ਵਿਜੀਲੈਂਸ ਵੱਲੋਂ ਦਬੋਚੀ ਤਿੱਕੜੀ ਮਨ ਦੇ ਗੁੱਝੇ ਭੇਦਾਂ ਨਾਲ ਪਾਏਗੀ ਗੂੜ੍ਹੀ "ਪ੍ਰੀਤ"
ਅਸ਼ੋਕ ਵਰਮਾ
ਬਠਿੰਡਾ, 26 ਸਤੰਬਰ 2023: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਦੇ ਮਾਡਲ ਟਾਊਨ 'ਚ ਪਲਾਟ ਖਰੀਦਣ ਸਬੰਧੀ ਗ੍ਰਿਫ਼ਤਾਰ ਕੀਤੇ ਸ਼ਹਿਰ ਦੇ ਇੱਕ ਉੱਘੇ ਹੋਟਲ ਦਾ ਮਾਲਕ ਅਤੇ ਇੱਕ ਸ਼ਰਾਬ ਕਾਰੋਬਾਰੀ ਦਾ ਮੁਲਾਜ਼ਮ ਹੁਣ ਵਿਜੀਲੈਂਸ ਕੋਲ ਇਸ ਖਰੀਦੋ ਫਰੋਖਤ ਦੌਰਾਨ ਕੀਤੀ ਕਥਿਤ ਚੱਕ ਥੱਲ ਦੇ ਗੁੱਝੇ ਭੇਦ ਖੋਲ੍ਹਣਗੇ। ਮੁਲਜ਼ਮ ਰਾਜੀਵ ਕੁਮਾਰ , ਅਮਨਦੀਪ ਸਿੰਘ ਅਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲਾਗੇ ਪੈਂਦੇ ਜ਼ਿਲ੍ਹੇ ਵਿੱਚੋਂ ਗ੍ਰਿਫਤਾਰ ਕੀਤੇ ਤੀਸਰੇ ਮੁਲਜਮ ਵਿਕਾਸ ਅਰੋੜਾ 28 ਸਤੰਬਰ ਤੱਕ ਰਿਮਾਂਡ ਤੇ ਹਨ। ਸੂਤਰਾਂ ਮੁਤਾਬਕ ਮੁਢਲੀ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਵਿਵਾਦਿਤ ਪਲਾਟ ਦੀ ਬੋਲੀ ਦੇਣ ਪਿੱਛੇ ਮਨਪ੍ਰੀਤ ਬਾਦਲ ਨਾਲ ਨੇੜਤਾ ਹੋਣੀ ਦੱਸਿਆ ਹੈ। ਉਨ੍ਹਾਂ ਇਹ ਵੀ ਮੰਨਿਆ ਹੈ ਕਿ ਇਸ ਕੰਮ ਲਈ ਪਹਿਲਾਂ ਮੀਟਿੰਗ ਕੀਤੀ ਗਈ ਸੀ।
ਪਤਾ ਲੱਗਿਆ ਹੈ ਕਿ ਮੁਲਜ਼ਮਾਂ ਵੱਲੋਂ ਕੀਤੇ ਮੁੱਢਲੇ ਖਲਾਸਿਆਂ ਤੋਂ ਬਾਅਦ ਰਿਮਾਂਡ ਦੇ ਬਾਕੀ ਦਿਨਾਂ ਦੌਰਾਨ ਵਿਜੀਲੈਂਸ ਦੇ ਜਾਂਚ ਅਧਿਕਾਰੀ ਪਲਾਟ ਖਰੀਦ ਮਾਮਲੇ ਵਿੱਚ ਡੂੰਘਾਈ ਨਾਲ ਪੁੱਛ ਗਿੱਛ ਕਰਨਗੇ ਤਾਂ ਜੋ ਇਸ ਸਬੰਧ ਵਿੱਚ ਅੰਦਰੂਨੀ ਰਾਜ਼ ਸਾਹਮਣੇ ਆ ਸਕਣ। ਵਿਜੀਲੈਂਸ ਨੇ 2 ਦਿਨ ਪਹਿਲਾਂ ਪਲਾਟ ਖਰੀਦਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਸੁਪਰਡੈਂਟ ਪੰਕਜ਼ ਕਾਲੀਆ ,ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮਅਮਨਦੀਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਧਾਰਾ 409, 420, 467, 468, 471, 120 5ਬੀ, 66 ਸੀ ਆਈ ਟੀਮ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ ।
ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦੀ ਪਹਿਲੀ ਤਰਜੀਹ ਉਹ ਕੰਪਿਊਟਰ ਬਰਾਮਦ ਕਰਵਾਉਣਾ ਹੈ ਜਿਸ ਤੋਂ ਬੋਲੀ ਦਿੱਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਵੱਲੋਂ ਬੋਲੀ ਦੇਣ ਲਈ ਵਰਤੇ ਕੰਪਿਊਟਰ ਦਾ ਆਈਪੀ ਐਡਰੈਸ ਇੱਕੋ ਹੀ ਹੈ। ਵਿਜੀਲੈਂਸ ਮੁਲਜ਼ਮਾਂ ਤੋਂ ਇਹ ਵੀ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਇਸ ਪਲਾਟ ਖਰੀਦਣ ਮਾਮਲੇ ਵਿੱਚ ਅਸਲ ਸੂਤਰਧਾਰ ਕੌਣ ਹੈ। ਵਿਜੀਲੈਂਸ ਨੇ ਐਫ ਆਈ ਆਰ ਵਿੱਚ ਖੁਲਾਸਾ ਕੀਤਾ ਹੈ ਕਿ ਪਲਾਟ ਖਰੀਦਣ ਲਈ ਸਾਜਿਸ਼ ਰਚੀ ਗਈ ਹੈ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪਲਾਟ ਖਰੀਦਣ ਦੇ ਮਾਮਲੇ ਵਿੱਚ ਵੱਡੀ ਪੱਧਰ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਵਿਜੀਲੈਂਸ ਮੁਲਜਮਾਂ ਨੂੰ ਆਹਮਣੋ ਸਾਹਮਣੇ ਬਿਠਾ ਕੇ ਵੀ ਪੁੱਛ ਗਿੱਛ ਕਰ ਸਕਦੀ ਹੈ ਜਿਸ ਦੌਰਾਨ ਵੱਡੇ ਭੇਦ ਖੁੱਲਣ ਦੇ ਅਨੁਮਾਨ ਲਾਏ ਜਾ ਰਹੇ ਹਨ।
ਮਨਪ੍ਰੀਤ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਰਿਮਾਂਡ ਤੇ ਭੇਜੇ ਮੁਲਜਮਾਂ ਨੇ ਪੁੱਛਗਿਛ ਦੌਰਾਨ ਕਈ ਤਰ੍ਹਾਂ ਦੇ ਗੁੱਝੇ ਭੇਦ ਖੋਲ੍ਹੇ ਹਨ ਜਿਨ੍ਹਾਂ ਤੋਂ ਬਾਅਦ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਲੰਘੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਗਾਇਬ ਮਨਪ੍ਰੀਤ ਬਾਦਲ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਦੀ ਧਰਮਪਤਨੀ ਵੀਨੂੰ ਬਾਦਲ ਅਮਰੀਕਾ ਦੇ ਨਾਗਰਿਕ ਹਨ।ਵਿਜੀਲੈਂਸ ਨੂੰ ਸ਼ੱਕ ਹੈ ਕਿ ਮਨਪ੍ਰੀਤ ਬਾਦਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ । ਵਿਜੀਲੈਂਸ ਟੀਮਾਂ ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਕਾਂਗਰਸ ਦੇ ਰਾਜ ਭਾਗ ਦੌਰਾਨ ਅਹਿਮ ਅਹੁਦਿਆਂ ਤੇ ਤਾਇਨਾਤ ਰਹਿਣ ਵਾਲੇ ਪੀਸੀਐਸ ਅਫ਼ਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਫ਼ਰਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਵਿਜੀਲੈਂਸ ਨੇ ਸ਼ੇਰਗਿੱਲ ਤੇ ਪ੍ਰਦੀਪ ਕਾਲੀਆ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਵਿੱਢ ਦਿੱਤੀ ਹੈ।
ਵਿਜੀਲੈਂਸ ਨੂੰ ਵੱਡੀ ਸੰਪਤੀ ਹੋਣ ਦਾ ਸ਼ੱਕ
ਵਿਜੀਲੈਂਸ ਨੂੰ ਸ਼ੱਕ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਵਿੱਤ ਮੰਤਰੀ ਦੇ ਤੌਰ ਤੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਕੇ ਨਾ ਸਿਰਫ਼ ਪੰਜਾਬ ਸਗੋਂ ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਆਦਿ ਵਿੱਚ ਵੀ ਵੱਡੀ ਪੱਧਰ ਤੇ ਸੰਪਤੀ ਬਣਾਈ ਹੈ। ਇਸੇ ਸ਼ੱਕ ਦੇ ਅਧਾਰ ਤੇ ਵਿਜੀਲੈਂਸ ਇਨ੍ਹਾਂ ਸੂਬਿਆਂ ਦਾ ਮਾਲ ਰਿਕਾਰਡ ਹਾਸਲ ਕਰਕੇ ਜਾਂਚ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਹੈ ਕਿ ਆਪਣੀ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਮਾਮਲੇ ਨੂ ਬੇਪਰਦ ਕਰਨ ਦੀ ਦੀ ਜ਼ਿੰਮੇਵਾਰੀ ਏਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਵਿਜੀਲੈਂਸ ਨੇ ਖਜ਼ਾਨਾ ਮੰਤਰੀ ਵਜੋਂ ਮਨਪ੍ਰੀਤ ਬਾਦਲ ਵੱਲੋਂ ਜਾਰੀ ਕੀਤੀਆਂ ਸਰਕਾਰੀ ਗਰਾਂਟਾਂ ਦਾ ਰਿਕਾਰਡ ਵੀ ਤਲਬ ਕੀਤਾ ਹੈ ਜਿਸ ਦੀ ਵਿਜੀਲੈਂਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ਹੇਠਲੀਆਂ ਟੀਮਾਂ ਪੜਤਾਲ ਕਰਨਗੀਆਂ। ਚੋਣਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਬਠਿੰਡਾ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਗੱਫੇ ਵੰਡੇ ਸਨ।
ਜੋਜੋ ਵੀ ਵਿਜੀਲੈਂਸ ਦੇ ਨਿਸ਼ਾਨੇ ਤੇ
ਸੂਤਰਾਂ ਨੇ ਦੱਸਿਆ ਹੈ ਕਿ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦਾ ਸਕਾ ਭਰਾ ਜੈਜੀਤ ਸਿੰਘ ਜੌਹਲ ਉਰਫ ਜੋਜੋ ਵੀ ਵਿਜੀਲੈਂਸ ਦੇ ਨਿਸ਼ਾਨੇ ਤੇ ਹੈ। ਬਠਿੰਡਾ ਸ਼ਹਿਰੀ ਹਲਕੇ ਵਿੱਚ ਚੋਣ ਜਿੱਤਣ ਤੋਂ ਬਾਅਦ ਜੋ-ਜੋ ਵੱਲੋਂ ਹੀ ਮਨਪ੍ਰੀਤ ਬਾਦਲ ਦਾ ਸ਼ਹਿਰ ਵਿਚਲਾ ਹਰ ਤਰ੍ਹਾਂ ਦਾ ਕੰਮਕਾਜ ਦੇਖਿਆ ਜਾਂਦਾ ਰਿਹਾ ਹੈ। ਕਈ ਤਰ੍ਹਾਂ ਦੇ ਵਿਵਾਦ ਜੁੜਨ ਦੇ ਬਾਵਜੂਦ ਜਦੋਂ ਤੱਕ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਰਹੀ ਉਦੋਂ ਤੱਕ ਬਠਿੰਡਾ ਸ਼ਹਿਰੀ ਹਲਕੇ ਵਿੱਚ ਜੋਜੋ ਦੀ ਤੂਤੀ ਬੋਲਦੀ ਰਹੀ ਹੈ। ਮਨਪ੍ਰੀਤ ਬਾਦਲ ਵੱਲੋਂ ਲੜੀ ਜਾਂਦੀ ਹਰੇਕ ਚੋਣ ਦੌਰਾਨ ਪ੍ਰਚਾਰ ਦੀ ਸਮੁੱਚੀ ਕਮਾਂਡ ਵੀ ਜੋਜੋ ਦੇ ਹੱਥ ਹੁੰਦੀ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਜੋਜੋ ਤੋਂ ਵੀ ਪੁੱਛ ਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਸੂਹੀਏ ਮਨਪ੍ਰੀਤ ਬਾਦਲ ਦੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚਲੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਸਰਗਰਮੀਆਂ ਤੇ ਵੀ ਨਜ਼ਰ ਰੱਖ ਰਹੇ ਹਨ।