ਕੈਨੇਡਾ-ਭਾਰਤ ਕਸ਼ੀਦਗੀ ਦਾ ਅਸਰ: ਪੰਜਾਬ ਦੇ ਟੈਕਸੀ ਕਾਰੋਬਾਰ 'ਚ ਵੀ ਫਿਕਰਮੰਦੀ ਦਾ ਆਲਮ
ਕਰੋਨਾ ਵੇਲੇ ਦਾ ਉੱਖੜਿਆ ਇਹ ਕਾਰੋਬਾਰ ਅਜੇ ਤੱਕ ਸੂਤ ਨਹੀਂ ਹੋਇਆ :
ਐਤਕੀਂ ਪਹਾੜੀ ਸੈਰਗਾਹਾਂ ਦੇ ਟੂਰ ਵੀ ਠੱਪ ਰਹੇ :
ਭਰਵੀਂ ਐਨ ਆਰ ਆਈਜ਼ ਗਾਹਕੀ ਦੀ ਆਸ ਵੀ ਟੁੱਟਣ ਲੱਗੀ :
ਗੁਰਪ੍ਰੀਤ ਸਿੰਘ ਮੰਡਿਆਣੀ
ਮੁਲਾਂਪੁਰ ਦਾਖਾ, 25 ਸਤੰਬਰ 2023 :ਕਨੇਡਾ-ਭਾਰਤ ਦਰਮਿਆਨ ਕਸ਼ੀਦਾ ਹੋਏ ਸਫਾਰਤੀ ਸੰਬੰਧਾਂ ਦੀ ਵਜਾਹ ਕਰਕੇ ਭਾਰਤ ਨੇ ਕਨੇਡੀਅਨ ਸਿਟੀਜ਼ਨਜ਼ ਦੀ ਜਿਹੜੀ ਵੀਜ਼ਾ ਬੰਦੀ ਕੀਤੀ ਹੈ ਉਹਦਾ ਅਸਰ ਪੰਜਾਬ ਦੇ ਟੈਕਸੀ ਕਾਰੋਬਾਰ ਤੇ ਵੀ ਪੈਣ ਦੀ ਸੰਭਾਵਨਾ ਹੈ।ਮੁਲਾਂਪੁਰ ਦਾਖਾ ਦੇ ਟੈਕਸੀ ਵਾਲਿਆਂ ਨੇ ਇਹ ਪੇਸ਼ੀਨਗੋਈ ਕਰਦਿਆਂ ਡੂੰਘੀ ਫਿਕਰਮੰਦੀ ਦਾ ਵੀ ਇਜ਼ਹਾਰ ਕੀਤਾ ਹੈ।
ਲੁਧਿਆਣਾ-ਫ਼ਿਰੋਜ਼ਪੁਰ ਰੋਡ ਤੇ ਪੈਂਦੇ ਕਸਬਾ ਮੁਲਾਂਪੁਰ ਦਾਖਾ ਦੇ ਗੁਰੂ ਨਾਨਕ ਟੈਕਸੀ ਸਟੈਂਡ ਯੂਨੀਅਨ ਦੇ ਪ੍ਰਧਾਨ ਫੁਲਰਾਜ ਸਿੰਘ ਗਿੱਲ ਤੇ ਯੂਨੀਅਨ ਦਫਤਰ ਚ ਹਾਜ਼ਰ ਹੋਰ ਮੈਂਬਰਾਨ ਜਗਤਾਰ ਸਿੰਘ,ਜਗਜੀਵਨ ਸਿੰਘ,ਨਰਿੰਦਰਪਾਲ ਸਿੰਘ,ਭੁਪਿੰਦਰ ਸਿੰਘ ਬੜੈਚ,ਗੁਰਭੇਜ ਸਿੰਘ,ਹਰਪਾਲ ਸਿੰਘ,ਜੰਗਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਸਿਆਲ ਰੁੱਤੇ ਬਾਹਰੋਂ ਆਉਂਦੇ ਕੁੱਲ ਪੰਜਾਬੀਆਂ ਚੋਂ ਲਗਭਗ 80 ਫੀਸਦ ਕੈਨੇਡੀਅਨ ਹੁੰਦੇ ਹਨ।ਕੈਨੇਡੀਅਨ ਸਿਟੀਜਨਜ਼ ਤੇ ਲੱਗੀ ਵੀਜ਼ਾ ਰੋਕ ਦੀ ਵਜਾਹ ਕਰਕੇ ਕੈਨੇਡਾ ਤੋਂ ਪੰਜਾਬ ਆਉਣ ਵਾਲਿਆਂ ਦੀ ਗਿਣਤੀ ਬਹੁਤ ਥੋੜੀ ਰਹਿ ਜਾਣੀ ਹੈ।
ਟੈਕਸੀ ਵਾਲਿਆਂ ਨੇ ਦੱਸਿਆ ਕਿ ਨਵੰਬਰ ਤੋਂ ਲੈ ਕੇ ਮਾਰਚ ਤੱਕ ਐਨ ਆਰ ਆਈਜ਼ ਗਾਹਕਾਂ ਕਰਕੇ ਸਾਡਾ ਸਾਰੇ ਸਾਲ ਦਾ ਖ਼ਰਚਾ ਪੂਰਾ ਹੁੰਦਾ ਸੀ।ਨਵੰਬਰ ਤੋਂ ਲੈ ਕੇ ਅੱਧ ਜਨਵਰੀ ਤੱਕ ਦਿੱਲਿਓਂ ਪੰਜਾਬ ਨੂੰ ਆਉਂਦੀ ਜੀ ਟੀ ਰੋਡ ਤੇ ਪਰਦੇਸਾਂ ਤੋਂ ਦੇਸ ਆ ਰਹੇ ਪੰਜਾਬੀਆਂ ਦੇ ਅਟੈਚੀਆਂ ਨਾਲ ਲੱਦੀਆਂ ਟੈਕਸੀਆਂ ਦੀ ਪਾਲ ਨਹੀਂ ਟੁੱਟਦੀ ਹੁੰਦੀ।ਦਿੱਲੀ ਦੇ ਇੰਦਰਾ ਗਾਂਧੀ ਏਅਰ ਪੋਰਟ ਤੇ ਪੰਜਾਬੀ ਟੈਕਸੀ ਡਰਾਈਵਰਾਂ ਦੀ ਛਪਾਰ ਦੇ ਮੇਲੇ ਵਾਂਗ ਚਹਿਲ ਪਹਿਲ ਹੁੰਦੀ ਹੈ। ਜਨਵਰੀ ਅੱਧ ਤੋਂ ਮਾਰਚ ਤੱਕ ਇਹਨਾਂ ਵੀ ਵਾਪਸੀ ਜਾਰੀ ਰਹਿੰਦੀ ਹੈ।ਬਾਹਰੋਂ ਆਏ ਪੰਜਾਬੀ ਪਰਿਵਾਰ ਔਸਤਨ 40-50 ਦਿਨ ਪੰਜਾਬ ਚ ਬਿਤਾਉਂਦਾ ਹੈ ਤੇ ਉਹਨੂੰ ਨਿੱਤ ਟੈਕਸੀ ਦੀ ਲੋੜ ਹੁੰਦੀ ਹੈ।
ਬੀਤੇ ਸਾਲਾਂ ਦੀ ਗੱਲ ਕਰਦਿਆਂ ਗੁਰੂ ਨਾਨਕ ਟੈਕਸੀ ਸਟੈਂਡ ਯੂਨੀਅਨ ਵਾਲਿਆਂ ਨੇ ਦੱਸਿਆ ਕਿ ਪੂਰੇ 2 ਸਾਲ ਕਰੋਨਾ ਆਫ਼ਤ ਨੇ ਸਾਡਾ ਕਾਰੋਬਾਰ ਬਿਲਕੁਲ ਠੱਪ ਰਿਹਾ ਤੇ ਐਤਕੀਂ ਬਾਰਸ਼ਾਂ ਤੇ ਹੜਾਂ ਕਰਕੇ ਪਹਾੜੀ ਸੈਰਗਾਹਾਂ ਦੇ ਟੂਰ ਤੇ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਬੰਦ ਰਹੀ ਹੈ,ਹੁਣ ਸਾਡੀ ਸਾਰੀ ਆਸ ਕੈਨੇਡੀਅਨ ਗਾਹਕੀ ਤੇ ਸੀ ਜੋ ਕਿ ਉਹ ਵੀ ਧੁੰਦਲੀ ਪੈ ਰਹੀ ਹੈ।ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀਜ਼ਾ ਰੋਕਾਂ ਨੂੰ ਖਤਮ ਕਰਾਉਣ ਲਈ ਆਪਦਾ ਯੋਗਦਾਨ ਪਾਉਣ।