3 ਅਕਤੂਬਰ ਤੋਂ ਹੋਵੇਗੀ ਦੰਦਾਂ ਦੇ ਕੈਂਪਾਂ ਦੀ ਸ਼ੁਰੂਆਤ
ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਬਲਾਕ ਡਰੋਲੀ ਭਾਈ, ਕੋਟ ਈਸੇ ਖਾਂ, ਢੁੱਡੀਕੇ ਵਿਖੇ ਲੱਗਣਗੇ ਕੈਂਪ-ਡਾ. ਗੌਤਮਬੀਰ ਸਿੰਘ ਸੋਢੀ
ਮੋਗਾ, 28 ਸਤੰਬਰ 2023 :
ਸਿਵਲ ਸਰਜਨ ਮੋਗਾ ਡਾ.ਰਾਜੇਸ਼ ਅਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ.ਗੌਤਮਬੀਰ ਸਿੰਘ ਸੋਢੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੋਗਾ, ਢੁੱਡੀਕੇ, ਕੋਟ ਈਸੇ ਖਾਂ, ਅਤੇ ਡਰੋਲੀ ਭਾਈ ਵਿਖੇ ਮਿਤੀ 3 ਅਕਤੂਬਰ ਤੋਂ 18 ਅਕਤੂਬਰ ਤੱਕ ਦੰਦਾਂ ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਗੌਤਮਬੀਰ ਸਿੰਘ ਸੋਢੀ ਨੇ ਦਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਮਰੀਜਾਂ ਦਾ ਮੁਫ਼ਤ ਚੈਕਅੱਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜਾਂ ਦੇ ਮੁਫਤ ਦੰਦਾਂ ਦੇ ਸੈਟ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ''ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸੁਆਦ ਗਿਆ'' ਅਖਾਣ ਤਹਿਤ ਦੰਦ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਜਿਨਾਂ ਕਰਕੇ ਹੀ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ। ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਮੂੰਹ ਦੀ ਸਫਾਈ ਨਾ ਰਖਣ ਕਰਕੇ ਲੋਕ ਆਪਣੇ ਸਰੀਰ ਦੇ ਮਹੱਤਵਪੂਰਨ ਅੰਗ ਸਮੇਂ ਤੋਂ ਪਹਿਲਾਂ ਗੁਆ ਦਿੰਦੇ ਹਨ। ਗਰੀਬ ਲੋਕ ਨਵੇਂ ਦੰਦ ਲਗਵਾਉਣ ਤੋਂ ਅਸਮਰਥ ਹੁੰਦੇ ਹਨ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮੂੰਹ ਦੀ ਸਾਫ਼ ਸਫ਼ਾਈ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਦੰਦਾਂ ਦਾ ਇਹ ਪੰਦਰਵਾੜਾ 3 ਅਕਤੂਬਰ ਤੋਂ 18 ਅਕਤੂਬਰ ਤਕ ਜ਼ਿਲ੍ਹਾ ਹਸਪਤਾਲ ਦੇ ਨਾਲ ਨਾਲ ਬਲਾਕ ਡਰੋਲੀ ਭਾਈ, ਕੋਟ ਈਸੇ ਖਾਂ ਅਤੇ ਢੁਡੀਕੇ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਮੁਫਤ ਚੈਕਅਪ ਦੇ ਨਾਲ-ਨਾਲ ਦੰਦਾਂ ਦੇ 48 ਸੈਟ ਵੀ ਮੁਫ਼ਤ ਦਿਤੇ ਜਾਣਗੇ ।