾਨ ਦੀ ਰਹਿਨੁਮਾਈ ਹੇਠ ਪੰਜਾਬੀ ਵਿਚ ਪੀਐਚਡੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਨੇ ਜਪੁਜੀ ਸਾਹਿਬ ਨੂੰ ਸਿਲੇਬਸ ਵਿਚ ਲਾਗੂ ਕਰਵਾਇਆ ਅਤੇ ਗੁਰੂ ਗਰੰਥ ਉੱਪਰ ਸਟੱਡੀ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪੰਜਾਬ ਯੂਨੀਵਰਸਿਟੀ ਵਿਚ ਗੁਰੂ ਨਾਨਕ ਚੇਅਰ ਦੀ ਸਥਾਪਨਾ ਵਿਚ ਇਨ੍ਹਾਂ ਦਾ ਬੜਾ ਵੱਡਾ ਹੱਥ ਰਿਹਾ ਹੈ। ਸਿੱਖ ਵਿਚਾਰਧਾਰਾ ਉੱਪਰ ਇਨ੍ਹਾਂ ਦੀ ਬਹੁਤ ਪਕੜ ਹੈ।
ਡਾ. ਨਬੀਲਾ ਰਹਿਮਾਨ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਕਿਸਤਾਨ ਵਿਚ ਪੰਜਾਬੀਆਂ ਲਈ ਆਪਣੀ ਸ਼ਨਾਖ਼ਤ ਦਾ ਮਸਲਾ ਬਹੁਤ ਸੰਗੀਨ ਹੈ। ਉੱਥੇ ਪੰਜਾਬੀ ਬੋਲਣ ਜਾਂ ਪੜ੍ਹਨ ਵਾਲੇ ਨੂੰ ਕੋਈ ਵਿਸ਼ੇਸ਼ ਮਹੱਤਤਾ ਨਹੀਂ ਦਿੱਤੀ ਜਾਂਦੀ। ਬ੍ਰਿਟਿਸ਼ ਰਾਜ ਸਮੇਂ ਪੰਜਾਬੀ ਨਾਲ ਜੋ ਵਿਹਾਰ ਕੀਤਾ ਜਾਂਦਾ ਸੀ, ਪਾਕਿਸਤਾਨ ਤੋਂ ਬਾਅਦ ਵੀ ਪੰਜਾਬੀ ਪ੍ਰਤੀ ਅੰਗਰੇਜ਼ਾਂ ਵਾਲੀ ਪਾਲਸੀ ਕਈ ਦਹਾਕੇ ਕਾਇਮ ਰਹੀ। ਪੰਜਾਬ ਅਤੇ ਪੰਜਾਬੀ ਦੀ ਗੱਲ ਕਰਨ ਵਾਲੇ ਨੂੰ ਦੇਸ਼ ਅਤੇ ਧਰਮ ਵਿਰੋਧੀ ਸਮਝਿਆ ਜਾਂਦਾ ਸੀ। ਫਿਰ ਇਕ ਵਕਤ ਆਇਆ ਕਿ ਦੁਨੀਆਂ ਭਰ ਦੀਆਂ ਯੋਜਨਾਵਾਂ ਬਦਲੀਆਂ। ਪਾਕਿਸਤਾਨ ਵਿਚ ਵੀ ਗਿਆਨ ਦੀ ਲੋੜ ਪਈ ਤਾਂ ਉਸ ਸਮੇਂ ਬਾਬਾ ਫਰੀਦ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਿਸ ਸ਼ਾਹ ਦਾ ਚੇਤਾ ਆਇਆ ਅਤੇ ਫੇਰ ਪੰਜਾਬੀ ਦੀ ਥੋੜ੍ਹੀ ਜਿਹੀ ਵੁੱਕਤ ਪਈ। ਪਰ ਫੇਰ ਵੀ ਇਸ ਦੌਰਾਨ ਪੰਜਾਬੀ ਸਭਿਆਚਾਰ ਨੂੰ ਸੱਟ ਮਾਰਨ ਲਈ ਫਿਲਮਾਂ ਰਾਹੀਂ ਪੰਜਾਬੀਆਂ ਦੇ ਨਾਂਹ-ਪੱਖੀ ਕਿਰਦਾਰਾਂ ਨੂੰ ਜਾਣਬੁੱਝ ਕੇ ਉਭਾਰਿਆ ਗਿਆ ਅਤੇ ਪੰਜਾਬੀਆਂ ਨੂੰ ਉਜੱਡ ਜਾਂ ਜਾਹਿਲ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਅਜਿਹੇ ਹਾਲਾਤ ਵਿਚ ਵੀ ਪੰਜਾਬੀ ਦੇ ਮੁੱਦਈ ਆਪਣੀ ਆਵਾਜ਼ ਉਠਾਉਂਦੇ ਰਹੇ।
ਪੰਜਾਬੀ ਦੀ ਤਾਜ਼ਾ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਗੁਰੂ ਗ੍ਰੰਥ ਸਾਹਿਬ, ਜਪੁਜੀ ਸਾਹਿਬ ਕਾਲਜਾਂ ਦੇ ਸਿਲੇਬਸ ਵਿਚ ਲਾਗੂ ਕੀਤੇ ਗਏ ਹਨ। ਗੁਰੂ ਨਾਨਕ ਚੇਅਰ ਪੰਜਾਬੀ ਵਿਭਾਗ ਵਿਚ ਸਥਾਪਿਤ ਕੀਤੀ ਗਈ ਹੈ। ਅਸੀਂ ਸਾਹਿਤਿਕ ਇਤਿਹਾਸ, ਧਾਰਿਮਕ ਇਤਿਹਾਸ, ਮਨੁੱਖਤਾਵਾਦੀ ਸੋਚ, ਪਿਆਰ ਨੂੰ ਫੈਲਾਉਣ ਦਾ ਚਾਰਾ ਕਰ ਰਹੇ ਹਾਂ। ਅਸੀਂ ਹੁਣ ਕਹਿ ਰਹੇ ਕਿ ‘ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ’।

ਇਸ ਗੱਲਬਾਤ ਸਮੇਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਅਤੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਦੇ ਬਾਨੀ ਪ੍ਰਧਾਨ ਜਗਤਾਰ ਸਿੰਘ, ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਸਟਰ ਦੇ ਪ੍ਰਧਾਨ ਹਰਭਜਨ ਸਿੰਘ ਅਟਵਾਲ, ਪ੍ਰਸਿੱਧ ਰੇਡੀਓ, ਟੀਵੀ ਹੋਸਟ ਹਰਪ੍ਰੀਤ ਸਿੰਘ, ਖਾਲਸਾ ਸਕੂਲ ਦੇ ਗਿਆਨੀ ਕੁਲਵਿੰਦਰ ਸਿੰਘ, ਲਖਬੀਰ ਸਿੰਘ ਖੰਗੂੜਾ, ਬਹੁਪੱਖੀ ਸਾਹਿਤਕਾਰ ਬਿੱਕਰ ਸਿੰਘ ਖੋਸਾ, ਕਵਿੱਤਰੀ ਹਰਸ਼ਰਨ ਕੌਰ, ਸ਼ਾਇਰ ਹਰਦਮ ਸਿੰਘ ਮਾਨ ਅਤੇ ਜਰਨੈਲ ਸਿੰਘ ਸਿੱਧੂ ਮੌਜੂਦ ਸਨ।
ਇਸ ਮੌਕੇ ਹਾਜ਼ਰ ਲੇਖਕਾਂ ਵੱਲੋਂ ਆਪਣੀਆਂ ਪੁਸਤਕਾਂ ਡਾ. ਨਬੀਲਾ ਰਹਿਮਾਨ ਨੂੰ ਭੇਟ ਕੀਤੀਆਂ ਗਈਆਂ ਅਤੇ ਗਿਆਨੀ ਗੁਰਦਿੱਤ ਸਿੰਘ ਬਾਰੇ ਵੱਡ ਆਕਾਰੀ ਸੰਪਾਦਿਤ ਪੁਸਤਕ ਉਨ੍ਹਾਂ ਨੂੰ ਜੈਤੇਗ ਸਿੰਘ ਅਨੰਤ ਵੱਲੋਂ ਦਿੱਤੀ ਗਈ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਪਲੇਕ ਅਤੇ ਸ਼ਾਲ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮਾਣ ਸਨਮਾਨ, ਪਿਆਰ ਸਤਿਕਾਰ ਲਈ ਡਾ. ਨਬੀਲਾ ਰਹਿਮਾਨ ਨੇ ਜੈਤੇਗ ਸਿੰਘ ਅਨੰਤ ਅਤੇ ਸਭਨਾਂ ਸ਼ਖ਼ਸੀਅਤਾਂ ਦਾ ਸ਼ੁਕਰੀਆ ਅਦਾ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com