ਸੁਰੱਖਿਆ ਲਈ ਬਠਿੰਡਾ ਰਿਫਾਇਨਰੀ ਵੱਲੋਂ ਟਰੱਕ ਡਰਾਈਵਰਾਂ ਲਈ ਅੱਖਾਂ ਦੀ ਜਾਂਚ ਦਾ ਕੈਂਪ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2023:ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਗੁਰੂ ਗੋਬਿੰਦ ਸਿੰਘ ਰਿਫਾਇਨਰੀ) ਨੇ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਸ਼ੇਸ਼ ਮੁਹਿੰਮ ਤਹਿਤ 15 ਦਿਨਾਂ ਅੱਖਾਂ ਦਾ ਜਾਂਚ ਕੈਂਪ ਸ਼ੁਰੂ ਕੀਤਾ ਹੈ। ਮਾਰਕੀਟਿੰਗ ਟੀਮ ਅਤੇ ਐਚਪੀਸੀਐਲ ਮਿੱਤਲ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਸ਼ੁਰੂ ਕੀਤਾ ਗਿਆ ਅੱਖਾਂ ਦਾ ਜਾਂਚ ਕੈਂਪ 2 ਨਵੰਬਰ, 2023 ਤੱਕ ਵੱਖ-ਵੱਖ ਸਮੇਂ 'ਤੇ 15 ਦਿਨਾਂ ਤੱਕ ਚੱਲੇਗਾ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਟਰੱਕ ਡਰਾਈਵਰ ਪੈਟਰੋਲੀਅਮ ਉਤਪਾਦਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੇ ਹਨ ਜਿਸ ਨੂੰ ਦੇਖਦਿਆਂ ਟਰੱਕ ਡਰਾਈਵਰਾਂ ਦੀ ਸਹੂਲਤ ਮੁਤਾਬਕ ਉਹਨਾਂ ਦੀ ਜਾਂਚ ਕੀਤੀ ਜਾਵੇਗੀ। ਰਿਫਾਇਨਰੀ ਵੱਲੋਂ ਆਪਣੀ ਸਮਾਜਿਕ ਜਿੰਮੇਵਾਰੀ ਪ੍ਰੋਗਰਾਮ ਤਹਿਤ 15 ਸੌ ਤੋਂ ਵੱਧ ਟਰੱਕ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ, ਐਨਕਾਂ ਤੇ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਰਿਫਾਇਨਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਤੇਲ ਸੋਧਕ ਕਾਰਖਾਨੇ ਦੀ ਸਭ ਤੋਂ ਪਹਿਲੀ ਤਰਜੀਹ ਸੜਕ ਸੁਰੱਖਿਆ ਹੈ ਜਿਸ ਲਈ ਵਧੀਆ ਨਜ਼ਰ ਹੋਣੀ ਅਤੀ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਅਨੁਸਾਰ ਟਰੱਕਾਂ ਨਾਲ ਵਾਪਰਦੇ ਹਾਦਸਿਆਂ ਦਾ ਮੁੱਖ ਕਾਰਨ ਨਜ਼ਰ ਦਾ ਸਹੀ ਨਾ ਹੋਣਾ ਹੈ। ਉਨਾਂ ਦੱਸਿਆ ਕਿ ਮੁਢਲੇ ਗੇੜ ਵਿੱਚ 200 ਤੋਂ ਵੱਧ ਟਰੱਕ ਡਰਾਈਵਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ ਹਨ। ਐਚਐਮਈਐਲ ਦੀ ਸੁਰੱਖਿਆ ਟੀਮ ਨੇ ਟਰੱਕ ਡਰਾਈਵਰਾਂ ਲਈ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਵੀ ਲਗਾਇਆ ਜਿਸ ਵਿੱਚ ਉਨ੍ਹਾਂ ਨੂੰ ਸੜਕ 'ਤੇ ਤੁਰਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।