ਪਟਿਆਲਾ: ਜ਼ਮੀਨ ਮਾਮਲੇ 'ਚ ਸਿਹਤ ਮੰਤਰੀ ਨੇ ਮੰਗਾਂ ਨੂੰ ਲਾਗੂ ਕਰਨ ਦਾ ਦਿੱਤਾ ਭਰੋਸਾ
ਜੀ ਐਸ ਪੰਨੂ
ਪਟਿਆਲਾ, 24 ਸਤੰਬਰ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ,ਧਰਮਪਾਲ ਅਤੇ ਧਰਮਵੀਰ ਨੇ ਦੱਸਿਆ ਕਿ ਪਿੰਡ ਮੰਡੋੜ ਵਿਚ ਪੰਚਾਇਤੀ ਜ਼ਮੀਨ ਦੀ ਕੀਤੀ ਬੋਲੀ ਰੱਦ ਕਰਾਉਣ ਅਤੇ ਜੇਲੀਂ ਡੱਕੇ ਸਾਥੀਆਂ ਦੀ ਰਿਹਾਈ ਲਈ ਵਿਧਾਨ ਸਭਾ ਦੀ ਸਬ-ਕਮੇਟੀ ਦੁਆਰਾ ਡਿਵੀਜ਼ਨਲ ਡਿਪਟੀ ਡਾਇਰੈਕਟਰ ਦੀ ਅਗਵਾਈ ਵਿਚ ਇਸ ਮਸਲੇ ਜਾਂਚ ਦੀ ਜਿੰਮੇਵਾਰੀ ਦਿੱਤੀ। ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਦੁਆਰਾ ਇਸ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਈ ਦਿਨਾਂ ਦੀ ਪ੍ਰਕਿਰਿਆ ਤੋਂ ਬਾਅਦ ਇਸ ਮਸਲੇ ਨੂੰ ਸਿਰੇ ਚਾੜ੍ਹਿਆ। ਇਸ ਸਮਝੌਤੇ ਵਿਚ ਡੀ ਐਸ ਪੀ ਟਿਵਾਣਾ ਵੀ ਹਾਜ਼ਰ ਰਹੇ। ਇਸ ਸਮਝੌਤੇ ਵਿਚ ਇਹਨਾਂ ਮੰਗਾਂ ਤੇ ਸਹਮਤੀ ਬਣੀ ਕਿ ਝੋਨਾ ਵੱਢਣ ਤੋਂ ਬਾਅਦ ਕਣਕ ਲਾਉਣ ਲਈ ਦਲਿਤਾਂ ਨੂੰ 14 ਏਕੜ ਜ਼ਮੀਨ ਅਤੇ ਅਗਲੇ ਸਾਲ ਇਸ ਜ਼ਮੀਨ ਦੀ ਪਲਾਟਬੰਦੀ ਕਰਕੇ ਸਾਰੇ ਪਰਿਵਾਰਾਂ ਨੂੰ ਜ਼ਮੀਨ ਦਿੱਤੀ ਜਾਵੇਗੀ।ਇਸ ਘੋਲ ਦੌਰਾਨ ਜੇਲ ਭੇਜੇ ਸਾਥੀਆਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇਗੀ ਅਤੇ ਮੰਡੋੜ ਦੇ 250 ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਸਨਅਤ ਪੱਤਰ ਜਾਰੀ ਕਰਕੇ ਮਾਲਕੀ ਹੱਕ ਦਿੱਤੇ ਜਾਣਗੇ। ਸਿਹਤ ਮੰਤਰੀ ਡਾਕਟਰ ਬਲਬੀਰ ਦੁਆਰਾ ਧਰਨੇ ਵਿੱਚ ਆਕੇ ਆਪ ਉਪਰੋਕਤ ਮੰਗਾਂ ਨੂੰ ਲਾਗੂ ਕਰਾਉਣ ਦਾ ਭਰੋਸਾ ਦਿੱਤਾ ਅਤੇ ਧਰਨਾਕਾਰੀਆਂ ਦਾ ਮੂੰਹ ਮਿੱਠਾ ਕਰਵਾਕੇ ਧਰਨਾ ਖਤਮ ਕਰਵਾਇਆ।