ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 51 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਡੇਢ ਸਾਲ 'ਚ ਮਾਨ ਸਰਕਾਰ ਨੇ ਦਿੱਤੀਆਂ 36 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ : ਚੇਤਨ ਸਿੰਘ ਜੌੜਾਮਾਜਰਾ
ਕੈਬਨਿਟ ਮੰਤਰੀ ਨੇ ਨਵੇਂ ਚੁਣੇ ਪਟਵਾਰੀਆਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਕੀਤਾ ਪ੍ਰੇਰਿਤ
ਪਟਿਆਲਾ, ਸੰਗਰੂਰ ਤੇ ਮਲੇਰਕੋਟਲਾ ਜ਼ਿਲਿਆਂ ਦੇ ਪਟਵਾਰੀ ਨੂੰ ਦਿੱਤੀ ਜਾਵੇਗੀ ਪਟਵਾਰ ਸਕੂਲ ਵਿਖੇ ਟਰੇਨਿੰਗ
ਪਟਿਆਲਾ, 25 ਸਤੰਬਰ 2023- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੈਨਾਨੀ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਰਕਾਰੀ ਆਈ.ਟੀ.ਆਈ. ਵਿਖੇ ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 51 ਨਵੇਂ ਚੁਣੇ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਵਿੱਚ 36 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਨਾਲ ਜਿਥੇ ਸਰਕਾਰੀ ਕੰਮਕਾਰ 'ਚ ਹੋਰ ਤੇਜ਼ੀ ਆਈ ਹੈ, ਉਥੇ ਹੀ ਨੌਜਵਾਨਾਂ ਨੂੰ ਵੱਡੀ ਗਿਣਤੀ 'ਚ ਰੋਜ਼ਗਾਰ ਦੇ ਮੌਕੇ ਮਿਲੇ ਹਨ।
ਨਵੇਂ ਚੁਣੇ ਪਟਵਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਜਿਸ ਅਹੁਦੇ ਲਈ ਤੁਹਾਡੀ ਚੋਣ ਹੋਈ ਹੈ, ਉਸ ਅਹੁਦੇ ਦਾ ਰਾਬਤਾ ਲੋਕਾਂ ਨਾਲ ਸਿੱਧੇ ਤੌਰ 'ਤੇ ਹੁੰਦਾ ਹੈ ਤੇ ਇਸੇ ਲਈ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪਟਵਾਰੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀ ਸੂਬੇ ਦੇ ਲੋਕਾਂ ਦੀ ਪੂਰੀ ਮਿਹਨਤ ਤੇ ਲਗਨ ਨਾਲ ਸੇਵਾ ਕਰੋ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਦੇ ਟਰੇਨਿੰਗ ਭੱਤੇ ਵਿੱਚ ਵੀ ਵਾਧਾ ਕਰਦਿਆਂ ਇਸ ਨੂੰ 5 ਹਜ਼ਾਰ ਤੋਂ ਵਧਾ ਕੇ 18 ਹਜ਼ਾਰ ਰੁਪਏ ਕਰ ਦਿੱਤਾ ਹੈ, ਜਿਸ ਨਾਲ ਟਰੇਨਿੰਗ ਦੌਰਾਨ ਵੀ ਨਵੇਂ ਚੁਣੇ ਪਟਵਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕੈਬਨਿਟ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਲੋਕਾਂ ਦੀ ਸੇਵਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੇਵਾਵਾਂ ਪ੍ਰਾਪਤ ਕਰਨ ਆਏ ਲੋਕਾਂ ਨੂੰ ਬਿਨ੍ਹਾਂ ਕਿਸੇ ਸਿਫ਼ਾਰਸ਼ ਤੇ ਖੱਜਲ ਖੁਆਰੀ ਦੇ ਸੇਵਾਵਾਂ ਦੇਣਾ ਹੀ ਸਾਡੀ ਪ੍ਰਮੁੱਖ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਦਿੱਤੇ ਨਿਯੁਕਤੀ ਪੱਤਰਾਂ ਵਿੱਚ 24 ਉਮੀਦਵਾਰ ਪਟਿਆਲਾ ਜ਼ਿਲ੍ਹੇ ਦੇ 14 ਮਲੇਰਕੋਟਲਾ ਜ਼ਿਲ੍ਹੇ ਅਤੇ 13 ਸੰਗਰੂਰ ਜ਼ਿਲ੍ਹੇ ਦੇ ਹਨ। ਜਿਨ੍ਹਾਂ ਨੂੰ ਸਰਕਾਰੀ ਆਈ.ਟੀ.ਆਈ ਵਿਖੇ ਬਣੇ ਪਟਵਾਰ ਸਕੂਲ ਵਿੱਚ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਪ੍ਰਿੰਸੀਪਲ ਅਸ਼ੋਕ ਲਾਲ (ਸੇਵਾਮੁਕਤ ਆਈ.ਏ.ਐਸ), ਸੁਰਜੀਤ ਸਿੰਘ ਫੌਜੀ, ਰੋਸ਼ਨ ਲਾਲ, ਗੁਰਨਾਮ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ ਵੀ ਮੌਜੂਦ ਸਨ।