ਮਾਨਸਾ ਜੇਲ੍ਹ ਦੇ 2 ਸੁਪਰਡੈਂਟ ਸਣੇ 6 ਵਾਰਡਨ ਮੁਅੱਤਲ, ADGP ਵੱਲੋਂ ਹੁਕਮ ਜਾਰੀ
ਸੰਜੀਵ ਜਿੰਦਲ
ਮਾਨਸਾ, 27 ਸਤੰਬਰ 2023 : ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਪੰਜਾਬ ਦੇ ADGP ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਸਣੇ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਮਲਾਜ਼ਮਾਂ ਵਿੱਚ ਸਹਾਇਕ ਸੁਪਰਡੈਂਟ ਜੇਲ੍ਹ ਮਾਨਸਾ ਭਿਵਮ ਤੇਜ ਸਿੰਗਲਾ, ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਸਮੇਤ ਵਾਰਡਨ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਬੈਲਟ ਨੰਬਰ 1405 ਸ਼ਾਮਲ ਹਨ।
ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਜੇਲ੍ਹ ਪੰਜਾਬ ਵੱਲੋਂ ਜਾਰੀ ਹੁਕਮਾਂ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਉਰਫ ਸੁਭਾਸ਼ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿੱਚ ਲਾਏ ਗਏ ਦੋਸ਼ਾਂ ਦੀ ਪੜਤਾਲ ਮਗਰੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਮੀਡੀਆ ਵਿੱਚ ਖ਼ੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ/ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਸੁਭਾਸ਼ ਕੁਮਾਰ ਨੇ ਦੋਸ਼ ਲਗਾਏ ਸਨ ਕਿ ਜੇਲ੍ਹ ਵਿੱਚ ਮੋਬਾਈਲ ਦਾ ਵੀ ਸ਼ਰੇਆਮ ਇਸਤੇਮਾਲ ਹੁੰਦਾ ਹੈ। ਇਨ੍ਹਾਂ ਇਲਜ਼ਾਮਾਂ ਮਗਰੋਂ ਜੇਲ੍ਹ ਵਿਭਾਗ ਵੱਲੋਂ ਪੜਤਾਲ ਮਗਰੋਂ ਵੱਡੀ ਕਾਰਾਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਮੁਅੱਤਲ ਕਰਮਚਾਰੀਆਂ ਦਾ ਮੁਅੱਤਲੀ ਅਧੀਨ ਲੀਅਨ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਹੋਵੇਗਾ ਅਤੇ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।