ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਪਿਛਲੇ ਡੇਢ ਸਾਲਾਂ ਦੌਰਾਨ ਆਪ ਸਰਕਾਰ ਵੱਲੋਂ ਲਏ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਪੈਸੇ ਕਿਥੇ ਖਰਚੇ ਹਨ? ਅਕਾਲੀ ਦਲ
ਪੰਜਾਬੀ ਇਸ ਗੱਲ ਤੋਂ ਚਿੰਤਤ ਕਿ ਆਪ ਸਰਕਾਰ ਨੇ ਸੂਬੇ ਸਿਰ ਕਰਜ਼ਾ ਕੁੱਲ ਘਰੇਲੂ ਉਤਪਾਦ ਦੇ 47.6 ਫੀਸਦੀ ਤੱਕ ਪਹੁੰਚਾਇਆ: ਪਰਮਬੰਸ ਸਿੰਘ ਰੋਮਾਣਾ
ਕਿਹਾ ਕਿ ਪੰਜਾਬ ਪੁਲਿਸ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਰਾਘਵ ਚੱਢਾ ਦੇ ਵਿਆਹ ਵਾਲੀ ਥਾਂ ’ਤੇ ਤਾਇਨਾਤ ਕਰਨ ਦੀਆਂ ਤਸਵੀਰਾਂ ਨੇ ਹਾਲਾਤ ਹੋਰ ਗੰਭੀਰ ਕੀਤੇ
ਫਰੀਦਕੋਟ, 24 ਸਤੰਬਰ, 2023: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਪਿਛਲੇ ਡੇਢ ਸਾਲਾਂ ਵਿਚ ਲਏ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਰਾਸ਼ੀ ਨਾਲ ਉਹਨਾਂ ਕੀ ਕੀਤਾ ਹੈ ? ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕੋਲ ਨਵਾਂ ਬੁਨਿਆਦੀ ਢਾਂਚਾ ਸਿਰਜਣ ਤੇ ਨਵੀਂਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਨ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਚਿੰਤਤ ਹਨ ਕਿ ਆਪ ਸਰਕਾਰ ਨੇ ਸੂਬੇ ਨੂੰ ਕਰਜ਼ੇ ਦੇ ਜਾਲ ਵਿਚ ਉਲਝਾ ਦਿੱਤਾ ਹੈ, ਆਪ ਸਰਕਾਰਾਂ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖਰਚ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਵੱਲੋਂ ਵਿਆਹਾਂ ’ਤੇ ਅਣਗਿਣਤ ਪੈਸਾ ਖਰਚਣ ਦੀਆਂ ਤਸਵੀਰਾਂ ਵੀ ਲੋਕਾਂ ਸਾਹਮਣੇ ਹਨ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਆਪ ਤੇ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਇਹਨਾਂ ਦੇ ਐਸ਼ੋ ਆਰਾਮ ’ਤੇ ਖਰਚ ਕਰਨ ਵਾਸਤੇ ਲੁਟਾਇਆ ਜਾ ਰਿਹਾ ਹੈ।
ਉਹਨਾਂ ਨੇ ਉਦਾਹਰਣ ਦਿੱਤੀ ਕਿ ਕਿਵੇਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਦੈਪੁਰ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ ਜਿਥੇ ਆਪ ਦੇ ਐਮ ਪੀ ਰਾਘਵ ਚੱਢਾ ਦਾ ਵਿਆਹ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਸ਼ਤੀਆਂ ਦੀ ਰਾਖੀ ਕਰਨ ਦੇ ਨਾਲ-ਨਾਲ ਉਦੈਪੁਰ ਦੀ ਝੀਲ ਦੀ ਰਾਖੀ ਕਰਦੇ ਨਜ਼ਰ ਆ ਰਹੇ ਹਨ ਤੇ ਇਸ ਕਾਰਵਾਈ ਤੋਂ ਪੰਜਾਬੀ ਹਨ ਕਿ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਦੈਪੁਰ ਦੇ ਸਾਰੇ ਹੋਟਲ ਆਪ ਦੇ ਐਮ ਪੀ ਸ੍ਰੀ ਚੱਢਾ ਨੇ ਆਪ ਬੁੱਕ ਕੀਤੇ ਹਨ ਤੇ ਉਹਨਾਂ ਦੇ ਆਪਣੇ ਕਮਰੇ ਵਾਸਤੇ ਇਕ ਦਿਨ ਦਾ 10 ਲੱਖ ਰੁਪਿਆ ਕਿਰਾਇਆ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਉਹੀ ਆਦਮੀ ਹੈ ਜਿਸਨੇ 2020-21 ਦੌਰਾਨ ਆਪਣੀ ਆਮਦਨ ਕਰ ਰਿਟਰਨ ਵਿਚ ਆਪਣੀ ਆਮਦਨ 2.44 ਲੱਖ ਰੁਪਏ ਸਾਲਾਨਾ ਕਰਾਰ ਦਿੱਤੀ ਸੀ।
ਉਹਨਾਂ ਪੁੱਛਿਆ ਕਿ ਪੰਜਾਬ ਵਿਚ ਆਪ ਸਰਕਾਰ ਬਣਨ ਮਗਰੋਂ ਪਿਛਲੇ ਡੇਢ ਸਾਲਾਂ ਵਿਚ ਕੀ ਬਦਲਿਆ ਹੈ ?
ਵੇਰਵੇ ਸਾਂਝੇ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੂਬੇ ਦਾ ਕਰਜ਼ਾ ਕੁੱਲ ਘਰੇਲੂ ਉਤਪਾਦ ਦੇ ਅਨੁਪਾਤ ਮੁਤਾਬਕ 47.6 ਫੀਸਦੀ ਹੋ ਗਿਆਹੈ ਜੋ ਸੂਬੇ ਦੇ ਵਿੱਤੀ ਹਾਲਾਤ ਵਾਸਤੇ ਬਹੁਤ ਖਤਰਨਾਕ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਸੂਬੇ ਦੀ ਮਾਲੀਆ ਆਮਦਨ ਦਾ 47 ਫੀਸਦੀ ਕਰਜ਼ੇ ਦੀ ਅਦਾਇਗੀ ’ਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਣੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਵਰਗੇ ਤਿੰਨ ਗੈਰ ਮਾਲੀਆ ਆਮਦਨ ਵਾਲੇ ਰਾਜਾਂ ਦਾ ਕਰਜ਼ਾ ਕੁੱਲ ਘਰੇਲੂ ਉਤਪਾਦਨ ਦਾ 40 ਫੀਸਦੀ ਹੈ।
ਰੋਮਾਣਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਵਿੱਤੀ ਕੁਪ੍ਰਬੰਧਨ ਵਰਗੇ ਅਹਿਮ ਮਾਮਲੇ ’ਤੇ ਚੁੱਪ ਕਿਉਂ ਹਨ ਜਿਸ ਨਾਲ ਪੰਜਾਬ ਦਾ ਭਵਿੱਖ ਪ੍ਰਭਾਵਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਵੀ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਪਿਛਲੇ ਡੇਢ ਸਾਲਾਂ ਦੌਰਾਨ ਲਏ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਪੈਸੇ ਕਿਥੇ ਖਰਚ ਕੀਤੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਆਪ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਦੱਸੇ ਕਿ ਇਹ ਪੈਸਾ ਕਿਥੇ ਖਰਚ ਕੀਤਾ ਹੈ ਕਿਉਂਕਿ ਸਰਕਾਰ ਨੇ ਨਾ ਤਾਂ ਕੋਈ ਨਵੀਂ ਸੜਕ ਬਣਾਈ ਹੈ, ਨਾ ਕੋਈ ਫਲਾਈ ਓਵਰ, ਕਾਲਜ, ਹਸਪਤਾਲ, ਡਿਸਪੈਂਸਰੀ, ਮੰਡੀ, ਗ੍ਰਿਡ ਜਾਂ ਫਿਰ ਪੇਂਡੂ ਸੜਕ ਹੀ ਬਣਾਈ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਆਖਿਆ ਹੈ ਕਿ ਕੋਈ ਵੀ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਦੀ ਤਾਂ ਗੱਲ ਛੱਡੋ ਸਰਕਾਰ ਨੇ ਸ਼ਗਨ, ਸਿਹਤ ਬੀਮਾ, ਲੜਕੀਆਂ ਲਈ ਮੁਫਤ ਸਾਈਕਲਾਂ, ਤੀਰਥ ਯਾਤਰਾ ਤੇ ਗਰੀਬਾਂ ਵਾਸਤੇ ਭਾਂਡੇ ਦੇਣ ਵਰਗੀਆਂ ਸਮਾਜ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਹਨ ਤੇ ਆਟਾ ਦਾਲ ਸਕੀਮ ਦੇ ਲੱਖਾਂ ਕਾਰਡ ਖਤਮ ਕਰ ਦਿੱਤੇ ਹਨ।
ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਆਪ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੇਸ਼ ਭਰ ਵਿਚ ਪ੍ਰਸਾਰ ਵਾਸਤੇ ਕੀਤੀ ਜ ਰਹੀ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਦੇਸ਼ ਦੇ ਸਾਰੇ ਹਵਾਈ ਅੱਡਿਆਂ ’ਤੇ ਆਪ ਦੇ ਸਾਈਨ ਬੋਰਡਾਂ ਵਾਸਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਤੇ ਨਾਲ ਹੀ ਕੇਰਲਾ ਤੋਂ ਪੰਜਾਬ ਤੱਕ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ।
ਸਰਦਾਰ ਰੋਮਾਣਾ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਵਿੱਤੀ ਸੂਝਬੂਝ ਦੀ ਵਰਤੋਂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹਾਈਵੇ ਬਣਾਏ, ਹਵਾਈ ਅੱਡੇ ਬਣਾਏ, ਥਰਮਲ ਪਲਾਂਟਗ ਲਗਾਏ, ਸੇਵਾ ਕੇਂਦਰ ਬਣਾਏੇ, ਸਿਹਤ ਡਿਸਪੈਂਸਰੀਆਂ, ਗ੍ਰਿਡ, ਪੇਂਡੂ ਲਿੰਕ ਸੜਕਾਂ ਤੇ ਸਿੰਜਾਈ ਚੈਨਲ ਬਣਾਏ। ਉਹਨਾਂ ਕਿਹਾ ਕਿ ਉਸ ਵੇਲੇ ਸਰਕਾਰ ਨੇ ਸੂਬੇ ਸਿਰ ਕਰਜ਼ੇ ਨੂੰ ਕੁੱਲ ਘਰੇਲੂ ਉਤਪਾਦ ਨੂੰ ਪਿਛਲੀ ਕਾਂਗਰਸ ਵੇਲੇ 39 ਫੀਸਦੀ ਤੋਂ ਘਟਾ ਕੇ 33 ਫੀਸਦੀ ’ਤੇ ਲਿਆਂਦਾ ਸੀ। ਉਹਨਾਂ ਕਿਹਾ ਕਿ ਇਹ ਸਭ ਪ੍ਰਾਪਤੀਆਂ ਤਤਕਾਲੀ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਆਮਦਨ ਵਿਚ ਵਾਧੇ ਵਿਚ ਖਾਮੀਆਂ ਨੂੰ ਦੂਰ ਕਰ ਕੇ ਕੀਤੀਆਂ ਗਈਆਂ ਸਨ।
ਅਕਾਲੀ ਆਗੂ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਦੇ ਪ੍ਰਤੀਨਿਧਾਂ ਨੂੰ ਸਵਾਲ ਕਰਨ ਕਿ ਉਹਨਾਂ ਦੀ ਸਰਕਾਰ ਦੇ ਰਾਜ ਵਿਚ ਇਹ ਫਜ਼ੂਲ ਖਰਚੀ ਕਿਉਂ ਕੀਤੀ ਜਾ ਰਹੀ ਹੈ ਤੇ ਕਿਉਂ ਕੋਈ ਵੀ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਸਮਾਜ ਭਲਾਈ ਦੀ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ।