ਰੂਪਨਗਰ 'ਚ ਪਰਾਲੀ ਦੀ ਸਾਂਭ ਸੰਭਾਲ ਲਈ ਅਫ਼ਸਰਾਂ ਦੀ ਮੀਟਿੰਗ ਹੋਈ
ਰੂਪਨਗਰ, 24 ਸਤੰਬਰ 2023 : ਐੱਸ.ਡੀ.ਐੱਮ ਰੂਪਨਗਰ ਸ. ਹਰਬੰਸ ਸਿੰਘ ਵਲੋਂ ਰੂਪਨਗਰ ਸ਼ਹਿਰ ਵਿਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਮੂਹ ਕਲੱਸਟਰ ਇੰਚਾਰਜ ਅਤੇ ਨੋਡਲ ਅਫ਼ਸਰਾਂ ਦੀ ਮੀਟਿੰਗ ਕੀਤੀ।ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਸੀਜ਼ਨ ਆਉਣ ਤੋਂ ਪਹਿਲਾਂ ਹੀ ਇਸਨੂੰ ਸਾੜਨ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕਰ ਲਏ ਜਾਣ।
ਸ. ਹਰਬੰਸ ਸਿੰਘ ਨੇ ਕਿਹਾ ਕਿ ਕਲੱਸਟਰ ਤੇ ਨੋਡਲ ਅਫ਼ਸਰ ਆਪਣੇ ਅਧੀਨ ਪੈਂਦੇ ਇਲਾਕਿਆਂ ਲਈ ਪਰਾਲੀ ਸੜਨ ਉਤੇ ਜਿੰਮੇਵਾਰ ਹੋਣਗੇ ਅਤੇ ਜੇਕਰ ਕਿਸੇ ਅਫਸਰ ਜਾਂ ਕਰਮਚਾਰੀ ਦੀ ਕੋਈ ਅਣਗਿਹਲੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਦਾ ਮੁਕੰਮਲ ਤੌਰ ਉਤੇ ਖਾਤਮਾ ਕੀਤਾ ਜਾਵੇ ਅਤੇ ਹਰ ਪੱਧਰ ਉਤੇ ਕਿਸਾਨਾਂ ਨੂੰ ਖੇਤੀਬਾੜੀ ਮਹਿਕਮੇ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਮਸ਼ੀਨਾਂ ਦੀ ਵਰਤੋਂ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਰੂਪਨਗਰ ਦੇ ਜਿਆਦਾਤਰ ਪਿੰਡਾਂ ਵਿਚ ਪਰਾਲੀ ਨਹੀਂ ਸਾੜੀ ਜਾਂਦੀ ਅਤੇ ਕਿਸਾਨਾਂ ਵਲੋਂ ਪ੍ਰਦੂਸ਼ਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਜਾ ਕੇ ਵਿਦਿਆਰੀਆਂ ਨੂੰ ਪਾਰਲੀ ਸਾੜਨ ਨਾਲ ਵਾਤਾਵਰਨ ਮਨੁੱਖਾਂ ਤੇ ਜੀਵ ਜੰਤੂਆਂ ਨੂੰ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਦੱਸਿਆ ਜਾਵੇ ਤਾਂ ਉਹ ਆਪਣੇ ਇਲਾਕੇ ਜਾਂ ਘਰਾਂ ਵਿਚ ਪਰਾਲੀ ਸਬੰਧੀ ਚੇਤਨਤਾ ਪੈਦਾ ਕਰ ਸਕਣ।
ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾਵੇ ਕਿ ਵਾਤਾਵਰਣ ਨੂੰ ਸੱਵਛ ਰੱਖਣ ਅਤੇ ਸਿਹਤਮੰਦ ਭਵਿੱਖ ਲਈ ਇਸ ਵਾਰ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਹਾਟ ਸਪਾਟ ਪਿੰਡਾਂ ਵਿੱਚ ਜਿਹੜੇ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਹੀ ਲਗਾਉਣਗੇ ਉਨ੍ਹਾਂ ਨੂੰ ਜਿਲਾ ਪ੍ਰਸ਼ਾਸਨ ਵੱਲੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡੀ.ਐੱਸ.ਪੀ ਤ੍ਰਿਲੋਚਨ ਸਿੰਘ ਅਤੇ ਹੋਰ ਵੱਖ-ਵੱਖ ਸੀਨੀਅਰ ਅਧਿਕਾਰੀ ਹਾਜ਼ਰ ਸਨ।