ਗੈਸ ਪਾਈਪ ਮਾਮਲੇ 'ਚ ਦੋ ਅਧਿਆਪਕਾਂ ਅਤੇ ਇਕ ਔਰਤ ਨੂੰ ਗਿਰਫ਼ਤਾਰ ਕਰਨ ਦੀ ਨਿਖੇਧੀ
ਅਸ਼ੋਕ ਵਰਮਾ
ਤਲਵੰਡੀ ਸਾਬੋ, 24 ਸਤੰਬਰ 2023: ਤਲਵੰਡੀ ਸਾਬੋ-ਮੌੜ ਰੋਡ ਤੇ ਤਲਵੰਡੀ ਸਾਬੋ ਵਿਖੇ ਇੱਕ ਪਲਾਟ ਵਿਚੋਂ ਦੀ ਧੱਕੇ ਨਾਲ ਗੈਸ ਪਾਈਪ ਪਾਉਣ ਲਈ ਪਲਾਟ ਦੇ ਮਾਲਕ ਦੋ ਅਧਿਆਪਕਾਂ ਅਤੇ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਗਈ।
ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਬਲਾਕ ਤਲਵੰਡੀ ਦੇ ਪ੍ਰਧਾਨ ਬਹੱਤਰ ਸਿੰਘ ਨੰਗਲਾ ਅਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ (ਕਾਲਾ) ਚੱਠੇਵਾਲਾ ਅਧਿਆਪਕ ਪਾਲ ਸਿੰਘ ,ਉਸਦੀ ਪਤਨੀ ਫਲੋਰੈਂਸ ਅਤੇ ਅਧਿਆਪਕ ਵਿਜੇ ਕੁਮਾਰ ਨੂੰ ਉਹਨਾਂ ਦੇ ਘਰ ਤੋਂ ਹੀ ਸਵੇਰੇ 5:00 ਵਜੇ ਪੁਲੀਸ ਨੇ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਮਈ ਨੂੰ ਵੀ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨਾਂ ਅਤੇ ਹੋਰ ਪਿੰਡਾਂ ਤੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਧੱਕੇ ਨਾਲ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਵਿਰੋਧ ਸਦਕਾ ਪ੍ਰਸ਼ਾਸਨ ਅਤੇ ਗੈਸ ਪਾਇਪਲਾਇਨ ਦੇ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਲਿਖ ਕੇ ਸਮਝੌਤਾ ਕਰਨਾ ਪਿਆ ਸੀ ਜਿਸ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ।
ਇਸ ਸਮਝੌਤੇ ਮੁਤਾਬਿਕ ਸਾਰੇ ਕਿਸਾਨਾਂ ਨੂੰ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਣਾ ਸੀ ਕਿਉਂਕਿ ਗੈੱਸ ਉਪਰ ਕਿਸਾਨ 100 ਫੁਟ ਦੇ ਘੇਰੇ ਵਿੱਚ ਕੋਈ ਦਰਖ਼ਤ ਨਹੀਂ ਲਾ ਸਕਦਾ, ਟਿਊਬਵੈਲ ਨਹੀਂ ਲਾ ਸਕਦਾ ਅਤੇ ਮਕਾਨ ਦੀ ਉਸਾਰੀ ਨਹੀਂ ਕਰ ਸਕਦਾ। ਸਿਰਫ ਖੇਤੀ ਪੈਦਾਵਾਰ ਲਈ ਵਰਤ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦਾ ਸੜਕ ਉਪਰ ਪਲਾਟ ਹੈ ਜਿਸ ਨੂੰ ਵਪਾਰਕ ਵਰਤੋਂ ਅਤੇ ਉਸਾਰੀ ਲਈ ਵਰਤਿਆ ਜਾ ਸਕਦਾ ਹੈ। ਇਸ ਸੰਬੰਧੀ ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ । ਕਿਸਾਨ ਆਗੂਆਂ ਨੇ ਮੰਗ ਕੀਤੀ ਅਧਿਆਪਕਾਂ ਦੀ ਸਹਿਮਤੀ ਨਾਲ ਉਹਨਾਂ ਦੇ ਪਲਾਟ ਦੀ ਕੀਮਤ ਵਪਾਰਕ ਰੇਟਾਂ ਦੇ ਹਿਸਾਬ ਨਾਲ ਦਿੱਤੀ ਜਾਵੇ। ਜਮਹੂਰੀਅਤ ਦਾ ਘਾਣ ਕਰ ਕੇ ਇਹਨਾਂ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।