ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 26 ਸਤੰਬਰ ਤੋਂ ਸ਼ੁਰੂ, ਤਿਆਰੀਆਂ ਮੁਕੰਮਲ: ਡਾ. ਪ੍ਰੀਤੀ ਯਾਦਵ
ਖੇਡਾਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 26 ਸਤੰਬਰ ਨੂੰ ਸਵੇਰੇ 10:00 ਵਜੇ ਨਹਿਰੂ ਸਟੇਡੀਅਮ ਵਿਖੇ ਕਰਨਗੇ
ਰੂਪਨਗਰ, 24 ਸਤੰਬਰ, 2023: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023, ਸੀਜ਼ਨ-2 ਅਧੀਨ ਰੂਪਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ 26 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਇਹ 5 ਅਕਤੂਬਰ ਤੱਕ ਚੱਲਣਗੀਆਂ। ਉਨ੍ਹਾਂ ਦੱਸਿਆ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਪੱਧਰ ਦੀਆਂ ਇਹ ਖੇਡਾਂ ਜ਼ਿਲ੍ਹਾ ਰੂਪਨਗਰ ਵਿਖੇ ਵੱਖ-ਵੱਖ ਖੇਡ ਸਥਾਨਾਂ ਤੇ ਕਾਰਵਾਈਆਂ ਜਾਣਗੀਆਂ।
ਉਨਾਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 26 ਸਤੰਬਰ ਨੂੰ ਸਵੇਰੇ 10 ਵਜੇ ਨਹਿਰੂ ਸਟੇਡੀਅਮ ਵਿਖੇ ਕਰਨਗੇ।
ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ ਰੁਪੇਸ਼ ਕੁਮਾਰ ਬੇਗੜਾ ਵੱਲੋਂ ਵਿਸਥਾਰ ਵਿੱਚ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ 24 ਵੱਖ-ਵੱਖ ਖੇਡਾਂ (ਬੈਡਮਿੰਟਨ, ਕਬੱਡੀ ਸਰਕਲ ਸਟਾਇਲ/ਨੈਸ਼ਨਲ ਸਟਾਇਲ, ਐਥਲੈਟਿਕਸ, ਫੁੱਟਬਾਲ, ਵਾਲੀਬਾਲ, ਤੈਰਾਕੀ, ਕਿੱਕ ਬਾਕਸਿੰਗ, ਸ਼ੂਟਿੰਗ, ਪਾਵਰਲਿਫਟਿੰਗ, ਬਾਕਸਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈੱਸ, ਵੇਟਲਿਫਟਿੰਗ, ਹਾਕੀ, ਸਾਫ਼ਟਬਾਲ, ਗੱਤਕਾ, ਵਾਲੀਬਾਲ ਸ਼ੂਟਿੰਗ/ਸਮੈਸਿੰਗ, ਟੇਬਲ ਟੈਨਿਸ, ਨੈੱਟਬਾਲ, ਖੋ-ਖੋ) (ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਉਮਰ ਵਰਗ 21 ਤੋਂ 30, ਉਮਰ ਵਰਗ 31 ਤੋਂ 40, ਉਮਰ ਵਰਗ 41 ਤੋਂ 55, ਉਮਰ ਵਰਗ 56 ਤੋਂ 65 ਅਤੇ ਉਮਰ ਵਰਗ 65 ਤੋਂ ਉੱਪਰ) ਵੱਖ-ਵੱਖ ਖੇਡ ਸਥਾਨਾਂ ਤੇ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਉਕਤ ਟਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਜ਼ਿਲ੍ਹਾ ਰੂਪਨਗਰ ਦੇ ਵਸਨੀਕ ਹੋਣੇ ਚਾਹੀਦੇ ਹਨ। ਖਿਡਾਰੀਆਂ ਦੀ ਜਨਮ ਮਿਤੀ ਅੰਡਰ-14 ਟੂਰਨਾਮੈਂਟ ਲਈ 1-1-2010 ਜਾਂ ਇਸ ਤੋਂ ਬਾਅਦ, ਅੰਡਰ-17 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2007 ਜਾਂ ਇਸ ਤੋਂ ਬਾਅਦ, ਅੰਡਰ-21 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 01-01-2003 ਜਾਂ ਇਸ ਤੋਂ ਬਾਅਦ, ਉਮਰ ਵਰਗ 21-30 ਲਈ ਖਿਡਾਰੀ ਦਾ ਜਨਮ 01-01-1994 ਤੋਂ 31-12-2002 ਤੱਕ, 31-40 ਲਈ ਖਿਡਾਰੀ ਦਾ ਜਨਮ 01-01-1984 ਤੋਂ 31-12-1993 ਤੱਕ ਉਮਰ ਵਰਗ 41-55 ਲਈ ਖਿਡਾਰੀ ਦਾ ਜਨਮ 01-01-1969 ਤੋਂ 31-12-1983 ਤੱਕ 56-65 ਉਮਰ ਵਰਗ ਲਈ ਖਿਡਾਰੀ ਦਾ ਜਨਮ 01-01-1959 ਤੋਂ 31-12-1968 ਤੱਕ, 65 ਸਾਲ ਤੋਂ ਉਪਰ ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 31-12-1958 ਜਾਂ ਉਸ ਤੋਂ ਪਹਿਲਾ ਵਾਲਾ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਕ ਖਿਡਾਰੀ ਇਕ ਟੀਮ ਗੇਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ ਅਤੇ ਇਕ ਖਿਡਾਰੀ ਇਕ ਉਮਰ ਵਰਗ ਵਿੱਚ ਜੋ ਅਸਲ ਉਮਰ ਦੇ ਹਿਸਾਬ ਨਾਲ ਉਸ ਵਿੱਚ ਹਿੱਸਾ ਲੈ ਸਕਦਾ ਹੈ।ਇਨ੍ਹਾਂ ਖੇਡਾਂ ਵਿੱਚ ਖਿਡਾਰੀ ਆਪਣੀ ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਵਿਧੀ ਰਾਹੀਂ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਟੂਰਨਾਮੈਂਟ ਸਥਾਨ ’ਤੇ ਆਉਣ ਜਾਣ ਲਈ ਕੋਈ ਕਿਰਾਇਆ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਸਵੇਰੇ 8 ਵਜੇ ਖੇਡ ਸਥਾਨ ਤੇ ਰਿਪੋਰਟ ਕਰਨਗੇ। ਜ਼ਿਲ੍ਹੇ ਦੇ ਸਾਰੇ ਸਕੂਲਾਂ/ਪਿੰਡਾਂ/ਅਕੈਡਮੀਆਂ/ਕਲੱਬਾਂ ਐਸੋਸੀਏਸ਼ਨਾਂ ਦੀਆਂ ਟੀਮਾਂ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਆਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ।