ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਟਰਾਇਲ 6 ਤੇ 7 ਅਕਤੂਬਰ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ, 27 ਸਤੰਬਰ 2023- ਖੇਡਾਂ ਵਤਨ ਪੰਜਾਬ ਦੀਆਂ 2023 ਲਈ ਸਟੇਟ ਟੂਰਨਾਮੈਂਟ ਦੀ ਚੋਣ ਲਈ ਫੈਨਸਿੰਗ, ਰਗਬੀ, ਵੂਸ਼ੂ, ਸਾਈਕਲਿੰਗ, ਘੋੜ ਸਵਾਰੀ, ਆਰਚਰੀ, ਜਿਮਨਾਸਟਿਕ, ਰੋਇੰਗ, ਕੈਕਿੰਗ ਅਤੇ ਕੈਨੰਇੰਗ, ਰੌਲਰ ਸਕੇਟਿੰਗ ਦੇ ਟਰਾਇਲ ਮਿਤੀ 6 ਅਤੇ 7 ਅਕਤੂਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਥਾਨਾਂ ’ਤੇ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਗਬੀ ਦੇ ਟਰਾਇਲ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ, ਫੈਨਸਿੰਗ ਦੇ ਟਰਾਇਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ, ਵੂਸ਼ੂ ਦੇ ਟਰਾਇਲ ਸਿੱਧੂ ਜਿਮ ਮਾਰਸ਼ਲ ਆਰਟ ਸਪੋਰਟਸ ਅਕੈਡਮੀ ਅੱਡਾ ਸ਼ਾਹਬਾਦ ਕਾਦੀਆਂ ਰੋਡ ਬਟਾਲਾ, ਜਿਮਨਾਸਟਿਕ ਦੇ ਟਰਾਇਲ ਨਿਊ ਜਿਮਨੇਜ਼ੀਅਮ ਹਾਲ, ਜ਼ਿਲ੍ਹਾ ਖੇਡ ਦਫ਼ਤਰ ਗੁਰਦਾਸਪੁਰ ਵਿਖੇ ਅਤੇ ਰੌਲਰ ਸਕੇਟਿੰਗ ਦੇ ਟਰਾਇਲ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੋਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਉਪਰੋਕਤ ਖੇਡਾਂ ਤੋਂ ਇਲਾਵਾ ਰੌਲਰ ਸਕੇਟਿੰਗ, ਸਾਈਕਲਿੰਗ, ਘੋੜ-ਸਵਾਰੀ, ਆਰਚਰੀ, ਕੈਕਿੰਗ ਅਤੇ ਕੈਨੰਇੰਗ ਅਤੇ ਰੋਇੰਗ ਦੇ ਟਰਾਇਲਾਂ ਲਈ ਖਿਡਾਰੀ ਅਤੇ ਖਿਡਾਰਨਾਂ ਜ਼ਿਲ੍ਹਾ ਖੇਡ ਦਫ਼ਤਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਖੇਡ ਦਫ਼ਤਰ ਦੇ ਨੰਬਰਾਂ 83600-89345 ਜਾਂ 98553-69322 ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਜਿਹੜੇ ਖਿਡਾਰੀ ਅਤੇ ਖਿਡਾਰਨਾਂ ਨੇ ਟਰਾਇਲ ਦੇਣੇ ਹਨ ਉਹ 6 ਅਤੇ 7 ਅਕਤੂਬਰ ਨੂੰ ਨਿਰਧਾਰਤ ਥਾਵਾਂ ’ਤੇ ਪਹੁੰਚ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰਾਇਲਾਂ ਵਿੱਚ ਸਿਲੈਕਟ ਹੋਏ ਖਿਡਾਰੀ ਤੇ ਖਿਡਾਰਨਾਂ ਸਮਰੀ ਸ਼ੀਟ ਭਰਕੇ ਜ਼ਿਲ੍ਹਾ ਖੇਡ ਅਫ਼ਸਰ ਕੋਲੋਂ ਤਸਦੀਕ ਕਰਵਾਉਣ ਉਪਰੰਤ ਸਟੇਟ ਗੇਮਾਂ ਵਿੱਚ ਭਾਗ ਲੈ ਸਕਦੇ ਹਨ।