ਸਾਵਧਾਨ! ਨਾਮੀ ਕੰਪਨੀਆਂ ਦੀਆਂ ਵੈਬਸਾਈਟਾਂ 'ਤੇ ਫ਼ਲੈਸ਼ ਹੋ ਰਹੇ ਨੇ ਸਾਈਬਰ ਠੱਗਾਂ ਦੇ ਨੰਬਰ
ਜਾਣਕਾਰੀ ਹੋਣ ਦੇ ਬਾਵਜੂਦ ਪੜੇ ਲਿਖੇ ਵਿਅਕਤੀ ਹੋ ਰਹੇ ਸਾਈਬਰ ਠੱਗੀ ਦੇ ਸ਼ਿਕਾਰ
ਰੋਹਿਤ ਗੁਪਤਾ
ਗੁਰਦਾਸਪੁਰ, 25 ਸਤੰਬਰ 2023- ਸਾਈਬਰ ਠੱਗੀ ਦੀਆਂ ਕਈ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਪਰ ਸਾਈਬਰ ਠੱਗ ਇਨੇਂ ਸ਼ਾਤਿਰ ਹੋ ਚੁੱਕੇ ਹਨ ਕਿ ਇਨ੍ਹਾਂ ਦੀਆਂ ਠੱਗੀਆਂ ਦੇ ਜਾਣਕਾਰ ਅਤੇ ਪੜ੍ਹੇ ਲਿਖੇ ਸਮਝਦਾਰ ਵਿਅਕਤੀ ਵੀ ਇਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਪੜ੍ਹੇ ਲਿਖੇ ਅਤੇ ਸਮਝਦਾਰ ਵਿਅਕਤੀ ਨੇ ਠੱਗਾਂ ਦੇ ਝਾਂਸੇ ਵਿੱਚ ਆ ਕੇ ਇੱਕ ਲੱਖ ਪੰਦਰਾਂ ਹਜ਼ਾਰ ਰੁਪਏ ਗਵਾ ਲਏ ਹਾਲਾਂਕਿ ਗਨੀਮਤ ਇਹ ਰਹੀ ਕਿ ਠੱਗੀ ਦੀ ਜਾਣਕਾਰੀ ਹੋਣ ਤੇ ਉਸਨੇ ਤੁਰੰਤ ਬੈਂਕ ਦੇ ਟੋਲ ਫਰੀ ਨੰਬਰ ਤੇ ਸ਼ਿਕਾਇਤ ਕਰ ਦਿੱਤੀ ਅਤੇ ਉਸਦੇ 95 ਹਜ਼ਾਰ ਰੁਪਏ ਤਾਂ ਵਾਪਸ ਆ ਗਏ ਪਰ ਫਿਰ ਵੀ ਠੱਗਾਂ ਵਲੋਂ ਉਸ ਨਾਲ 20 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਗਈ।
ਇਹ ਵਿਅਕਤੀ ਠੱਗਾਂ ਦਾ ਸ਼ਿਕਾਰ ਇਸ ਲਈ ਬਣਿਆ ਕਿਉਂਕਿ ਠਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ। ਠੱਗਾਂ ਵੱਲੋਂ ਨਾਮੀ ਕੰਪਨੀਆਂ ਦੀਆਂ ਵੈਬਸਾਈਟਾਂ ਬਣਾ ਕੇ ਆਪਣੇ ਨੰਬਰ ਦੇ ਦਿੱਤੇ ਗਏ ਹਨ।ਜਦੋਂ ਜ਼ਰੂਰਤ ਪੈਣ ਤੇ ਇਹਨਾਂ ਨੰਬਰਾਂ ਤੇ ਕੋਈ ਵਿਅਕਤੀ ਸੰਪਰਕ ਕਰਦਾ ਹੈ ਤਾਂ ਉਸਦੇ ਦਿਮਾਗ਼ ਵਿੱਚ ਹੀ ਨਹੀਂ ਹੁੰਦਾ ਕਿ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫੱਸ ਰਿਹਾ ਹੈ।
ਜਾਣਕਾਰੀ ਦਿੰਦਿਆਂ ਠੱਗੀ ਦੇ ਨਵੇਂ ਮਾਮਲੇ ਦਾ ਸ਼ਿਕਾਰ ਹੋਏ ਸ਼ਹਿਰ ਦੇ ਇੱਕ ਪੜੇ ਲਿਖੇ ਅਤੇ ਸਮਝਦਾਰ ਵਿਅਕਤੀ ਸਤਿੰਦਰਪਾਲ ਸਿੰਘ ਬੇਦੀ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਜੀ ਦੇ ਕੋਰੀਅਰ ਰਾਹੀਂ ਵਿਦੇਸ਼ ਜਾਣ ਨਾਲ ਸੰਬੰਧਿਤ ਜ਼ਰੂਰੀ ਕਾਗਜ਼ ਆਉਂਣੇ ਸਨ। ਸਬੰਧਤ ਵਿਭਾਗ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਕ ਹਫਤੇ ਦੇ ਵਿੱਚ-ਵਿੱਚ ਇਹ ਕਾਗਜ਼ ਅੰਮ੍ਰਿਤਸਰ ਦੀ ਇੱਕ ਨਾਮੀ ਕੋਰੀਅਰ ਕੰਪਨੀ ਦੇ ਰਾਹੀਂ ਆਉਣਗੇ । ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਕਾਗਜ਼ ਨਾ ਆਏ ਤਾਂ ਉਹਨਾਂ ਨੇ ਇਸ ਨਾਮੀ ਕੋਰੀਅਰ ਕੰਪਨੀ ਦੀ ਵੈੱਬ ਸਾਈਟ ਤੋਂ ਗੁੱਗਲ ਰਾਹੀਂ ਸਰਚ ਕਰਕੇ ਅੰਮ੍ਰਿਤਸਰ ਬਰਾੜ ਸੰਬੰਧਿਤ ਵਿਅਕਤੀ ਦਾ ਨੰਬਰ ਲਿਆ ਅਤੇ ਫੋਨ ਕੀਤਾ ਤਾਂ ਸੁਣਨ ਵਾਲੇ ਨੇ ਉਹਨਾਂ ਨੂੰ ਇੱਕ ਹੋਰ ਨੰਬਰ ਦੇ ਦਿੱਤਾ ਤੇ ਕਿਹਾ ਕਿ ਇਹ ਵਿਅਕਤੀ ਉਹਨਾਂ ਨੂੰ ਕੋਰੀਅਰ ਪਹੁੰਚਾਵੇਗਾ।
ਬੇਦੀ ਅਨੁਸਾਰ ਜਦੋਂ ਉਸਨੇ ਉਸ ਨੰਬਰ ਤੇ ਫੋਨ ਕੀਤਾ ਤਾਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਸ਼ਾਮ ਤੱਕ ਉਸ ਨੂੰ ਕੋਰੀਅਰ ਮਿਲ ਜਾਵੇਗਾ। ਇਸ ਦੇ ਨਾਲ ਹੀ ਉਸ ਨੂੰ ਇੱਕ ਕੋਡ ਨੰਬਰ ਦਿੱਤਾ ਗਿਆ ਅਤੇ ਫੋਨ ਤੋਂ ਇਹ ਕੋਡ ਡਾਇਲ ਕਰਨ ਲਈ ਕਿਹਾ ਗਿਆ। ਸ਼ਾਇਦ ਇਹ ਨੰਬਰ ਡਾਈਲ ਕਰਦਿਆਂ ਹੀ ਉਸ ਦਾ ਫੋਨ ਹੈਕ ਕਰ ਲਿਆ ਗਿਆ ਸੀ। ਫ਼ੋਨ ਰਖਦਿਆਂ ਹੀ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨੰਬਰ ਨਾਲ ਅਟੈਚਡ ਉਹਦੇ ਦੋ ਵੱਖ ਵੱਖ ਬੈਂਕ ਖਾਤੇ ਵਿੱਚੋਂ 95 ਹਜ਼ਾਰ ਅਤੇ 19 ਹਜ਼ਾਰ 999 ਰੁਪਏ ਯਾਨੀ ਕੁਲ 1 ਲੱਖ 15 ਹਜ਼ਾਰ ਰੁਪਏ ਕੱਢਵਾ ਲਏ ਗਏ ਹਨ। ਠੱਗੀ ਦੀ ਜਾਣਕਾਰੀ ਹੁੰਦਿਆਂ ਹੀ ਉਸਨੇ ਤੁਰੰਤ ਬੈਂਕ ਦੇ ਟੋਲ ਫਰੀ ਨੰਬਰ ਤੇ ਸ਼ਿਕਾਇਤ ਕੀਤੀ ਅਤੇ ਬੈਂਕ ਨਾਲ ਸੰਪਰਕ ਕਰਕੇ ਖਾਤੇ ਬੰਦ ਕਰਵਾਏ। ਬੈਂਕ ਦੀ ਤੁਰੰਤ ਕਾਰਵਾਈ ਕਾਰਨ ਉਹਨਾਂ ਦੇ 95 ਹਜ਼ਾਰ ਰੁਪਏ ਤਾਂ ਵਾਪਸ ਉਹਨਾਂ ਦੇ ਖਾਤੇ ਵਿੱਚ ਟਰਾਂਸਫਰ ਹੋ ਗਏ ਪਰ 19 ਹਜ਼ਾਰ 999 ਰੁਪਏ ਦੀ ਠੱਗੀ ਕਰਨ ਵਿੱਚ ਕਾਮਯਾਬ ਰਹੇ ਸਨ। ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲੀਸ ਦੇ ਸਾਈਬਰ ਸੈਲ ਵਿਖੇ ਕਰ ਦਿੱਤੀ ਹੈ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਇਹ ਪੈਸੇ ਵੀ ਵਾਪਸ ਆ ਜਾਣਗੇ ।