ਸਪੀਕਰ ਸੰਧਵਾਂ ਵੱਲੋਂ ਨਾਭਾ 'ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਗੇਟ ਦਾ ਉਦਘਾਟਨ
-ਪੰਜਾਬ ਨੂੰ ਹਰ ਖੇਤਰ 'ਚ ਅੱਗੇ ਲਿਜਾਣ ਦੀ ਕਵਾਇਦ ਜਾਰੀ ਰੱਖੇਗੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ : ਕੁਲਤਾਰ ਸਿੰਘ ਸੰਧਵਾਂ
ਨਾਭਾ, 25 ਸਤੰਬਰ 2023- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਾਭਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਅਤੇ ਪੰਜਾਬ ਦੇ ਮਾਣਮੱਤੇ ਇਤਿਹਾਸ ਦਾ ਗੌਰਵਮਈ ਮੀਲ ਪੱਥਰ ਹਨ, ਉਨ੍ਹਾਂ ਦੀ ਯਾਦ ਵਿੱਚ ਨਾਭਾ ਵਿਖੇ ਯਾਦਗਾਰੀ ਗੇਟ ਬਣਾਉਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਇੱਕ ਸ਼ਲਾਘਯੋਗ ਉਪਰਾਲਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਦੀ ਕਵਾਇਦ ਇਸੇ ਤਰ੍ਹਾਂ ਜਾਰੀ ਰੱਖੇਗੀ। ਉਨ੍ਹਾਂ ਨੇ ਕੰਬਾਇਨ ਨਿਰਮਾਤਾਵਾਂ ਵੱਲੋਂ ਕੰਬਾਇਨ ਉਤੇ ਟੈਕਸ ਲਗਾਉਣ ਦੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਾਹੱਦ ਮੁੱਖ ਮੰਤਰੀ ਹਨ, ਜਿਨ੍ਹਾਂ ਦੇ ਉਦਮ ਸਦਕਾ ਸਨਅਤਕਾਰ ਮਿਲਣੀ ਕਰਕੇ ਉਦਯੋਗਪਤੀਆਂ ਦੀ ਗੱਲ ਸੁਨਣ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਕੋਲ ਖ਼ੁਦ ਪੁੱਜੀ ਹੈ।
ਸਪੀਕਰ ਸੰਧਵਾਂ ਨਾਭਾ ਵਿਖੇ ਵਿਸ਼ਵਕਰਮਾ ਵੈਲਫੇਅਰ ਸੋਸਾਇਟੀ, ਰਾਮਗੜ੍ਹੀਆ ਵੈਲਫੇਅਰ ਕਲੱਬ, ਦੀ ਕੰਬਾਇਨ ਐਂਡ ਐਗਰੀਕਲਚਰ ਇੰਪਲੀਮੈਂਟ ਮੈਨੂਫੈਕਚਰਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਸਤਾਬਦੀ ਨੂੰ ਸਮਰਪਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਵਿੱਚ ਡੀ.ਐਨ.ਏ. ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਹੈ ਅਤੇ ਅਸੀਂ ਅਮੀਰ ਵਿਰਸੇ ਦੇ ਵਾਰਸ ਹਾਂ।
ਇਸ ਮੌਕੇ ਸੰਧਵਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਵੱਡੀ ਜੰਗ ਵਿੱਢੀ ਗਈ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਦਾ ਸਾਥ ਵੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਪਹਿਲੀ ਵਾਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ।
ਬੇਦਅਬੀ ਘਟਨਾ ਨੂੰ ਇੱਕ ਮਹਾਂਪਾਪ ਦੱਸਦਿਆਂ ਇਸ ਨੂੰ ਕੇਵਲ ਵੋਟਾਂ ਲਈ ਕੀਤਾ ਗਿਆ ਕਰਾਰ ਦਿੰਦਿਆਂ ਸਪੀਕਰ ਨੇ ਕਿਹਾ ਕਿ ਇਸ ਕੇਸ 'ਚ ਵਧੀਕੀਆਂ ਤੇ ਪਰਚੇ ਵੀ ਇਨਸਾਫ਼ ਮੰਗਣ ਵਾਲਿਆਂ ਉਤੇ ਹੋਏ ਪਰ ਹੁਣ ਚਲਾਣ ਅਦਾਲਤ ਵਿੱਚ ਪੁੱਜ ਗਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਜਰੂਰ ਇਨਸਾਫ਼ ਹੋਵੇਗਾ।
ਇਸ ਤੋਂ ਪਹਿਲਾਂ ਮੀਡੀਆ ਨਾਲ ਗੈਰਰਸਮੀ ਗੱਲਬਾਤ ਮੌਕੇ ਕੈਨੇਡਾ ਮਸਲੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਤਵਾਦ ਦਾ ਮਸਲਾ ਚੋਣਾਂ ਨੇੜੇ ਹੀ ਉਭਰਦਾ ਹੈ ਪਰੰਤੂ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਸਮੇਤ ਕੋਈ ਵੀ ਪੰਜਾਬ ਵਿੱਚ ਇਹ ਅੱਗ ਨਹੀਂ ਲੱਗਾ ਸਕੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਪੰਜਾਬ ਤੇ ਪੰਜਾਬੀਆਂ ਦੀ ਸਾਂਝ ਬਹੁਤ ਗੂੜੀ ਹੈ ਪਰੰਤੂ ਉਥੋਂ ਦਾ ਨਾਮ ਵਰਤਕੇ ਪੰਜਾਬ ਵਿੱਚਲੇ ਆਪਸੀ ਭਾਈਚਾਰੇ ਤੇ ਮਿਲਵਰਤਣ ਨੂੰ ਵੀ ਨਹੀਂ ਤੋੜਿਆ ਜਾ ਸਕਦਾ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਹਰੀ ਸਿੰਘ ਪ੍ਰੀਤ ਕੰਬਾਇਨ, ਚਰਨ ਸਿੰਘ ਮਲਕੀਤ ਕੰਬਾਇਨ, ਅਵਤਾਰ ਸਿੰਘ ਨੰਨ੍ਹੜੇ, ਭਗਵੰਤ ਸਿੰਘ ਰਾਮਗੜ੍ਹੀਆ, ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਐਸ.ਡੀ.ਐਮ. ਨਾਭਾ ਤਰਸੇਮ ਚੰਦ, ਡੀ.ਐਸ.ਪੀ. ਦਵਿੰਦਰ ਅੱਤਰੀ, ਗਿਆਨੀ ਅਮਰ ਸਿੰਘ ਤੇ ਇਲਾਕੇ ਭਰ ਦੇ ਪਤਵੰਤੇ ਵੀ ਹਾਜਰ ਸਨ ।