ਨਵਾਂ ਸੰਸਦ ਭਵਨ 'ਚ ਰਮੇਸ਼ ਬਿਧੂੜੀ ਦੇ ਬਿਆਨ ਨੇ ਲਿਆਂਦਾ ਸਿਆਸੀ ਤੂਫ਼ਾਨ
ਆਖਿਰ ਅਪਮਾਨਜਨਕ ਭਾਸ਼ਾ ਨੂੰ ਲੈ ਕੇ ਚੌਤਰਫ਼ੇ ਦਬਾਅ ਤੋਂ ਬਾਅਦ ਭਾਜਪਾ ਨੂੰ ਆਪਣੇ ਸੰਸਦ ਮੈਂਬਰ ਨੂੰ ਕਾਰਨ ਜ਼ਾਰੀ ਕੀਤਾ ਦੱਸੋ ਨੋਟਿਸ
ਪਰੰਤੂ ਹਾਊਸ ਵੱਲੋਂ ਕੋਈ ਕਾਰਵਾਈ ਨਹੀਂ
ਪਹਿਲਾਂ ਲੋਕ ਹਿੱਤਾਂ ਦੇ ਮੁੱਦਿਆਂ ਤੇ ਬੋਲਣ ਕਰਕੇ ਸੰਜੇ ਸਿੰਘ, ਰਾਘਵ ਚੱਡਾ ਸਮੇਤ ਕਈ ਸੰਸਦ ਮੈਂਬਰਾਂ ਨੂੰ ਫੌਰਨ ਕਰ ਸੀ ਦਿੱਤਾ ਸਸਪੈਂਡ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 23 ਸਤੰਬਰ 2023,: ਆਖਰ ਭਾਰਤੀ ਮੀਡੀਆ ਦਾ ਸਮਾਜ ਦੇ ਚੌਗਿਰਦੇ ‘ਚ ਘੋਲਿਆ ਜ਼ਹਿਰ ਹੁਣ ਸੜਕ, ਗਲੀ ਮੁਹੱਲੇ, ਸੱਥਾਂ ਤੋਂ ਹੁੰਦਾ ਹੋਇਆ ਭਾਰਤ ਦੀ ਸੰਸਦ ਤੱਕ ਪਹੁੰਚ ਚੁੱਕਾ ਹੈ । ਸੰਸਦ ਅੰਦਰ ਲੋਕਾਂ ਦੇ ਚੁਣੇ ਹੋਏ ਸੰਸਦ ਮੈਂਬਰ ਆਪਣੇ ਸਾਥੀ ਮੈਂਬਰਾਂ ਨੂੰ ਸ਼ਰੇਆਮ ਗਾਲੀਆਂ ਦੇ ਰਹੇ ਹਨ । ਵੀਰਵਾਰ ਰਾਤ ਲੋਕ ਸਭਾ ‘ਚ ‘ਚੰਦਰਯਾਨ-3 ਦੀ ਸਫ਼ਲਤਾ’ ‘ਤੇ ਚੱਲ ਰਹੀ ਚਰਚਾ ਦੌਰਾਨ ਇੱਕ ਸੰਸਦ ਮੈਂਬਰ ਵੱਲੋਂ ਕੀਤੀ ਗਈ ‘ਟਿੱਪਣੀ’ ਨੇ ਦੇਸ਼ ਅਤੇ ਦੁਨੀਆ ਅੰਦਰ ਸਿਆਸੀ ਬਹਿਸਬਾਜ਼ੀ ਛੇੜ ਦਿੱਤੀ ਹੈ । ਇਸ ਸਿਆਸੀ ਤੂਫ਼ਾਨ ਦੇ ਕੇਂਦਰ ਵਿੱਚ ਸੱਤਾਧਾਰੀ ਬੀਜੇਪੀ ਦੇ ਸਾਂਸਦ ਰਮੇਸ਼ ਬਿਧੂੜੀ ਹਨ, ਜੋ ਕਿ ਦੱਖਣੀ ਦਿੱਲੀ ਦੇ ਪੌਸ਼ ਇਲਾਕੇ ਤੋਂ ਦੋ ਵਾਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ ।
ਬੀਬੀਸੀ ਪੰਜਾਬੀ ਦੇ ਹਵਾਲੇ ਨਾਲ ਰਮੇਸ਼ ਬਿਧੂੜੀ ਨੇ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ‘ਤੇ ਨਿਸ਼ਾਨਾ ਸਾਧਦਿਆਂ ਜੋ ਕੁਝ ਕਿਹਾ, ਉਹ ਭਾਵੇਂ ਹੁਣ ਲੋਕ ਸਭਾ ਦੀ ਦਰਜ ਕੀਤੀ ਗਈ ਕਾਰਵਾਈ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ ਵੀ ਤਰੀਕੇ ਨਾਲ ਦੁਹਰਾਉਣਾ ਸੰਭਵ ਹੈ। ਬਿਧੂੜੀ ਨੇ ਜੋ ਕਿਹਾ, ਉਸ ਦੇ ਗ਼ੈਰ-ਸੰਸਦੀ ਹੋਣ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਚਰਚਾ ਦੌਰਾਨ ਸਦਨ ਵਿੱਚ ਮੌਜੂਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਰਨ ਇਸ ‘ਤੇ ਅਫ਼ਸੋਸ ਜ਼ਾਹਰ ਕੀਤਾ । ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਲਈ ਵਰਤੀ ਗਈ ਅਪਮਾਨਜਨਕ ਭਾਸ਼ਾ ਨੂੰ ਲੈ ਕੇ ਚੌਤਰਫ਼ੇ ਦਬਾਅ ਤੋਂ ਬਾਅਦ ਭਾਜਪਾ ਨੂੰ ਆਪਣੇ ਸੰਸਦ ਮੈਂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਿਆ ਪਰੰਤੂ ਹਾਊਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਇਸ ਤੋਂ ਪਹਿਲਾਂ ਲੋਕ ਹਿੱਤਾਂ ਦੇ ਮੁੱਦਿਆਂ ਤੇ ਬੋਲਣ ਕਰਕੇ ਸੰਜੇ ਸਿੰਘ, ਰਾਘਵ ਚੱਡਾ ਸਮੇਤ ਕਈ ਸੰਸਦ ਮੈਂਬਰਾਂ ਨੂੰ ਫੌਰਨ ਸਸਪੈਂਡ ਕਰ ਦਿੱਤਾ ਗਿਆ ਸੀ । ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਕਿਸੇ ਵੀ ਅਸ਼ਲੀਲ ਟਿੱਪਣੀ ਦਾ ਸਮਰਥਨ ਨਹੀਂ ਕਰਦੇ । ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਸਪੱਸ਼ਟੀਕਰਨ ਦੇਣਾ ਪਿਆ ਕਿਉਂਕਿ ਉਹ ਬਿਧੂੜੀ ਦੀ ਵਿਵਾਦਤ ਟਿੱਪਣੀ ਦੀ ਵਾਇਰਲ ਹੋਈ ਵੀਡੀਓ ਵਿੱਚ ਆਪਣੇ ਸਾਥੀ ਸੰਸਦ ਮੈਂਬਰ ਦੇ ਪਿੱਛੇ ਹੱਸਦੇ ਨਜ਼ਰ ਆਏ ਸਨ।
ਅਜਿਹਾ ਨਹੀਂ ਹੈ ਕਿ ਰਮੇਸ਼ ਬਿਧੂੜੀ ਦਾ ਨਾਂ ਪਹਿਲੀ ਵਾਰ ਕਿਸੇ ਵਿਵਾਦ ‘ਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਾਲ 2017 ‘ਚ ਕਾਂਗਰਸ ‘ਤੇ ਹਮਲਾ ਕਰਨ ਲਈ ਸੋਨੀਆ ਗਾਂਧੀ ਦੇ ਇਟਾਲੀਅਨ ਮੂਲ ਦੇ ਹੋਣ ਦਾ ਮੁੱਦਾ ਚੁੱਕਿਆ ਸੀ। ਮਥੁਰਾ ਵਿੱਚ ਇੱਕ ਜਨ ਸਭਾ ਦੌਰਾਨ ਉਨ੍ਹਾਂ ਕਿਹਾ, “ਇਟਲੀ ਵਿੱਚ ਅਜਿਹੇ ਸੰਸਕਾਰ ਹੁੰਦੇ ਹੋਣਗੇ ਕਿ ਵਿਆਹ ਦੇ ਪੰਜ-ਸੱਤ ਮਹੀਨਿਆਂ ਬਾਅਦ ਪੋਤਾ ਜਾਂ ਪੋਤੀ ਵੀ ਆ ਜਾਵੇ, ਭਾਰਤੀ ਸੰਸਕ੍ਰਿਤੀ ਵਿੱਚ ਅਜਿਹੇ ਸੰਸਕਾਰ ਨਹੀਂ ਹਨ।”
ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਇਸ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ “ਸਾਡੇ ਤੋਂ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ‘ਅੱਛੇ ਦਿਨ’ ਦਾ ਹਿਸਾਬ ਨਹੀਂ ਮੰਗਿਆ ਜਾ ਸਕਦਾ ਹੈ।”
ਬਿਧੂੜੀ ਨੇ ਇਹ ਗੱਲ ਕਾਂਗਰਸ ਦੀ ਆਲੋਚਨਾ ਦੇ ਜਵਾਬ ‘ਚ ਕਹੀ ਸੀ ਕਿਉਂਂਕਿ ਕਾਂਗਸਰ ਭਾਜਪਾ ਸਰਕਾਰ ਬਣਨ ਦੇ ਢਾਈ ਸਾਲ ਮੁਕੰਮਲ ਹੋਣ ਤੋਂ ਬਾਅਦ ਵੀ ਸੱਤਾਧਾਰੀ ਪਾਰਟੀ ਵਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਦੀ ਗੱਲ ਕਰ ਰਹੀ ਸੀ।