ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਦਾ ਸੱਦਾ
ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਅਗਾਂਹਵਧੂ ਕਿਸਾਨਾਂ ਦਾ ‘ਵਾਤਾਵਰਨ ਦੇ ਰਾਖੇ’ ਵਜੋਂ ਕੀਤਾ ਜਾਵੇਗਾ ਸਨਮਾਨ
ਰੋਹਿਤ ਗੁਪਤਾ
ਗੁਰਦਾਸਪੁਰ, 27 ਸਤੰਬਰ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਨਾਲ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਦਾ ਸੱਦਾ ਦਿੱਤਾ ਹੈ।
ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿਮਘ ਢਿਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ 50 ਤੋਂ 80 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਜ਼ਿਲ੍ਹੇ ਦੇ ਕਿਸਾਨਾਂ ਦਾ ‘ਵਾਤਾਵਰਨ ਦੇ ਰਾਖੇ’ ਵਜੋਂ ਸਨਮਾਨ ਕੀਤਾ ਜਾਵੇਗਾ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਪਰਾਲੀ ਨੂੰ ਅੱਗ ਲਗਾਉਣ ਹਰ ਪੱਖ ਤੋਂ ਬਹੁਤ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਖੇਤਾਂ ਵਿਚਲੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਘੱਟ ਜਾਂਦੀ ਹੈ ਜਿਸ ਕਾਰਨ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਨੂੰ ਆਰਥਿਕ ਘਾਟਾ ਵੀ ਪੈਂਦਾ ਹੈ। ਇਸ ਤੋਂ ਇਲਾਵਾ ਅੱਗ ਲੱਗਣ ਨਾਲ ਵਾਤਾਵਰਨ ਬਹੁਤ ਬੁਰੀ ਤਰਾਂ ਪ੍ਰਦੂਸ਼ਤ ਹੁੰਦਾ ਹੈ ਜਿਸ ਕਾਰਨ ਮਨੁੱਖਾਂ ਸਮੇਤ ਹਰ ਜੀਵ ਜੰਤੂ ਉੱਪਰ ਇਸਦਾ ਭੈੜਾ ਅਸਰ ਪੈਂਦਾ ਹੈ। ਪਰਾਲੀ ਦੇ ਧੂੰਏ ਨਾਲ ਸੜਕੀ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਬਚਣ ਲਈ ਫਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਖੇਤੀ ਮਸ਼ੀਨਰੀ ਰਾਹੀਂ ਵਿਗਿਆਨਿਕ ਢੰਗ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਨੇੜੇ ਦੇ ਖੇਤੀਬਾੜੀ ਦਫ਼ਤਰ ਸੰਪਰਕ ਕਰ ਸਕਦੇ ਹਨ।