ਯੂਨੀਵਰਸਿਟੀ ਆਫ਼ ਬਰਮਿੰਘਮ ਤੋਂ ਈ. ਐੱਮ. ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੂੰ ਮਿਲਿਆ ‘ਟਰਾਂਸਲੇਸ਼ਨ ਫ਼ੰਡ ਐਵਾਰਡ’
-ਮਨੋਰੋਗਾਂ ਦੇ ਪਿਛੋਕੜ ਅਤੇ ਜੜਾਂ ਨਾਲ਼ ਸੰਬੰਧਤ ਗਿਆਨ ਦਾ ਪੰਜਾਬੀ ਵਿੱਚ ਕੀਤਾ ਜਾਣਾ ਹੈ ਤਰਜਮਾ
-ਯੂਨੀਵਰਸਿਟੀ ਆਫ਼ ਵੁਲਵਰਹੈਂਪਟਨ ਦੀ ਪ੍ਰੋਫ਼ੈਸਰ ਨਾਲ਼ ਸਾਂਝੇ ਰੂਪ ਵਿੱਚ ਪ੍ਰਾਪਤ ਹੋਇਆ ਪ੍ਰਾਜੈਕਟ
ਪਟਿਆਲਾ, 26 ਸਤੰਬਰ 2023- ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੂੰ ਯੂ.ਕੇ. ਦੀ ਯੂਨੀਵਰਸਿਟੀ ਆਫ਼ ਬਰਮਿੰਘਮ ਤੋਂ ‘ਟਰਾਂਸਲੇਸ਼ਨ ਫ਼ੰਡ ਐਵਾਰਡ’ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਇਹ ਪ੍ਰਾਜੈਕਟ ਯੂ.ਕੇ. ਵਿਚਲੀ ਯੂਨੀਵਰਸਿਟੀ ਆਫ਼ ਵੁਲਵਰਹੈਂਪਟਨ ਤੋਂ ਦਰਸ਼ਨ ਅਤੇ ਸੱਭਿਆਚਾਰਕ ਰਾਜਨੀਤੀ ਦੇ ਵਿਸ਼ੇ ਦੀ ਪ੍ਰੋਫ਼ੈਸਰ ਡਾ. ਮੀਨਾ ਢਾਂਡਾ ਨਾਲ਼ ਸਾਂਝੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਇਸ ਪ੍ਰਾਜੈਕਟ ਰਾਹੀਂ ਇਨ੍ਹਾਂ ਦੋਹਾਂ ਮਾਹਿਰਾਂ ਵੱਲੋਂ ਮਨੋਵਿਗਿਆਨ ਨਾਲ਼ ਸੰਬੰਧਤ ਮਜ਼ਮੂਨਾਂ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ਼ ਬਰਮਿੰਘਮ ਵੱਲੋਂ ਮਨੋਰੋਗਾਂ ਦੇ ਪਿਛੋਕੜ ਅਤੇ ਜੜਾਂ ਨੂੰ ਫਰੋਲਣ ਵਾਲੀ ਮਨੋਵਿਗਿਆਨ ਦੀ ਸ਼ਾਖਾ ‘ਫੇਨੋਮੇਨੋਲੋਜੀਕਲ ਸਾਈਕੋਪੈਥੋਲੋਜੀ’ ਤਹਿਤ ਆਉਂਦੇ ਵੱਖ-ਵੱਖ ਕਿਸਮ ਦੇ ਗਿਆਨ ਨੂੰ ਪੰਜਾਬੀ ਸਮੇਤ ਦੁਨੀਆਂ ਦੀਆਂ ਕੁੱਝ ਹੋਰ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦਣ ਲਈ ਇਹ ਵੱਡ-ਅਕਾਰੀ ਪ੍ਰਾਜੈਕਟ ਵਿਉਂਤਿਆ ਗਿਆ ਹੈ।
ਯੂਨੀਵਰਸਿਟੀ ਆਫ਼ ਬਰਮਿੰਘਮ ਦੀ ਵੈੱਬਸਾਈਟ ਉੱਪਰ ਇਸ ਪ੍ਰਾਜੈਕਟ ਬਾਰੇ ਦੱਸਿਆ ਗਿਆ ਹੈ ਕਿ ਇਹ ਫੇਨੋਮੇਨੋਲੋਜੀਕਲ ਸਾਈਕੋਪੈਥੋਲੋਜੀ ਨੂੰ ਨਵਿਆਉਣ ਨਾਲ਼ ਜੁੜਿਆ ਨਵਾਂ ਪ੍ਰੋਜੈਕਟ ਹੈ ਜਿਸਦਾ ਉਦੇਸ਼ ਇਸ ਖੇਤਰ ਲਈ ਅੰਤਰ-ਅਨੁਸ਼ਾਸਨੀ ਪਹੁੰਚਾਂ ਨੂੰ ਲਾਗੂ ਕਰਨਾ ਅਤੇ ਇਸ ਦੇ ਖੇਤਰ ਨੂੰ ਵੱਡੇ ਅਤੇ ਵਿਆਪਕ ਰੂਪ ਵਿੱਚ ਵੱਖਰਤਾਵਾਂ ਨਾਲ਼ ਭਰਪੂਰ ਬਣਾਉਣਾ ਹੈ। ਇਹ ਪ੍ਰਾਜੈਕਟ ‘ਵੈਲਕਮ ਟਰੱਸਟ’ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨਾਲ਼ ਨੇਪਰੇ ਚੜ੍ਹਨਾ ਹੈ। ਇਹ ਇੱਕ ਕੌਮਾਂਤਰੀ ਐਕਸਚੇਂਜ ਅਵਾਰਡ ਹੈ ਜੋ ਅਪ੍ਰੈਲ 2022 ਤੋਂ ਅਪ੍ਰੈਲ 2024 ਤੱਕ ਚੱਲੇਗਾ।
ਦਲਜੀਤ ਅਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੱਡੇ ਪ੍ਰਾਜੈਕਟ ਦੇ ਪਹਿਲੇ ਪੜਾਅ ਉੱਤੇ ਉਹ ਪ੍ਰੋ. ਲਿਊਸ ਗੌਰਡਨ ਵੱਲੋਂ ਲਿਖੇ ਪਰਚੇ ਦਾ ਪੰਜਾਬੀ ਵਿੱਚ ਤਰਜਮਾ ਕਰਨਗੇ। ਇਹ ਪਰਚਾ ਕੌਮਾਂਤਰੀ ਪੱਧਰ ਦੇ ਨਾਮੀ ਮਨੋਵਿਗਿਆਨੀ ਫ਼ਰੈਂਟਜ਼ ਫ਼ਾਨੋ ਦੇ ਕੁੱਝ ਸੰਕਲਪਾਂ ਨਾਲ਼ ਸੰਬੰਧਤ ਹੈ। ਉਨ੍ਹਾਂ ਦੱਸਿਆ ਕਿ ਵੱਕਾਰ ਪੱਖੋਂ ਇਹ ਕਾਫ਼ੀ ਅਹਿਮ ਪ੍ਰਾਜੈਕਟ ਹੈ। ਉਨ੍ਹਾਂ ਦੱਸਿਆ ਕਿ ਇਸ ਪਰਚੇ ਦੇ ਅਨੁਵਾਦ ਲਈ ਉਨ੍ਹਾਂ ਨੂੰ 1125 ਪੌਂਡ ਪ੍ਰਾਪਤ ਹੋਣੇ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਪ੍ਰਾਪਤੀ ਲਈ ਉਹ ਲੰਬੀ ਚੋਣ ਪ੍ਰਕਿਰਿਆ ਵਿੱਚੋਂ ਲੰਘੇ ਹਨ। ਇਸ ਪ੍ਰਾਜੈਕਟ ਦੀ ਪ੍ਰਾਪਤੀ ਉਪਰੰਤ ਹਾਲ ਹੀ ਵਿੱਚ ਹੋਈ ਇੱਕ ਆਨਲਾਈਨ ਇਕੱਤਰਤਾ, ਜਿਸ ਵਿੱਚ ਕਿ ਦੁਨੀਆਂ ਦੇ ਵੱਖ-ਵੱਖ ਦੇਸਾਂ ਤੋਂ ਮਾਹਿਰਾਂ ਨੇ ਭਾਗ ਲਿਆ ਸੀ, ਦੌਰਾਨ ਬੋਲਦਿਆਂ ਉਨ੍ਹਾਂ ਪੰਜਾਬੀ ਭਾਸ਼ਾ ਵਿੱਚ ਇਸ ਪ੍ਰੋਜੈਕਟ ਦੀ ਅਹਿਮੀਅਤ ਸੰਬੰਧੀ ਆਪਣੇ ਵਿਚਾਰ ਰੱਖੇ ਸਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮੀਟਿੰਗ ਵਿੱਚ ਮਾਹਿਰਾਂ ਅਤੇ ਜਿਊਰੀ ਮੈਂਬਰਾਂ ਸਾਹਮਣੇ ਇਸ ਗੱਲ ਲਈ ਦਲੀਲ ਪੇਸ਼ ਕੀਤੀ ਕਿ ਪੰਜਾਬ ਦੇ ਪ੍ਰਸੰਗ ਵਿੱਚ ਇਹ ਪ੍ਰਾਜੈਕਟ ਕਿਉਂ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮਕਸਦ ਲਈ ਮੁੱਖ ਰੂਪ ਵਿੱਚ ਤਿੰਨ ਤਰਕ ਉਸਾਰੇ ਸਨ। ਪਹਿਲਾ ਇਹ ਕਿ ਪੰਜਾਬ ਨੇ ਆਪਣੇ ਪਿੰਡੇ ਉੱਤੇ ਇਤਹਾਸਿਕ ਸਦਮਾ ਝੱਲਿਆ ਹੋਇਆ ਹੈ ਜਿਸ ਦੇ ਜਖ਼ਮ ਹਾਲੇ ਤੱਕ ਰਿਸ ਰਹੇ ਹਨ। ਦੂਜਾ ਇਹ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਹੈ। ਤੀਜਾ ਕਾਰਨ ਅੱਜ ਦੇ ਦੌਰ ਵਿੱਚ ਹਜੂਮੀ ਹਿੰਸਾ ਜਾਂ ਇਸ ਨੂੰ ਸਹੀ ਠਹਿਰਾਏ ਜਾਣ ਜਾਂ ਉਤਸਾਹਿਤ ਕੀਤੇ ਜਾਣ ਦਾ ਰੁਝਾਨ ਹੈ। ਇਸ ਲਿਹਾਜ਼ ਨਾਲ਼ ਮਾਨਸਿਕਤਾ ਦੀਆਂ ਬਰੀਕ ਤੰਦਾਂ ਨੂੰ ਫੜਨ ਅਤੇ ਸਮਝਣ ਲਈ ਮਨੋਵਿਗਿਆਨ ਅਤੇ ਅਜਿਹੇ ਖੇਤਰਾਂ ਵਿੱਚ ਕੌਮਾਂਤਰੀ ਪੱਧਰ ਦੇ ਗਿਆਨ ਦਾ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋਣਾ ਲਾਜ਼ਮੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਾਜੈਕਟ ਲਈ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰਾਜੈਕਟ ਇਸ ਗੱਲ ਦਾ ਸਬੱਬ ਬਣਦੇ ਹਨ ਕਿ ਇਨ੍ਹਾਂ ਬਹਾਨੇ ਵੱਖ-ਵੱਖ ਖੇਤਰਾਂ ਅਤੇ ਵਿਸਿ਼ਆਂ ਦਾ ਗਿਆਨ ਸਾਡੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋ ਸਕਦਾ ਹੈ। ਅਜਿਹਾ ਹੋਣਾ ਜਿੱਥੇ ਭਾਸ਼ਾ ਨੂੰ ਅਮੀਰੀ ਪ੍ਰਦਾਨ ਕਰਦਾ ਹੈ ਉੱਥੇ ਹੀ ਅਜਿਹੇ ਜਿਗਿਆਸੂ ਜੋ ਸਿਰਫ਼ ਪੰਜਾਬੀ ਜਾਣਦੇ ਹਨ, ਉਨ੍ਹਾਂ ਦੀ ਗਿਆਨ ਤੱਕ ਸੌਖਾਲ਼ੀ ਪਹੁੰਚ ਪੈਦਾ ਕਰਦਾ ਹੈ ਜੋ ਅੱਗੇ ਹੋਰ ਨਵੇਂ ਗਿਆਨ ਦੇ ਪੈਦਾ ਹੋਣ ਦਾ ਵੀ ਸਬੱਬ ਬਣਦੀ ਹੈ।