"ਮਹਿਲਾ, ਨਵੀਨਤਾ ਅਤੇ ਉੱਦਮਤਾ" ਵਿਸ਼ੇ ਤੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2023: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਆਰਥਿਕ ਅਧਿਐਨ ਵਿਭਾਗ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਹਿਊਮੈਨਿਟੀਜ਼ ਐਂਡ ਸੋਸ਼ਲ ਸਾਇੰਸਿਜ਼ ਦੇ ਸਹਿਯੋਗ ਨਾਲ 27 ਅਤੇ 28 ਸਤੰਬਰ, 2023 ਨੂੰ ਮਹਿਲਾ, ਨਵੀਨਤਾ ਅਤੇ ਉੱਦਮਤਾ ਵਿਸ਼ੇ ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਬਠਿੰਡਾ ਖੇਤਰ ਦੇ ਵੱਖ-ਵੱਖ ਉੱਚ ਵਿਦਿਅਕ ਅਦਾਰਿਆਂ ਦੇ 200 ਤੋਂ ਵੱਧ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਉਦਘਾਟਨੀ ਸੈਸ਼ਨ ਦੌਰਾਨ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪ੍ਰੋ. ਮੋਹਨ ਲਾਲ ਛੀਪਾ (ਸਾਬਕਾ ਵਾਈਸ-ਚਾਂਸਲਰ, ਅਟਲ ਬਿਹਾਰੀ ਵਾਜਪਾਈ ਹਿੰਦੀ ਯੂਨੀਵਰਸਿਟੀ), ਡਾ. ਅਰਚਨਾ ਸਿੰਘ (ਚੇਅਰਪਰਸਨ, ਸੈਂਟਰ ਫਾਰ ਸੋਸ਼ਲ ਐਂਟਰਪ੍ਰੀਨਿਓਰਸ਼ਿਪ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਮੁੰਬਈ), ਡਾ. ਸੰਦੀਪ ਕੌਰ (ਐਸੋਸੀਏਟ ਪ੍ਰੋਫੈਸਰ, ਆਰਥਿਕ ਅਧਿਐਨ ਵਿਭਾਗ ਅਤੇ ਡੀਨ, ਸਕੂਲ ਆਫ਼ ਸੋਸ਼ਲ ਸਾਇੰਸਜ਼), ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਕਾਨਫਰੰਸ ਬੁੱਕ ਰਿਲੀਜ਼ ਕੀਤੀ।
ਮੁੱਖ ਬੁਲਾਰੇ ਡਾ. ਅਰਚਨਾ ਸਿੰਘ ਨੇ ਸਮਾਜਿਕ ਉੱਦਮਤਾ ਅਤੇ ਔਰਤਾਂ ਦੇ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਸਮਾਜਿਕ ਉੱਦਮਤਾ ਇੱਕ ਗਤੀਸ਼ੀਲ ਸੰਕਲਪ ਹੈ ਜਿੱਥੇ ਸਮਾਜਿਕ ਅਤੇ ਵਾਤਾਵਰਣ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਪਾਰਕ ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਸਨੇ ਰੇਖਾਂਕਿਤ ਕੀਤਾ ਕਿ ਸਮਾਜਿਕ ਉੱਦਮ ਵਿੱਚ ਔਰਤਾਂ ਦੀ ਭਾਗੀਦਾਰੀ ਮਹੱਤਵਪੂਰਨ ਹੈ ਕਿਉਂਕਿ ਇਹ ਲਿੰਗ ਸਮਾਨਤਾ, ਆਰਥਿਕ ਸਸ਼ਕਤੀਕਰਨ ਅਤੇ ਸਕਾਰਾਤਮਕ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਦੀ ਹੈ।
ਮੁੱਖ ਮਹਿਮਾਨ ਪ੍ਰੋਫੈਸਰ ਮੋਹਨ ਲਾਲ ਛੀਪਾ ਨੇ ਕਿਹਾ ਕਿ ਭਾਰਤ ਵਿੱਚ ਗਰੀਬੀ, ਸਿੱਖਿਆ, ਸਿਹਤ ਸੰਭਾਲ ਵਰਗੇ ਮਹੱਤਵਪੂਰਨ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਮਾਜਿਕ ਉੱਦਮਤਾ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਦੌਰਾਨ ਵਾਈਸ ਚਾਂਸਲਰ ਅਚਾਰੀਆ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਖਾਸ ਕਰਕੇ ਔਰਤਾਂ ਨੂੰ ਸਮਾਜਿਕ ਸਮੱਸਿਆਵਾਂ ਦੇ ਹੱਲ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਾਜਿਕ ਉੱਦਮਤਾ ਦੇ ਰਾਹ 'ਤੇ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ।
ਕਾਨਫ਼ਰੰਸ ਦੇ ਪਹਿਲੇ ਦਿਨ, ਡਾ. ਸ਼ੇਪਾਂਗ ਮੋਸੀਆ (ਡਾਇਰੈਕਟਰ, ਸਾਇੰਸ ਅਤੇ ਇਨੋਵੇਸ਼ਨ ਵਿਭਾਗ) ਨੇ ਦੱਖਣੀ ਅਫ਼ਰੀਕਾ ਦੇ ਸਮਾਜਕ ਖੋਜਕਾਰਾਂ ਦੇ ਤਜ਼ਰਬਿਆਂ ਨੂੰ ਸਾਂਝਾ ਕਰਦੇ ਹੋਏ ਇੱਕ ਗਿਆਨ ਭਰਪੂਰ ਔਨਲਾਈਨ ਲੈਕਚਰ ਦਿੱਤਾ। ਦੂਜੇ ਦਿਨ, ਡਾ. ਨਾਗੇਸ਼ਵਰ ਰਾਓ ਅੰਬਾਤੀ (ਡੀਨ, ਖੋਜ ਅਤੇ ਪ੍ਰਕਾਸ਼ਨ ਵਿਭਾਗ, ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ) ਅਤੇ ਪ੍ਰੋਫੈਸਰ ਕੇ.ਜੇ. ਜੋਸਫ਼ (ਡਾਇਰੈਕਟਰ, ਗੁਲਾਟੀ ਇੰਸਟੀਚਿਊਟ ਆਫ਼ ਫਾਈਨਾਂਸ ਐਂਡ ਟੈਕਸੇਸ਼ਨ) ਨੇ ਨਵੀਨਤਾ ਅਤੇ ਉੱਦਮ ਨਾਲ ਸਬੰਧਤ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਵਿੱਚ ਇੱਕ ਵਿਸ਼ੇਸ਼ ਪੈਨਲ ਵਿਚਾਰ-ਵਟਾਂਦਰਾ ਪੇਸ਼ ਕੀਤਾ ਗਿਆ ਜਿੱਥੇ ਵਿਸ਼ਵ ਭਰ ਦੇ ਉੱਘੇ ਬੁਲਾਰਿਆਂ ਨੇ ਸਮਾਜਿਕ ਉੱਦਮਤਾ ਅਤੇ ਔਰਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਪਤੀ ਸੈਸ਼ਨ ਦੌਰਾਨ ਪ੍ਰਬੰਧਕੀ ਸਕੱਤਰ ਡਾ. ਸੰਦੀਪ ਕੌਰ ਨੇ ਇੱਕ ਵਿਸਤ੍ਰਿਤ ਪ੍ਰੋਗਰਾਮ ਰਿਪੋਰਟ ਪੇਸ਼ ਕੀਤੀ। ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਡਾ. ਸਾਗਰ ਕਿਸ਼ਨ ਵਾਡਕਰ (ਸਲਾਹਕਾਰ, ਖੋਜ ਅਤੇ ਅਧਿਐਨ, ਨੈਸ਼ਨਲ ਕੋਆਪਰੇਟਿਵ ਯੂਨੀਅਨ) ਨੇ ਭਾਰਤ ਵਿੱਚ ਸਮਾਜਿਕ ਖੋਜਕਾਰਾਂ ਦੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਟੈਕਨਾਲੋਜੀ ਇਨੋਵੇਸ਼ਨ ਏਜੰਸੀ, ਸਾਊਥ ਅਫਰੀਕਾ ਨੇ ਸੋਸ਼ਲ ਇਨੋਵੇਸ਼ਨ ਮਾਡਲ ਦੇ ਵਿਕਾਸ ਅਤੇ ਸੋਸ਼ਲ ਇਨੋਵੇਸ਼ਨ ਬੁੱਕ ਅਤੇ ਰਿਸਰਚ ਪੇਪਰ ਦੇ ਸਹਿ-ਪ੍ਰਕਾਸ਼ਨ ਲਈ ਡਾ. ਸੰਦੀਪ ਕੌਰ ਨੂੰ 65000 ਜ਼ਾਰ (ਲਗਭਗ 2.8 ਲੱਖ ਰੁਪਏ) ਦੀ ਗ੍ਰਾੰਟ ਦਾ ਐਲਾਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਸੰਦੀਪ ਕੌਰ ਨੇ ਸਪਾਂਸਰ ਕਰਨ ਵਾਲੀ ਏਜੰਸੀ, ਭਾਗੀਦਾਰਾਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ।