ਸਟੇਟ ਬੈਂਕ ਆਫ ਇੰਡੀਆ ਵੱਲੋਂ ਨਥਾਣਾ ਅਨਾਥ ਆਸ਼ਰਮ ਨੂੰ ਲਾਇਬ੍ਰੇਰੀ ਸਮੇਤ ਵੱਖ-ਵੱਖ ਵਸਤਾਂ ਭੇਂਟ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2023 : ਆਰਥਿਕ ਮਾਮਲਿਆਂ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਮੋਰੀ ਰਹਿਣ ਵਾਲੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਬਠਿੰਡਾ ਰੇਂਜ ਦੇ ਡੀ.ਜੀ.ਐਮ ਸ਼ੈਲੇਸ਼ ਗੁਪਤਾ ਦੀ ਅਗਵਾਈ ਵਿੱਚ ਨਥਾਣਾ ਸਥਿਤ ਅਨਾਥ ਆਸ਼ਰਮ ਦੇ ਸੰਚਾਲਕਾਂ ਨੂੰ ਲਾਇਬ੍ਰੇਰੀ ਭੇਂਟ ਕੀਤੀ ਗਈ। ਇਸ ਲਾਇਬ੍ਰੇਰੀ ਵਿੱਚ ਕਿਤਾਬਾਂ, 24 ਕੁਰਸੀਆਂ, ਤਿੰਨ ਅਲਮਾਰੀਆਂ, ਦੋ ਏ.ਸੀ., ਮੇਜ਼, ਫੁੱਟਬਾਲ, ਬਾਸਕਟਬਾਲ, ਰਾਕੇਟ, ਸਲਾਈਡਾਂ, ਬੱਚਿਆਂ ਦੇ ਖੇਡਣ ਲਈ ਕੈਰਮ ਬੋਰਡ ਅਤੇ ਹੋਰ ਖੇਡਾਂ ਦਾ ਸਮਾਨ ਵੀ ਆਸ਼ਰਮ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡੀ.ਜੀ.ਐਮ ਸ਼੍ਰੀ ਸ਼ੈਲੇਸ਼ ਗੁਪਤਾ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਸਹੀ ਲੋੜਵੰਦ ਲੋਕਾਂ ਦੀ ਸਹੀ ਥਾਂ 'ਤੇ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਚਲਾਈ ਜਾ ਰਹੀ ਸੀ.ਐਸ.ਆਰ.(ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ) ਸਕੀਮ ਤਹਿਤ ਉਪਰੋਕਤ ਸਮਾਨ ਅਨਾਥ ਆਸ਼ਰਮ ਨੂੰ ਦਿੱਤਾ ਗਿਆ ਹੈ ਤਾਂ ਜੋ ਅਨਾਥ ਆਸ਼ਰਮ ਵਿੱਚ ਰਹਿ ਰਹੇ ਬੱਚੇ ਪੜ੍ਹਾਈ ਦੇ ਨਾਲ-ਨਾਲ ਚੰਗੀਆਂ ਖੇਡਾਂ ਖੇਡ ਕੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਅਨਾਥ ਆਸ਼ਰਮ ਨੂੰ ਲਾਇਬ੍ਰੇਰੀ ਅਤੇ ਖੇਡਾਂ ਦਾ ਸਾਮਾਨ ਦੇਣ ਦਾ ਮਕਸਦ ਬੱਚਿਆਂ ਨੂੰ ਵਧੀਆ ਮਾਹੌਲ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਖੇਡਾਂ ਅਤੇ ਕਿਤਾਬਾਂ ਵੱਲ ਧਿਆਨ ਦੇ ਸਕਣ। ਖੇਡਾਂ ਰਾਹੀਂ ਜਿੱਥੇ ਉਹ ਸਰੀਰਕ ਤੌਰ ’ਤੇ ਮਜ਼ਬੂਤ ਹੋਣਗੇ, ਉਥੇ ਕਿਤਾਬਾਂ ਰਾਹੀਂ ਗਿਆਨ ਹਾਸਲ ਕਰਕੇ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ।
ਪ੍ਰੋਗਰਾਮ ਦੇ ਅਖ਼ੀਰ ਚ ਹਾਜ਼ਰੀਨ ਦਾ ਨਥਾਨਾ ਦੇ ਸ਼ਾਖਾ ਪ੍ਰਬੰਧਕ ਪੁਰਸ਼ੋਤਮ ਦਾਸ ਨੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸ.ਬੀ.ਆਈ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਬੱਚੇ ਚੰਗਾ ਭਵਿੱਖ ਲੈ ਕੇ ਹਰ ਖੇਤਰ ਵਿੱਚ ਹੁਨਰਮੰਦ ਬਣ ਸਕਣਗੇ।ਇਸ ਮੌਕੇ ਅਨਾਥ ਬੱਚਿਆਂ ਦੀ ਮੱਦਦ ਲਈ ਆਸ਼ਰਮ ਦੇ ਚੇਅਰਮੈਨ ਸੁਖਮੰਦਰ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ, ਜਰਨੈਲ ਸਿੰਘ, ਕੁਲਬੀਰ ਸਿੰਘ ਅਤੇ ਹਰਦੀਪ ਕੌਰ, ਚੀਫ਼ ਮੈਨੇਜਰ ਮਨਜੀਤ ਸਿੰਘ, ਡੀ.ਜੀ.ਐਸ.(ਐਸ.ਬੀ.ਆਈ.ਓ.ਏ.) ਪਾਲ ਕੁਮਾਰ, ਦਯਾਰਾਮ ਸਹਾਰਨ ਆਦਿ ਹਾਜ਼ਰ ਸਨ।