ਸੇਖਵਾਂ ਨੇ ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ ,27 ਸਤੰਬਰ 2023 : ਕਾਦੀਆਂ ਹਲਕੇ ਦੇ ਪਿੰਡ ਪਸਨਾਵਾਲ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸੇਖਵਾਂ ਵੱਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੇਅਰਮੈਨ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿਖਾਉਣ ਲਈ ਵਚਨ ਬੱਧ ਹੈ ਅਤੇ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਹੋਰ ਵੀ ਸਟੇਡੀਅਮ ਆਉਣ ਵਾਲੇ ਸਮੇਂ ਵਿੱਚ ਬਣਾਏ ਜਾਣਗੇ।
ਉਥੇ ਹੀ ਜਗਰੂਪ ਸੇਖਵਾਂ ਨੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਬਿਆਨਬਾਜ਼ੀ ਕਾਰਨ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਪਿਛਲੇ ਕਈ ਸਾਲਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਹਨ, ਉਨ੍ਹਾਂ ਦਾ ਇਹ ਸੁਪਨਾ ਕਦੀ ਵੀ ਪੂਰਾ ਨਹੀਂ ਹੋਵੇਗਾ।ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾਂ ਨੇ ਕਿਹਾ ਕਿ ਜੋ ਪ੍ਰਤਾਪ ਬਾਜਵਾ ਆਮ ਆਦਮੀ ਪਾਰਟੀ ਦੇ 32 ਐਮਐਲਏ ਉਹਨਾਂ ਦੇ ਨਾਲ ਹੋਣ ਦੀ ਗੱਲ ਕਰ ਰਹੇ ਹਨ ਪਹਿਲਾਂ ਇਹ ਦੱਸਣ ਕਿ ਇਹਨਾਂ ਦਾ ਭਰਾ ਫਤਹਿ ਜੰਗ ਬਾਜਵਾ ਇਹਨਾਂ ਦੇ ਟੱਚ ਵਿੱਚ ਹੈ ਕਿ ਨਹੀਂ। ਜਗਰੂਪ ਸੇਖਵਾਂ ਨੇ ਕਿਹਾ ਕਿ ਪ੍ਰਤਾਪ ਭਾਜਪਾ ਬੇ- ਬੁਨਿਆਦ ਗੱਲਾਂ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਨੌਜਵਾਨਾਂ ਨੂੰ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਰਾਜਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ ਸਬੰਧੀ ਕੀਤੇ ਗਏ ਸਵਾਲ ਤੇ ਚੇਅਰਮੈਨ ਜਗਰੂਪ ਸੇਖਵਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਸ਼ੁਭ ਕਾਮਨਾਵਾ ਦਿੰਦੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਰਾਘਵ ਚੱਢਾ ਦੀ ਰਿਸੈਪਸ਼ਨ ਪਾਰਟੀ ਵਿਚ ਭੰਗੜਾ ਜ਼ਰੂਰ ਪਾਉਣਗੇ।