ਪੰਜਾਬ ਭਾਜਪਾ ਦੋਫਾੜ! ਸੁਨੀਲ ਜਾਖੜ 'ਤੇ ਗਰੇਵਾਲ ਨੇ ਲਾਏ ਦੋਸ਼- ਕਿਹਾ ਪੰਜਾਬ ਭਾਜਪਾ 'ਤੇ ਕਾਂਗਰਸੀਆਂ ਨੇ ਕੀਤਾ ਕਬਜ਼ਾ
ਪੰਜਾਬ ਭਾਜਪਾ 'ਤੇ ਕਾਂਗਰਸੀਆਂ ਨੇ ਕੀਤਾ ਕਬਜ਼ਾ: ਗਰੇਵਾਲ
- ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ ਪਾਰਟੀ ਦਫ਼ਤਰ ਵਿੱਚ ਨਹੀਂ ਕਰਨ ਦਿੱਤੀ ਮੀਟਿੰਗ, ਪਾਰਟੀ ਵਰਕਰਾਂ ਵਿੱਚ ਭਾਰੀ ਰੋਸ
ਚੰਡੀਗੜ੍ਹ 24 ਸਤੰਬਰ 2023- ਐਤਵਾਰ ਨੂੰ ਪੰਜਾਬ ਭਾਜਪਾ ਦਫ਼ਤਰ ਸੈਕਟਰ 37-ਏ ਚੰਡੀਗੜ੍ਹ ਵਿਖੇ ਭਾਜਪਾ ਦੇ ਕੌਮੀ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੰਜਾਬ ਭਜਪਾ ਦੀ ਜਾਰੀ ਸੂਚੀ ਵਿੱਚ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਮੀਟਿੰਗ ਰੱਖੀ ਹੋਈ ਸੀ, ਪਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ ਮੀਟਿੰਗ ਨੂੰ ਭਾਜਪਾ ਦਫ਼ਤਰ ਵਿੱਚ ਨਹੀਂ ਹੋਣ ਦਿੱਤਾ, ਜਿਸ ਕਾਰਨ ਇਹ ਮੀਟਿੰਗ ਦਫ਼ਤਰ ਦੇ ਬਾਹਰ ਕਰਨੀ ਪਈ।
ਭਾਜਪਾ ਪ੍ਰਧਾਨ ਦੇ ਇਸ ਫੈਸਲੇ ਕਾਰਨ ਪਾਰਟੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਫ਼ਤਰ ਦੇ ਬਾਹਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਪੰਜਾਬ ਭਰ ਤੋਂ ਭਾਜਪਾ ਆਗੂ ਉਨ੍ਹਾਂ ਦੇ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਜਿਸ ਦਫ਼ਤਰ ਵਿੱਚ ਉਨ੍ਹਾਂ ਨੂੰ ਬੈਠਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਇਸਦੇ ਨਿਰਮਾਣ ਸਮੇਂ ਉਹ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸਨ ਅਤੇ ਇਸ ਦੇ ਨਿਰਮਾਣ ਵਿੱਚ ਉਨ੍ਹਾਂ ਦਾ ਪੂਰਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਪੇਂਡੂ ਖੇਤਰਾਂ ਦੇ ਲੋਕ ਭਾਜਪਾ ਨੂੰ ਵਪਾਰੀਆਂ ਦੀ ਪਾਰਟੀ ਕਹਿੰਦੇ ਸਨ, ਪਰ ਅਸੀਂ ਇਸ ਪਾਰਟੀ ਨੂੰ ਆਮ ਲੋਕਾਂ ਵਿੱਚ ਲੈ ਕੇ ਗਏ। ਉਨ੍ਹਾਂ ਕਿਹਾ ਕਿ ਹੁਣ ਸਮਾਂ ਇਹ ਆ ਗਿਆ ਹੈ ਕਿ ਜਿਹੜਾ ਦਫ਼ਤਰ ਅਸੀਂ ਬਣਾਇਆ ਹੈ, ਉਸ ਵਿੱਚ ਸੁਨੀਲ ਜਾਖੜ ਵਲੋਂ ਉਨ੍ਹਾਂ ਨੂੰ ਕਿਤੇ ਵੀ ਬੈਠਣ ਜਾਂ ਕਿਸੇ ਨੂੰ ਬਿਠਾਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦਫ਼ਤਰ ਵਿੱਚ ਉਨ੍ਹਾਂ ਵੱਲੋਂ ਮੀਡੀਆ ਲਈ ਵੀ ਇੰਤਜ਼ਾਮ ਕੀਤਾ ਗਿਆ ਸੀ, ਪਰ ਭਾਜਪਾ ਪ੍ਰਧਾਨ ਦੇ ਫੈਂਸਲੇ ਕਾਰਨ ਉਨ੍ਹਾਂ ਨੂੰ ਵੀ ਬਾਹਰ ਹੀ ਉਨ੍ਹਾਂ ਦੀ ਗੱਲ ਸੁਣਨੀ ਪਈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਸੰਗਠਨ ਕਮਜ਼ੋਰ ਹੋ ਗਿਆ ਤਾਂ ਦਿੱਲੀ ਤੋਂ ਫੋਨ ਆਉਂਦੇ ਸਨ, ਉਦੋਂ ਵੀ ਉਨ੍ਹਾਂ ਨੇ ਅਜਿਹੀ ਥਾਂ ਪ੍ਰੋਗਰਾਮ ਕਰਵਾਏ ਸਨ, ਜਿੱਥੇ ਭਾਜਪਾ ਦੀ ਆਵਾਜ਼ ਪਹੁੰਚਣੀ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੇ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਥਾਂ ਕਾਂਗਰਸ ਦੇ ਲੋਕਾਂ ਨੂੰ ਉਨ੍ਹਾਂ ਦੀ ਜਗ੍ਹਾਂ ਬਿਠਾ ਦਿੱਤਾ ਗਿਆ ਹੈ, ਜਦੋਂਕਿ ਉਨ੍ਹਾਂ ਨੂੰ ਕਿਸੇ ਹੋਰ ਥਾਂ ਤੋਂ ਚੋਣ ਲੜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਇੱਥੇ ਭਾਰੀ ਸੁਰੱਖਿਆ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਪਾਰਟੀ ਵਰਕਰ ਨਿਰਾਸ਼ਾ ਦੇ ਆਲਮ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ 6 ਫੀਸਦੀ 'ਤੇ ਹਾਂ, ਪਰ ਇਨ੍ਹਾਂ ਕਾਰਨਾਂ ਕਰਕੇ ਹੋਰ ਪਛੜ ਜਾਵਾਂਗੇ। ਗਰੇਵਾਲ ਨੇ ਕਿਹਾ ਕਿ ਅਸੀਂ 30 ਸਾਲ ਲਗਾ ਕੇ ਦਫ਼ਤਰ ਬਣਾਉਣ ਵਾਲੇ ਬਾਹਰ ਖੜ੍ਹੇ ਹਾਂ ਅਤੇ ਬਾਹਰ ਵਾਲੇ ਅੰਦਰ ਹਨ। ਉਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਨਵੇਂ ਲੋਕਾਂ ’ਤੇ ਪੈਸੇ ਖਾਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਪਿੰਡ ਦੇ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਕੋਈ ਲਾਲਚ ਨਹੀਂ ਹੈ, ਸਗੋਂ ਉਨ੍ਹਾਂ ਵਿਦੇਸ਼ਾਂ ਵਿੱਚ ਰਹਿ ਕੇ ਵੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ।