ਆਜ਼ਾਦੀ ਸੰਗਰਾਮ ਦੀ ਚਸ਼ਮਦੀਦ ਗਵਾਹ ਮਾਤਾ ਸੁਰਜੀਤ ਕੌਰ ਦਾ ਇੰਤਕਾਲ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 23 ਸਤੰਬਰ 2023 : ਮਾਤਾ ਸੁਰਜੀਤ ਕੌਰ ਸੁਪਤਨੀ ਵੀਰ ਸਿੰਘ ਵੀਰ, ਪ੍ਰਸਿੱਧ ਪੰਜਾਬੀ ਕਵੀ ਅਤੇ ਸੁਤੰਤਰਤਾ ਸੈਨਾਨੀ ਦਾ ਜਨਮ ਲਾਹੌਰ ਦੇ ਨਵਾਂ ਧਰਮਪੁਰਾ ਗਲੀ ਨੰ: 3, ਗੁਰਦੁਆਰਾ ਸਿੰਘ ਸਭਾ ਨਜ਼ਦੀਕ ਉਸ ਸਮੇਂ ਹੋਇਆ ਜਦੋਂ ਪੰਜਾਬ ਇਕ ਸੀ ਤੇ ਅੰਗਰੇਜ਼ੀ ਹਕੂਮਤ ਦਾ ਜ਼ੋਰਾਂ ਤੇ ਬੋਲ ਬਾਲਾ ਸੀ। ਮਾਤਾ ਜੀ ਦੇ ਪਿਤਾ ਜੀ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਤਰਖਾਣ ਦਾ ਕੰਮ ਕਰਦੇ ਸਨ। ਮਾਤਾ ਜੀ ਦੇ ਮਾਤਾ ਰਾਜ ਕੌਰ ਛੋਟੀ ਉਮਰੇ ਹੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਪਾਲਣ ਪੋਸ਼ਣ ਇੰਨ੍ਹਾਂ ਦੀ ਵੱਡੀ ਭੈਣ ਨੇ ਹੀ ਕੀਤਾ। ਮਾਤਾ ਸੁਰਜੀਤ ਕੌਰ ਜੀ ਨੇ ਲਾਹੌਰ ਸ਼ਹਿਰ ਵਿਖੇ ਹੀ ਆਪਣੇ ਭੈਣ ਭਰਾਵਾਂ ਨਾਲ ਜੀਵਨ ਬਸਰ ਕੀਤਾ।
ਸੰਨ 1942 ਈ: ਵਿੱਚ ਮਾਤਾ ਸੁਰਜੀਤ ਕੌਰ ਜੀ ਦਾ ਵਿਆਹ ਅੰਮ੍ਰਿਤਸਰ ਦੇ ਨਾਮਵਰ ਕਵੀ ਸ੍ਰ. ਵੀਰ ਸਿੰਘ ਵੀਰ ਜੀ ਨਾਲ ਹੋਇਆ। ਵੀਰ ਸਿੰਘ ਵੀਰ ਉਸ ਸਮੇਂ ਸੋਹਣ ਸਿੰਘ ਜਲਾਲਉਸਮਾ, ਮੋਹਨ ਸਿੰਘ ਨਾਗੋਕੇ, ਦਰਸ਼ਨ ਸਿੰਘ ਫੇਰੂਮਾਨ, ਈਸ਼ਰ ਸਿੰਘ ਮਝੈਲ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸਾਬਕਾ ਮੁੱਖ ਮੰਤਰੀ, ਪੰਜਾਬ, ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ, ਪੰਜਾਬ, ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ, ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦਿਆਲ ਸਿੰਘ ਢਿੱਲੋਂ ਸਪੀਕਰ ਲੋਕ ਸਭਾ ਦੇ ਬਹੁਤ ਹੀ ਨਿਕਟਵਰਤੀ ਸਾਥੀ ਸਨ ਤੇ ਇੰਨ੍ਹਾਂ ਨਾਲ ਹੀ ਵੀਰ ਸਿੰਘ ਜੀ ਹਰ ਮੋਰਚੇ ਤੇ ਰਹਿੰਦੇ ਸਨ। ਉਸ ਸਮੇਂ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ ਤੇ ਮਹਾਤਮਾ ਗਾਂਧੀ ਵੱਲੋਂ ਅੰਗਰੇਜ਼ ਭਾਰਤ ਛੱਡੋ ਦਾ ਅੰਦੋਲਨ ਸਿਖਰ ਤੇ ਸੀ। ਮਾਤਾ ਸੁਰਜੀਤ ਕੌਰ ਜੀ ਦੇ ਵਿਆਹ ਵਾਲੇ ਦਿਨ ਸ਼ਾਮ ਨੂੰ ਹੀ ਵੀਰ ਸਿੰਘ ਵੀਰ ਜੀ ਨੂੰ ਘਰੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵੀਰ ਸਿੰਘ ਵੀਰ ਉਸ ਸਮੇਂ ਸੋਹਣ ਸਿੰਘ ਜਲਾਲਉਸਮਾ, ਦਰਸ਼ਨ ਸਿੰਘ ਫੇਰੂਮਾਨ, ਮੋਹਣ ਸਿੰਘ ਨਾਗੋਕੇ, ਈਸ਼ਰ ਸਿੰਘ ਮਝੈਲ ਹੋਰਾਂ ਨਾਲ ਮਹਾਤਮਾ ਗਾਂਧੀ ਵੱਲੋਂ ਲਾਏ ਮੋਰਚੇ ਵਿੱਚ ਸ਼ਾਮਿਲ ਸਨ। ਮਾਤਾ ਜੀ ਉਸ ਸ਼ਾਮ ਨੂੰ ਵੀਰ ਸਿੰਘ ਜੀ ਦੀ ਰੋਟੀ ਦੇਣ ਜੇਲ੍ਹ ਵਿੱਚ ਗਏ। ਜਿਥੇ ਕਿ ਅੰਗਰੇਜ਼ੀ ਹਕੂਮਤ ਨੇ ਮਾਤਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਹੋ ਗਈ। ਉਸ ਤੋਂ ਬਾਅਦ ਮਾਤਾ ਜੀ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮਾਤਾ ਜੀ ਆਪਣੇ ਪੇਕੇ ਘਰ ਲਾਹੌਰ ਚਲੇ ਗਏ।
ਜਦੋਂ ਮਾਤਾ ਜੀ ਲਾਹੌਰ ਸਨ ਤਾਂ ਕੁਝ ਦਿਨਾਂ ਬਾਅਦ ਹੀ 1947 ਦੀ ਵੰਡ ਨੇ ਮਾਤਾ ਜੀ ਆਪਣੇ ਪੇਕੇ ਪਰਿਵਾਰ ਨਾਲੋਂ ਵਿਛੜ ਗਏ ਤੇ ਬਹੁਤ ਹੀ ਮੁਸ਼ਕਿਲਾਂ ਨਾਲ ਡਾ. ਮਨਮੋਹਨ ਸਿੰਘ ਜੀ ਦੀ ਮਾਤਾ ਕਿਸ਼ਨ ਕੌਰ ਜੀ ਨਾਲ ਅੰਮ੍ਰਿਤਸਰ ਵਿਖੇ ਪਹੁੰਚੇ। ਜਿਸ ਤੋਂ ਬਾਅਦ ਮਾਤਾ ਜੀ ਇਕੱਲੇ ਹੀ ਖਾਲਸਾ ਕਾਲਜ ਦੇ ਕੈਂਪ ਵਿੱਚ ਰਹੇ ਅਤੇ ਕੁਝ ਦਿਨਾਂ ਬਾਅਦ ਆਪਣੇ ਸਹੁਰੇ ਘਰ ਪਹੁੰਚੇ।
ਜਿਸ ਸਮੇਂ ਦੇਸ਼ ਆਜ਼ਾਦ ਹੋਇਆ ਮਾਤਾ ਜੀ ਨੇ ਉਸ ਸਮੇਂ ਆਪਣੇ ਪਤੀ ਵੀਰ ਸਿੰਘ ਜੀ ਨਾਲ ਬੇਹੱਦ ਗਰੀਬੀ ਭਰੇ ਦਿਨ ਦੇਖੇ। ਉਸ ਸਮੇਂ ਮਾਤਾ ਜੀ ਸਿਲਾਈ ਦਾ ਕੰਮ ਕਰਨ ਲੱਗ ਪਏ। ਮਾਤਾ ਜੀ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਤੀ ਵੀਰ ਸਿੰਘ ਦਾ ਸਾਥ ਦਿੱਤਾ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜੋ ਕਿ ਇੰਨ੍ਹਾਂ ਦੇ ਗੁਆਂਢ ਰਹਿਣ ਲੱਗ ਪਏ। ਬਾਬਾ ਗੁਰਦਿੱਤ ਸਿੰਘ ਜੀ ਵੀਰ ਸਿੰਘ ਜੀ ਦੀਆਂ ਦੇਸ਼ ਪ੍ਰਤੀ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਮਾਤਾ ਸੁਰਜੀਤ ਕੌਰ ਜੀ ਨੂੰ ਉਨ੍ਹਾਂ ਨੇ ਆਪਣੀ ਧੀ ਬਣਾ ਲਿਆ। ਮਾਤਾ ਜੀ ਉਨ੍ਹਾਂ ਦੇ ਗ੍ਰਹਿ ਵਿਖੇ ਲੰਗਰ ਦੀ ਸੇਵਾ ਕਰਦੇ ਅਤੇ ਕਈ ਕਾਂਗਰਸੀ ਲੀਡਰ ਉਥੇ ਬਾਬਾ ਗੁਰਦਿੱਤ ਸਿੰਘ ਜੀ ਨੂੰ ਮਿਲਣ ਲਈ ਪਹੁੰਚਦੇ।
ਵੀਰ ਸਿੰਘ ਵੀਰ ਜੋ ਕਿ ਆਪਣੀ ਰੋਜ਼ੀ ਰੋਟੀ ਲਈ ਹੱਥ ਪੈਰ ਮਾਰਦੇ ਰਹੇ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਸਾਰਾਗੜ੍ਹੀ, ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਵਜੋਂ ਨਿਯੁਕਤ ਕੀਤਾ। ਬਾਅਦ ਵਿੱਚ ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ, ਪੰਜਾਬ ਬਣੇ ਤਾਂ ਵੀਰ ਸਿੰਘ ਵੀਰ ਜੋ ਕਿ ਉਨ੍ਹਾਂ ਦੇ ਪੁਰਾਣੇ ਸਾਥੀ ਸਨ ਨੂੰ ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਦੇ ਦਿੱਤੀ ਗਈ।
ਵੀਰ ਸਿੰਘ ਵੀਰ ਜੋ ਕਿ ਆਪਣੀ ਕਵਿਤਾਵਾਂ ਤੇ ਦੇਸ਼ ਕੌਮ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਦਾ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਜੀ ਨਾਲ ਬਹਤ ਹੀ ਨਿੱਘਾ ਰਿਸ਼ਤਾ ਸੀ। ਮਾਤਾ ਸੁਰਜੀਤ ਕੌਰ ਤੇ ਵੀਰ ਸਿੰਘ ਜੀ ਅਕਸਰ ਹੀ ਉਨ੍ਹਾਂ ਨੂੰ ਮਿਲਣ ਲਈ ਦਿੱਲੀ ਜਾਇਆ ਕਰਦੇ ਸਨ। ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਜੀ ਦੀ ਮਾਤਾ ਕਿਸ਼ਨ ਕੌਰ ਤੇ ਮਾਤਾ ਸੁਰਜੀਤ ਕੌਰ ਇਕ ਦੂਸਰੇ ਦੀਆਂ ਭੈਣਾਂ ਤੋਂ ਵੱਧ ਪਿਆਰ ਸੀ।
ਗੁਰਦਿਆਲ ਸਿੰਘ ਢਿੱਲੋਂ ਜਦੋਂ ਕੈਨੈਡਾ ਦੇ ਰਾਜਦੂਤ ਬਣੇ ਤਾਂ ਉਹਨਾਂ ਨੇ ਆਪਣੇ ਪੁਰਾਣੇ ਸਾਥੀ ਵੀਰ ਸਿੰਘ ਜੀ ਨੂੰ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿਣ ਦਾ ਸੱਦਾ ਦਿੱਤਾ ਪਰ ਮਾਤਾ ਸੁਰਜੀਤ ਕੌਰ ਤੇ ਵੀਰ ਸਿੰਘ ਵੀਰ ਜੀ ਨੇ ਅੰਮ੍ਰਿਤਸਰ ਨਹੀਂ ਛੱਡਿਆ ਅਤੇ ਨਾ ਹੀ ਕੈਨੇਡਾ ਵਿੱਚ ਰਹਿਣ ਦਾ ਪ੍ਰਸਤਾਵ ਸਵੀਕਾਰ ਕੀਤਾ।ਮਾਤਾ ਜੀ ਦੇ 4 ਪੁੱਤਰ ਤੇ ਇਕ ਸਪੁੱਤਰੀ ਸੀ। ਜਿੰਨ੍ਹਾਂ ਵਿਚੋਂ ਇਕ ਪੁੱਤਰ ਦਾ ਦੇਹਾਂਤ ਡੇਢ ਸਾਲ ਦੀ ਉਮਰ ਵਿੱਚ ਗਰੀਬੀ ਕਾਰਨ ਹੀ ਹੋ ਗਿਆ ਅਤੇ ਇਕ ਦਾ 29 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਮਾਤਾ ਜੀ ਦੇ ਦੋ ਬੱਚੇ ਇੰਦਰਜੀਤ ਕੌਰ ਤੇ ਅਮਰਜੀਤ ਸਿੰਘ ਭਾਟੀਆ ਹਨ। ਮਾਤਾ ਜੀ ਦੇ ਦੋ ਪੋਤਰੇ ਮਨਪ੍ਰੀਤ ਸਿੰਘ ਜੱਸੀ ਤੇ ਸਰਬਜੀਤ ਸਿੰਘ ਹਨ।
ਮਾਤਾ ਜੀ ਨੇ 108 ਸਾਲ ਦੀ ਉਮਰ ਤੱਕ ਲੰਬਾ ਸਮਾਂ ਜੀਵਨ ਵਿੱਚ ਕਈ ਸੰਘਰਸ਼ ਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਆਪਣੇ ਜੀਵਨ ਦੇ ਹਰ ਪੜਾਅ ਨੂੰ ਸਹਿਜੇ ਨਾਲ ਲਿਆ। ਅੱਜ ਮਾਤਾ ਜੀ ਆਪਣੇ ਪਰਿਵਾਰ ਨੂੰ ਵਿਛੋੜ ਦਾ ਕੇ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਏ ਨੇ।
ਮਾਤਾ ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ 24 ਸਤੰਬਰ, ਦਿਨ ਐਤਵਾਰ 1 ਵਜੇ ਬਾਬਾ ਸੇਵਾ ਸਿੰਘ ਹਾਲ, ਅਜੀਤ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਹੋੋਵੇਗੀ।