DC ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ
ਡਾ. ਪ੍ਰੀਤੀ ਯਾਦਵ ਦਾ ਘਾੜ ਕਲੱਬ ਤੇ ਪੰਚਾਇਤਾਂ ਨੇ "ਸ਼ੇਰੇ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ " ਖ਼ਿਤਾਬ ਨਾਲ ਕੀਤਾ ਸਨਮਾਨ
ਡਿਪਟੀ ਕਮਿਸ਼ਨਰ ਗੁਰਦੁਆਰਾ ਸਾਹਿਬ ਬਿੰਦਰਖ ਵਿਖੇ ਹੋਏ ਨਤਮਸਤਕ
ਰੂਪਨਗਰ, 24 ਸਤੰਬਰ 2023 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਗੁਰਦੁਆਰਾ ਸਾਹਿਬ ਬਿੰਦਰਖ ਵਿਖੇ ਨਤਮਸਤਕ ਹੋਣ ਉਪਰੰਤ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਪੂਰੇ ਸੂਬੇ ਲਈ ਮਿਸਾਲ ਬਨਣ ਦੀ ਅਪੀਲ ਕੀਤੀ।
ਡਾ. ਪ੍ਰੀਤੀ ਯਾਦਵ ਦਾ ਘਾੜ ਕਲੱਬ ਤੇ ਪੰਚਾਇਤਾਂ ਵੱਲੋਂ "ਸ਼ੇਰੇ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ" ਖ਼ਿਤਾਬ ਨਾਲ ਸਨਮਾਨ ਕੀਤਾ ਗਿਆ ਜਿਸ ਉਪਰੰਤ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾਂਭ ਸੰਭਾਲ ਲਈ ਹਰ ਛੋਟੇ ਵੱਡੇ ਕਿਸਾਨ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਆਪਣੀ ਧਰਤੀ ਦੀ ਉਪਜਾਊ ਸ਼ਕਤੀ ਵੀ ਬਚਾ ਸਕੀਏ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਕੇ, ਜੀਵ ਜੰਤੂਆਂ ਦਾ ਵੀ ਬਚਾਅ ਕਰ ਸਕੀਏ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਕੁਦਰਤ ਨਾਲ ਸ਼ਿੰਗਾਰਿਆ ਹੋਇਆ ਜ਼ਿਲ੍ਹਾ ਹੈ ਜਿਸ ਲਈ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਪਰਾਲੀ ਸਾੜਨ ਦਾ ਇਕ ਵੀ ਮਾਮਲਾ ਨਾ ਹੋਣ ਦੇਈਏ। ਉਨ੍ਹਾਂ ਕਿਹਾ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਇਕ ਮੱਤ ਹੋ ਕੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਗੰਭੀਰਤਾ ਨਾਲ ਸਮਝੀਏ।
ਡਿਪਟੀ ਕਮਿਸ਼ਨਰ ਨੇ ਇਲਾਕਾ ਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਵੀ ਸਹਿਯੋਗ ਦੇਣ ਲਈ ਕਿਹਾ ਕਿ ਜੇਕਰ ਕੋਈ ਤੁਹਾਡੇ ਇਲਾਕੇ ਵਿਚ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦੇਣ ਵਾਲੇ ਦਾ ਨਾਮ ਯਕੀਨਨ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖਿਲਾਫ ਮਾਮਲਾ ਦਰਜ ਹੋਣ ਉਪਰੰਤ ਮੁਲਜ਼ਿਮ ਦੀ ਜਮਾਨਤ ਵੀ ਨਾ ਕਾਰਵਾਈ ਜਾਵੇ ਅਤੇ ਨਾ ਹੀ ਕਿਸੇ ਵੀ ਪੱਧਰ ਉਤੇ ਨਸ਼ਾ ਵੇਚਣ ਵਾਲਿਆਂ ਦੀ ਕੋਈ ਮਦਦ ਕੀਤੀ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਜ਼ਿਲ੍ਹਾ ਰੂਪਨਗਰ ਵਿਖੇ ਭਾਰੀ ਵਰਖਾ ਹੋਣ ਨਾਲ ਆਮ ਲੋਕਾਂ ਸਮੇਤ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਜਿਸ ਲਈ ਇਹ ਲਾਜ਼ਮੀ ਹੈ ਕਿ ਬਰਸਾਤੀ ਨਦੀਆਂ ਅਤੇ ਨਾਲਿਆਂ ਨੂੰ ਸਾਫ ਕਰਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਈਏ। ਉਨ੍ਹਾਂ ਕਿਹਾ ਇਲਾਕਾ ਵਾਸੀਆਂ ਨੇ ਲੋੜਵੰਦਾਂ ਦਾ ਨਿਰਸਵਾਰਥ ਸਾਥ ਦੇ ਕੇ ਸਾਰਿਆਂ ਲਈ ਇਕ ਮਿਸਾਲ ਪੇਸ਼ ਕੀਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ, ਜਿਸ ਲਈ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਇਸ ਸਨਮਾਨ ਲਈ ਉਹ ਇਲਾਕ਼ੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਦੁੱਗਣੀ ਮਿਹਨਤ ਨਾਲ ਕਰਕੇ ਲੋਕਾਂ ਦੀ ਸੇਵਾ ਕਰਨਗੇ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦਾ ਘਾੜ ਕਲੱਬ ਤੇ ਪੰਚਾਇਤਾਂ ਵੱਲੋਂ "ਸ਼ੇਰੇ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ" ਖ਼ਿਤਾਬ ਨਾਲ ਸਨਮਾਨ ਕੀਤਾ ਗਿਆ। ਇਹ ਸਨਮਾਨ ਡਿਪਟੀ ਕਮਿਸ਼ਨਰ ਰੂਪਨਗਰ ਬਾਬਾ ਅਮਰਨਾਥ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਬਿੰਦਰਖ ਵਿਖੇ ਹੜ੍ਹਾਂ ਦੇ ਸਮੇਂ ਦੌਰਾਨ ਲੋਕਾਂ ਦੀ ਸੇਵਾ ਅਤੇ ਹੋਰ ਵਧੀਆ ਕਾਰਗੁਜਾਰੀ ਲਈ ਦਿੱਤਾ ਗਿਆ। ਇਸ ਉਪਰੰਤ ਡੀ ਐਸ ਪੀ ਤਰਲੋਚਨ ਸਿੰਘ ਦਾ ਵੀ ਇਲਾਕੇ ਵਿਚ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਲਈ ਸਨਮਾਨ ਕੀਤਾ ਗਿਆ।
ਇਸ ਮੌਕੇ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਬਿੱਟੂ ਬਾਜਵਾ, ਗੁਰਦੁਆਰਾ ਸਾਹਿਬ ਬਿੰਦਰਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਮੂਹ ਕਮੇਟੀ ਮੈਂਬਰ , ਮੁੱਖ ਸੇਵਾਦਾਰ ਗੁਰੂਦੁਆਰਾ ਬੀਬੀ ਮੁਮਤਾਜ ਬਾਬਾ ਗੁਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਅਵਤਾਰ ਸਿੰਘ ਪੱਪੀ, ਜਥੇਦਾਰ ਬਹਾਦਰ ਸਿੰਘ, ਗੁਰਸੋਹਨ ਸਿੰਘ, ਸੁਰਮੁੱਖ ਸਿੰਘ ਨੰਦਪੀੜ, ਕੈਪਟਨ ਮੁਲਤਾਨ ਸਿੰਘ, ਆੜ੍ਹਤੀ ਮੇਜਰ ਸਿੰਘ, ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੇ ਹੋਰ ਪੰਚ, ਸਰਪੰਚ, ਨੰਬਰਦਾਰ, ਮੋਹਤਬਰ ਆਗੂ, ਧਾਰਮਿਕ ਸੰਸਥਾਵਾਂ ਤੋਂ ਆਗੂ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।