ਖੰਨਾ: ਗਣਪਤੀ ਸ਼ੋਭਾ ਯਾਤਰਾ ਦੌਰਾਨ ਖੂਨੀ ਝੜਪ, ਵਿਅਕਤੀ ਦਾ ਚਾਕੂ ਮਾਰ ਕੇ ਕਤਲ
ਰਵਿੰਦਰ ਢਿੱਲੋਂ
ਖੰਨਾ, 29 ਸਤੰਬਰ 2023- ਖੰਨਾ ਅਧੀਨ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਗਣਪਤੀ ਸ਼ੋਭਾ ਯਾਤਰਾ ਦੌਰਾਨ ਖੂਨੀ ਖੇਡ ਹੋਈ। ਜਿਸ ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਰਾਮ ਸਾਹਨੀ (31) ਵਾਸੀ ਗੜ੍ਹੀ ਤਰਖਾਣਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗਣਪਤੀ ਪੂਜਾ ਦੀ ਸਮਾਪਤੀ ਮੌਕੇ ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਹ ਸ਼ੋਭਾ ਯਾਤਰਾ ਬਸਤੀ ਬਲੀਬੇਗ ਤੋਂ ਸ਼ੁਰੂ ਹੋ ਕੇ ਰੱਤੀਪੁਰ ਰੋਡ ਤੋਂ ਲੰਘ ਰਹੀ ਸੀ ਤਾਂ ਸ਼ਾਂਤੀ ਨਗਰ ਦੇ ਕੁਝ ਨੌਜਵਾਨ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਏ|
ਇਨ੍ਹਾਂ ਨੌਜਵਾਨਾਂ ਨੇ ਡੀਜੇ 'ਤੇ ਚੱਲ ਰਹੇ ਭਜਨਾਂ 'ਤੇ ਨੱਚ ਰਹੀਆਂ ਔਰਤਾਂ 'ਚ ਜਾ ਕੇ ਹੁੱਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਲਰਾਮ ਸਾਹਨੀ ਨੇ ਉਨ੍ਹਾਂ ਨੂੰ ਰੋਕਿਆ। ਇਸੇ ਦੌਰਾਨ ਗੁੱਸੇ 'ਚ ਆਏ ਨੌਜਵਾਨਾਂ ਨੇ ਬਲਰਾਮ ਸਾਹਨੀ 'ਤੇ ਚਾਕੂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਲਰਾਮ ਸਾਹਨੀ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਜਿਸ ਨਾਲ ਬਲਰਾਮ ਸਾਹਨੀ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਕੋਲ ਖੜ੍ਹੇ ਕੁੰਦਨ ਨਾਂ ਦੇ ਵਿਅਕਤੀ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ।
ਰੌਲਾ ਪੈਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਬਲਰਾਮ ਸਾਹਨੀ ਨੂੰ ਜਦੋਂ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਨਸ਼ੇ 'ਚ ਸਨ। ਉਹ ਨਸ਼ੇ ਦੀ ਹਾਲਤ ਵਿੱਚ ਹੁੱਲੜਬਾਜੀ ਕਰ ਰਹੇ ਸਨ। ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਸੀ। ਦੂਜੇ ਪਾਸੇ ਬਲਰਾਮ ਸਾਹਨੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜਖਮੀ ਕੁੰਦਨ ਨੇ ਦੱਸਿਆ ਕਿ ਬਲਰਾਮ ਸਾਹਨੀ ਨੇ ਸਿਰਫ ਹਮਲਾਵਰਾਂ ਨੂੰ ਇਸ ਗੱਲ ਤੋਂ ਰੋਕਿਆ ਸੀ ਕਿ ਉਹ ਔਰਤਾਂ ਚ ਜਾ ਕੇ ਨਾ ਨੱਚਣ ਅਤੇ ਆਪਣਾ ਵੱਖ ਹੋ ਕੇ ਨੱਚਣ। ਇੰਨੀ ਗੱਲ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ।
ਸਰਕਾਰੀ ਹਸਪਤਾਲ ਸਮਰਾਲਾ ਵਿਖੇ ਐਮਰਜੈਂਸੀ ਡਿਉਟੀ 'ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਜਦੋਂ ਬਲਰਾਮ ਸਾਹਨੀ ਨੂੰ ਲਿਆਂਦਾ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਸਰੀਰ ਉਪਰ ਕਾਫੀ ਸੱਟਾਂ ਹਨ। ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਆਪਣੀ ਬਣਦੀ ਕਾਰਵਾਈ ਕਰੇਗੀ।