ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਮਾਗਮ
ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਸਹਿਯੋਗ ਨਾਲ ਰੈੱਡ ਰਿਬਨ ਕਲੱਬ ਵੱਲੋਂ ਹੋਇਆ ਨਸ਼ਿਆਂ ਵਿਰੋਧੀ ਜਾਗਰੂਕਤਾ ਸੈਮੀਨਾਰ
ਰੋਹਿਤ ਗੁਪਤਾ
ਬਟਾਲਾ/ਗੁਰਦਾਸਪੁਰ 27 ਸਤੰਬਰ 2023- ਆਪਣੀ ਸੋਚ ਅਤੇ ਮਜ਼ਬੂਤ ਇਰਾਦਿਆਂ ਨਾਲ ਬ੍ਰਿਟਿਸ਼ ਸ਼ਾਸਨ ਨੂੰ ਹਿਲਾ ਦੇਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਸ੍ਰੀ ਰਵੀਪਾਲ ਦਾਰਾ ਦੀ ਅਗਵਾਈ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਰੈੱਡ ਰਿਬਨ ਕਲੱਬ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕਲੱਬ ਦੇ ਨੋਡਲ ਅਫਸਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਐਵਾਰਡੀ ਤੇਜ ਪ੍ਰਤਾਪ ਸਿੰਘ ਕਾਹਲੋਂ ਅਤੇ ਸਚਿਨ ਅਠਵਾਲ ਦੀ ਦੇਖ ਰੇਖ ਹੇਠ ਹੋਈ ਇਸ ਸਮਾਗਮ ਵਿੱਚ ਬੋਲਦਿਆਂ ਪ੍ਰਿੰ. ਬਲਵਿੰਦਰ ਸਿੰਘ ਨੇ ਕਿਹਾ ਕਿ 23 ਸਾਲ ਦੀ ਉਮਰ ਵਿੱਚ ਫਾਂਸੀ ਤੇ ਚੜ੍ਹਨ ਵਾਲਾ ਇਹ ਮਹਾਨ ਕ੍ਰਾਂਤੀਕਾਰੀ ਯੋਧਾ ਅੱਜ ਵੀ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਇਸ ਲਈ ਨੌਜਵਾਨਾਂ ਨੂੰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਦੇਸ਼ ਅਤੇ ਸਮਾਜ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਇਨਾਂ ਸ਼ਹੀਦਾਂ ਦੇ ਮਾਰਗ ਤੇ ਚੱਲ ਕੇ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪਲੇਸਮੈਂਟ ਅਫਸਰ ਜਸਬੀਰ ਸਿੰਘ, ਸਪੋਰਟਸ ਅਫਸਰ ਜਗਦੀਪ ਸਿੰਘ, ਨੋਡਲ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋਂ ਤੋਂ ਇਲਾਵਾ ਵਿਦਿਆਰਥਣਾਂ ਮਹਿਕ ਵਰਮਾ, ਗੀਤਾ, ਗਗਨਦੀਪ ਕੌਰ, ਕਿਰਨਦੀਪ ਕੌਰ, ਰਜਵੰਤ ਕੌਰ, ਹਰਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਅਸੀਂ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ, ਸੂਰਬੀਰ ਯੋਧਿਆਂ ਦੀ ਬਦੌਲਤ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜਿਸ ਲਈ ਸਾਨੂੰ ਸਾਰਿਆਂ ਨੂੰ ਨਸ਼ਿਆਂ ਅਤੇ ਹੋਰ ਕੁਰੀਤੀਆਂ ਦਾ ਰਲ ਮਿਲ ਕੇ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਹਾਜਰ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਚਾਰਜ ਬਿਜਲੀ ਵਿਭਾਗ ਵਿਜੇ ਮਨਿਹਾਸ, ਇੰਚਾਰਜ ਮਕੈਨੀਕਲ ਵਿਭਾਗ ਹਰਜਿੰਦਰਪਾਲ ਸਿੰਘ, ਬੱਡੀ ਪ੍ਰੋਗਰਾਮ ਦੇ ਇੰਚਾਰਜ ਮੈਡਮ ਰੇਖਾ, ਲੈਕਚਰਾਰ ਰੰਜੂ ਉਹਰੀ, ਸਚਿਨ ਅਠਵਾਲ ਆਦਿ ਵੀ ਹਾਜਰ ਸਨ।