ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੀ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਨੇ ਇਤਿਹਾਸ ਸਿਰਜਿਆ
ਵਿਸ਼ਵ ਪੱਧਰ ਦੀ ਯੂਨੀਵਰਸਿਟੀ ਕਾਇਮ ਕਰਨਾ ਸਾਡਾ ਦ੍ਰਿਸ਼ਟੀਕੋਣ – ਗਿਆਨ ਸਿੰਘ ਸੰਧੂ
ਹਰਦਮ ਮਾਨ
ਸਰੀ, 27 ਸਤੰਬਰ 2023-ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਸਿਟੀ ਹਾਲ ਸਰੀ ਵਿਖੇ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਕਰਵਾਈ ਗਈ। ਔਫ-ਲਾਈਨ ਅਤੇ ਔਨ-ਲਾਈਨ ਹੋਈ ਇਸ ਦੋ ਦਿਨਾਂ ਕਾਨਫਰੰਸ ਵਿੱਚ ਅਕਾਦਮਿਕ ਸੈਸ਼ਨਾਂ ਦੇ ਨਾਲ-ਨਾਲ ਗੁਰਬਾਣੀ ਵਿੱਚ ਵਿਸ਼ਵੀਕਰਨ ਦੀਆਂ ਚੁਣੌਤੀਆਂ ਅਤੇ ਮਹਾਨ ਮੁੱਦਿਆਂ 'ਤੇ ਧਿਆਨ ਕੇਂਦਰਤ ਕਰਨ ਵਾਲੇ ਸਮਕਾਲੀ ਪੈਨਲ ਵਿਚਾਰ-ਵਟਾਂਦਰੇ ਸ਼ਾਮਲ ਸਨ। ਕਾਨਫਰੰਸ ਵਿਚ 300 ਤੋਂ ਵੱਧ ਵਿਦਿਆਰਥੀਆਂ, ਖੋਜਕਾਰਾਂ, ਵਿਦਵਾਨਾਂ, ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਅੰਤਰਰਾਸ਼ਟਰੀ ਵਿਦਵਾਨਾਂ ਵੱਲੋਂ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੌਰਾਨ 13 ਵਿਸ਼ਿਆਂ ਉੱਪਰ ਉੱਚ-ਮਿਆਰੀ ਅਕਾਦਮਿਕ ਖੋਜ ਪੱਤਰ ਪੇਸ਼ ਕੀਤੇ ਗਏ ਅਤੇ ਹਰੇਕ ਸੈਸ਼ਨ ਤੋਂ ਬਾਅਦ ਇਨ੍ਹਾਂ ਮੁੱਦਿਆਂ 'ਤੇ ਜੀਵੰਤ ਚਰਚਾ ਕੀਤੀ ਗਈ।
ਕਾਨਫਰੰਸ ਦੀ ਸ਼ੁਰੂਆਤ ਅਰਦਾਸ ਅਤੇ ਆਦਿਵਾਸੀ ਲੋਕਾਂ ਨੂੰ ਸ਼ਰਧਾਂਜਲੀ ਨਾਲ ਕੀਤੀ ਗਈ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ (ਜੀ ਐਨ ਆਈ ) ਦੀ ਡਾਇਰੈਕਟਰ ਅਤੇ ਕਾਨਫਰੰਸ ਦੀ ਚੇਅਰ ਡਾ: ਕਮਲਜੀਤ ਕੌਰ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ। ਉਪਰੰਤ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਡਾ: ਬਲਜੀਤ ਸਿੰਘ ਨੇ ਆਪਣੇ ਮੁੱਖ ਭਾਸ਼ਣ ਰਾਹੀਂ ਨਵੀਂ ਸੰਸਥਾ ਦੇ ਵਧਣ ਫੁੱਲਣ ਬਾਰੇ ਵਿਚਾਰ ਪੇਸ਼ ਕੀਤੇ। ਲਹਿੰਦੇ ਪੰਜਾਬ ਤੋਂ ਆਈ ਨਾਮਵਰ ਵਿਦਵਾਨ ਅਤੇ ਯੂਨੀਵਰਸਿਟੀ ਆਫ ਝੰਗ ਦੀ ਵਾਈਸ ਚਾਂਸਲਰ ਡਾ: ਨਬੀਲਾ ਰਹਿਮਾਨ ਨੇ ‘ਬਹੁ-ਭਾਸ਼ਾਈ, ਸੱਭਿਆਚਾਰਕ ਵੱਖਰੇਵਾਂ ਅਤੇ ਸ੍ਰੀ ਗੁਰੂ ਗਰੰਥ ਸਾਹਿਬ’ ਵਿਸ਼ੇ ਉੱਪਰ ਆਪਣਾ ਖੋਜ ਪੱਤਰ ਪੜ੍ਹਿਆ। ਡਾ: ਹਰਜਿੰਦਰ ਸਿੰਘ ਸੰਧੂ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸੀ (ਏ.ਆਈ.) ਦੇ ਪ੍ਰਭਾਵ, ਅਕਾਦਮੀਆਂ, ਖੋਜ ਅਤੇ ਸਿੱਖੀ’ ਨੂੰ ਆਪਣੇ ਖੋਜ ਪੱਤਰ ਦਾ ਆਧਾਰ ਬਣਾਇਆ। ਡਾ. ਸਤਵੀਰ ਸਿੰਘ ਨੇ ‘ਗੁਰਦੁਆਰਿਆਂ ਵਿਚ ਗਰੰਥੀਆਂ ਨੂੰ ਦਰਪੇਸ਼ ਚੁਣੌਤੀਆਂ ਤੇ ਮੌਕੇ’ ਅਤੇ ਡਾ. ਗੁਰਮੇਲ ਸਿੰਘ ਨੇ ‘ਗੁਰਬਾਣੀ ਅਰਥ ਮਿਲਾਨ, ਪ੍ਰਭਾਵ ਅਤੇ ਮੌਕਿਆਂ’ ਬਾਰੇ ਖੋਜ ਪੱਤਰ ਪੇਸ਼ ਕੀਤੇ।
ਤਿੰਨ ਵੱਖ ਵੱਖ ਪੈਨਲਾਂ ਰਾਹੀਂ ‘ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ’, ‘ਸਿੱਖ ਅਤੇ ਮੂਲਵਾਸੀ ਬਜ਼ੁਰਗਾਂ ਦੇ ਲੋਕਾਚਾਰ ਨੂੰ ਜ਼ਿੰਦਾ ਰੱਖਣ’ ਅਤੇ ‘ਮਾਨਸਿਕ ਸਿਹਤ ਅਤੇ ਸਿੱਖੀ’ ਬਾਰੇ ਮਾਹਿਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਡਾ. ਸਤਪਾਲ ਸਿੰਘ ਨੇ ਪਹਿਲੇ ਦਿਨ ਦੀ ਕਾਨਫਰੰਸ ਵਿਚ ਪੇਸ਼ ਕੀਤੇ ਗਏ ਖੋਜ ਪੱਤਰਾਂ ਬਾਰੇ ਸੰਖੇਪ ਵਿਚ ਆਪਣੇ ਵਿਚਾਰ ਪੇਸ਼ ਕੀਤੇ।
ਦੂਜੇ ਦਿਨ ਦੀ ਸ਼ੁਰੂਆਤ ਬੀਸੀ ਦੇ ਸਾਬਕਾ ਡਿਪਟੀ ਸਿੱਖਿਆ ਮੰਤਰੀ ਡਾ: ਡੇਵਿਡ ਬੈਂਗ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਅਕਾਦਮਿਕ ਖੇਤਰ ਵਿੱਚ ਜੀਐਨਆਈ ਦੀ ਮਹੱਤਵਪੂਰਨ ਪ੍ਰਾਪਤੀ ਦੀ ਸ਼ਲਾਘਾ ਕੀਤੀ। ਡਾ. ਸ਼ਰਨਜੀਤ ਕੌਰ ਸੰਧਰਾ ਨੇ ‘ਸਿੱਖ ਡਾਇਸਪੋਰਾ ਅਤੇ ਵਿਰੋਧੀ ਨੈੱਟਵਰਕ’ ਬਾਰੇ ਖੋਜ ਪੱਤਰ ਪੜ੍ਹਿਆ। ਡਾ: ਤਰੁਨਜੀਤ ਸਿੰਘ ਬੋਟਾਲੀਆ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਏਕੀਕਰਨ ਬਾਰੇ ਆਪਣਾ ਸ਼ਾਨਦਾਰ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਆਪਣੇ ਤਜਰਬੇ ਰਾਹੀਂ ਦੱਸਿਆ ਕਿ ਕਿਵੇਂ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੀਤੀ ਜਾ ਸਕਦੀ ਹੈ। ਡਾ. ਪਰਮਜੀਤ ਕੌਰ ਨੇ ਆਪਣੇ ਖੋਜ ਪੱਤਰ ਰਾਹੀਂ ਸਿੱਖੀ ਅਤੇ ਇਸ ਦੇ ਤੱਤ ਨੂੰ ਪਰਿਭਾਸ਼ਤ ਕਰਦਿਆਂ ਆਧੁਨਿਕ ਸੰਸਾਰ ਵਿੱਚ ਸਿੱਖੀ ਦੀ ਪ੍ਰਸੰਗਿਕਤਾ, ਅਨੁਕੂਲਤਾ ਅਤੇ ਨਵੀਨਤਾ ਨੂੰ ਉਜਾਗਰ ਕੀਤਾ। ਲਾਹੌਰ ਤੋਂ ਆਏ ਡਾ. ਅਖਤਰ ਹੁਸੈਨ ਸੰਧੂ ਨੇ ਕਰਤਾਰਪੁਰ ਲਾਂਘੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਅਤੇ ਏਕਤਾ ਦਾ ਪ੍ਰਤੀਕ ਹੋਣ ਬਾਰੇ ਗੱਲ ਕੀਤੀ ਅਤੇ ਇਸ ਲਾਂਘੇ ਦੇ ਹੋਂਦ ਵਿਚ ਆਉਣ ਬਾਰੇ ਜਾਣਕਾਰੀ ਦਿੱਤੀ।
ਡਾ. ਮਹਿੰਦਰ ਕੌਰ ਗਰੇਵਾਲ ਨੇ ਸਿੱਖ ਔਰਤਾਂ ਬਾਰੇ ਗੁਰਬਾਣੀ, ਇਤਿਹਾਸਕ ਦ੍ਰਿਸ਼ਟੀਕੋਣ ਅਤੇ ਮੌਜੂਦਾ ਪਰਿਪੇਖ ਤੋਂ ਗੱਲ ਕਰਦਿਆਂ ਗੁਰੂ ਮਹਿਲ ਅਤੇ ਸਿੱਖ ਬਹਾਦਰ ਔਰਤਾਂ ਦੇ ਯੋਗਦਾਨ ਅਤੇ ਆਧੁਨਿਕ ਸੰਸਾਰ ਵਿੱਚ ਅਮਲੀ ਤੌਰ 'ਤੇ ਔਰਤਾਂ ਦੇ ਸਮਾਜਿਕ ਅਧਿਕਾਰਾਂ ਪ੍ਰਾਪਤੀ ਦਾ ਵਰਣਨ ਕੀਤਾ । ਡਾ: ਤੇਜਿੰਦਰ ਪਾਲ ਸਿੰਘ ਨੇ ਗੁਰਬਾਣੀ ਵਿੱਚ ਵਿਸ਼ੇਸ਼ ਪਿਆਰ ਦਾ ਸਿਧਾਂਤਕ ਅਤੇ ਵਿਹਾਰਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਦੁਨਿਆਵੀ ਪਿਆਰ ਨੂੰ ਅਧਿਆਤਮਿਕ ਪਿਆਰ ਵਿੱਚ ਬਦਲਣ ਲਈ ਪੰਜ ਨੁਕਤੇ ਸਾਂਝੇ ਕੀਤੇ। ਮੋਹਨਾਮ ਕੌਰ ਸ਼ੇਰਗਿੱਲ ਨੇ ਅਜੋਕੇ ਸੰਸਾਰ ਵਿਚ ਸਿੱਖ ਨੌਜਵਾਨਾਂ ਦੀਆਂ ਚੁਣੌਤੀਆਂ ਅਤੇ ਪ੍ਰੇਰਣਾ ਦੀ ਪਛਾਣ ਕੀਤੀ ਅਤੇ ਨੌਜਵਾਨਾਂ ਨੂੰ ਸਿੱਖ ਜੜ੍ਹਾਂ ਨਾਲ ਜੋੜਨ ਲਈ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਅਤੇ ਖਾਸ ਤੌਰ 'ਤੇ ਇਸ ਸਬੰਧ ਵਿੱਚ ਨੌਜਵਾਨ ਔਰਤਾਂ ਨੂੰ ਦਰਪੇਸ਼ ਔਕੜਾਂ ਨੂੰ ਉਜਾਗਰ ਕੀਤਾ। ਅੰਤ ਵਿੱਚ ਡਾ: ਮਨਪ੍ਰੀਤ ਕੌਰ ਸਹੋਤਾ ਨੇ ਘੱਟ ਗਿਣਤੀ ਬਿਰਤਾਂਤ ਮਾਡਲ ਅਧੀਨ ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ਵਿਚ ਸਿੱਖਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ। ਦੂਜੇ ਦਿਨ ਦੇ ਤਿੰਨ ਪੈਨਲਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਦਵਾਈਆਂ ਦੀ ਵਰਤੋਂ ਅਤੇ ਸਪਲਾਈ, ਨੌਜਵਾਨ ਖੋਜਕਾਰਾਂ ਅਤੇ ਸਕਾਲਰਾਂ ਦੇ ਸ਼ਕਤੀਕਰਨ ਅਤੇ ਨੈਟਵਰਕਿੰਗ ਬਾਰੇ ਵੱਖ ਵੱਖ ਮਾਹਿਰਾਂ ਵੱਲੋਂ ਸੰਵਾਦ ਰਚਾਏ ਗਏ।
ਅੰਤ ਵਿਚ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਗਿਆਨ ਸਿੰਘ ਸੰਧੂ ਨੇ ਇਸ ਇੰਸਟੀਚਿਊਟ ਦੇ ਹੋਂਦ ਵਿਚ ਆਉਣ, ਇਸ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਕੈਨੇਡਾ ਵਿਚ ਸਥਾਪਿਤ ਇਕ ਗ਼ੈਰ-ਮੁਨਾਫਾ ਪੋਸਟ ਸੈਕੰਡਰੀ ਵਿਦਿਅਕ ਅਤੇ ਖੋਜ ਸੰਸਥਾ ਹੈ ਜਿਸ ਨੂੰ ਬੀ.ਸੀ. ਦੇ ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰਾਲੇ ਦੀ ਪ੍ਰਾਈਵੇਟ ਟ੍ਰੇਨਿੰਗ ਇੰਸਟੀਚਿਊਟ ਬਰਾਂਚ ਵੱਲੋਂ ਮਾਨਤਾ ਹਾਸਲ ਹੈ। ਇਸ ਵਿਚ 115 ਅਕਾਦਮਿਕ ਅਤੇ ਮਾਹਿਰ ਪੇਸ਼ੇਵਰਾਂ ਦੀ ਇਕ ਸਮੱਰਪਿਤ ਅੰਤਰਰਾਸ਼ਟਰੀ ਟੀਮ ਕਾਰਜਸ਼ੀਲ ਹੈ। ਇਸ ਵਿਚ ਬਹੁਤ ਹੀ ਮਾਮੂਲੀ ਜਿਹੀ ਫੀਸ ਨਾਲ ਵਿਦਿਆਰਥੀ ਬਹੁਤ ਉੱਚਕੋਟੀ ਦੇ ਪ੍ਰੋਫੈਸਰਾਂ ਪਾਸੋਂ ਵਿਦਿਆ ਹਾਸਲ ਕਰ ਸਕਦੇ ਹਨ ਅਤੇ ਇਸ ਵੇਲੇ 60 ਪ੍ਰਤੀਸ਼ਤ ਵਿਦਿਆਰਥੀ ਸਕਾਲਰਸ਼ਿਪ ਹਾਸਲ ਕਰ ਰਹੇ ਹਨ। ਉਨ੍ਹਾਂ ਸੰਸਥਾ ਵੱਲੋਂ ਚਲਾਏ ਜਾ ਰਹੇ ਡਿਪਲੋਮਾਂ ਅਤੇ ਸਰਟੀਫੀਕੇਟ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ ਵਿਚ ਸ਼ੁਰੂ ਕੀਤੇ ਜਾ ਰਹੇ ਕੋਰਸਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਖੋਜ, ਵਿਦਿਆ ਅਤੇ ਸੇਵਾ ਰਾਹੀਂ ਸੱਭਿਅਚਾਰਕ ਵਖਰੇਵੇਂ ਦੇ ਨਾਲ ਨਾਲ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਇਕ ਅਜਿਹੀ ਯੂਨੀਵਰਸਿਟੀ ਬਣਾਉਣਾ ਹੈ ਜੋ ਵਿਸ਼ਵ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਮੁਕਾਬਲਤਨ ਹੋਵੇ।
ਇਹ ਦੋ ਦਿਨਾ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਗਿਆਨ ਸਿੰਘ ਸੰਧੂ, ਡਾ. ਕਮਲਜੀਤ ਕੌਰ ਸਿੱਧੂ, ਅਮਨਪ੍ਰੀਤ ਸਿੰਘ ਹੁੰਦਲ, ਗੁਰਜੀਤ ਕੌਰ ਬੈਂਸ, ਜਸਵਿੰਦਰ ਸਿੰਘ ਪਰਮਾਰ, ਡਾ. ਜਤਿੰਦਰ ਸਿੰਘ ਬੱਲ ਅਤੇ ਸੰਸਥਾ ਦੀ ਸਮੁੱਚੀ ਟੀਮ ਦੀ ਮਿਹਨਤ, ਸਮੱਰਪਿਤ ਭਾਵਨਾ, ਦੂਰ-ਅੰਦੇਸ਼ੀ ਅਤੇ ਯਤਨਾਂ ਸਦਕਾ ਕੈਨੇਡਾ ਵਿਚ ਨਵਾਂ ਇਤਿਹਾਸ ਸਿਰਜਣ ਵਿਚ ਬੇਹੱਦ ਸਫਲ ਰਹੀ। ਇਸ ਕਾਨਫਰੰਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬੀ.ਸੀ. ਦੇ ਪ੍ਰੀਮੀਅਰ ਡੇਵਿਡ ਇਬੀ, ਸਿਟੀ ਆਫ ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਵਧਾਈ ਸੰਦੇਸ਼ ਭੇਜੇ ਗਏ। ਸਾਬਕਾ ਫੈਡਰਲ ਮੰਤਰੀ ਨਵਦੀਪ ਸਿੰਘ ਬੈਂਸ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ, ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ, ਸਿੱਖਿਆ ਤੇ ਬਾਲ ਸੰਭਾਲ ਮੰਤਰੀ ਡਾ. ਰਚਨਾ ਸਿੰਘ ਅਤੇ ਬੀ.ਸੀ. ਯੂਨਾਈਟਿਡ ਦੇ ਪ੍ਰਧਾਨ ਕੇਵਿਨ ਫਾਲਕਨ ਨੇ ਕਾਨਫਰੰਸ ਵਿਚ ਸ਼ਾਮਲ ਹੋ ਕੇ ਪ੍ਰਬੰਧਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com