ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਦਾ ਕੀਤਾ ਜਾਏਗਾ ਨਿੱਘਾ ਸਵਾਗਤ
ਅਸ਼ੋਕ ਵਰਮਾ
ਬਠਿੰਡਾ , 24 ਸਤੰਬਰ 2023:ਵਿਸ਼ਵ ਪੰਜਾਬੀ ਸਭਾ (ਰਜਿ.) ਕਨੇਡਾ ਵੱਲੋਂ ਸਮੂਹ ਪੰਜਾਬੀਆਂ ਅਤੇ ਪੰਜਾਬ ਸਰਕਾਰ ਦਾ ਮਾਂ ਬੋਲੀ ਦੇ ਵਿਕਾਸ ਸਬੰਧੀ ਧਿਆਨ ਦਿਵਾਉਣ ਦੇ ਉਦੇਸ਼ ਨਾਲ ਪੰਜਾਬ ਪੱਧਰ 'ਤੇ ਕੱਢੇ ਜਾ ਰਹੇ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਦਾ 25 ਸਤੰਬਰ ਨੂੰ ਠੀਕ ਬਾਰਾਂ ਵਜੇ ਬਠਿੰਡਾ ਵਿਖੇ ਪਹੁੰਚਣ ਮੌਕੇ ਇੱਥੋਂ ਦੇ ਟੀਚਰਜ਼ ਹੋਮ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿੱਘਾ ਸਵਾਗਤ ਕੀਤਾ ਜਾਵੇਗਾ। ਸਾਹਿਤ ਸਿਰਜਣਾ ਮੰਚ, ਬਠਿੰਡਾ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਨੇ ਦੱਸਿਆ ਕਿ ਇਹ ਸਮਾਰੋਹ ਬਠਿੰਡਾ ਸ਼ਹਿਰ ਵਿੱਚ ਕਾਰਜਸ਼ੀਲ ਸਾਹਿਤ ਸਭਾਵਾਂ ਕ੍ਰਮਵਾਰ ਸਾਹਿਤ ਸਿਰਜਣਾ ਮੰਚ, ਪੰਜਾਬੀ ਸਾਹਿਤ ਸਭਾ, ਟੀਚਰਜ਼ ਹੋਮ, ਸਾਹਿਤ ਜਾਗ੍ਰਿਤੀ ਸਭਾ ਅਤੇ ਸਾਹਿਤ ਸੱਭਿਆਚਾਰ ਮੰਚ ਵੱਲੋਂ ਭਰਾਤਰੀ ਜਥੇਬੰਦੀਆਂ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ
ਇਸ ਮੌਕੇ ਇਹਨਾਂ ਸਭਾਵਾਂ ਦੇ ਆਗੂਆਂ, ਜਿਨ੍ਹਾਂ ਵਿੱਚ ਜਸਪਾਲ ਮਾਨਖੇੜਾ, ਸੁਰਿੰਦਰ ਪ੍ਰੀਤ ਘਣੀਆਂ, ਪ੍ਰੋ. ਤਰਸੇਮ ਨਰੂਲਾ, ਲਛਮਣ ਮਲੂਕਾ, ਅਮਰਜੀਤ ਜੀਤ, ਦਵੀ ਸਿੱਧੂ, ਰਣਜੀਤ ਗੌਰਵ, ਕੁਲਦੀਪ ਬੰਗੀ, ਰਮੇਸ਼ ਕੁਮਾਰ ਗਰਗ, ਸਿਮਰਪਾਲ ਕੌਰ ਬਠਿੰਡਾ, ਲੀਲਾ ਸਿੰਘ ਰਾਏ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਜਦੋਂ ਸਰਕਾਰਾਂ ਵੱਲੋਂ ਲਗਾਤਾਰ ਖੇਤਰੀ ਭਾਸ਼ਾਵਾਂ 'ਤੇ ਕਈ ਪੱਖਾਂ ਤੋਂ ਮਾਰੂ ਹਮਲੇ ਹੋ ਰਹੇ ਹਨ ਤਾਂ ਇਹਨਾਂ ਹਮਲਿਆਂ ਨੂੰ ਰੋਕਣ ਲਈ ਆਮ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਪ੍ਰਮੁੱਖ ਲੋੜ ਹੈ। ਆਗੂਆਂ ਨੇ ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਪ੍ਰਧਾਨ ਡਾ. ਬਲਬੀਰ ਕੌਰ ਰਾਏਕੋਟੀ ਦੀ ਇਸ ਸੋਚ ਅਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਲੇਖਕਾਂ, ਪਾਠਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੋਮਵਾਰ 25 ਸਿਤੰਬਰ ਨੂੰ ਦੁਪਹਿਰ ਗਿਆਰਾਂ ਵਜੇ ਟੀਚਰਜ਼ ਹੋਮ ਵਿਖੇ ਪਹੁੰਚਣ ਦੀ ਸਨਿਮਰ ਅਪੀਲ ਕੀਤੀ ਹੈ।