ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਨੁੱਕੜ ਨਾਟਕ ਵਹਿੰਗੀ ਦੀ ਪੇਸ਼ਕਾਰੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ 29 ਸਤੰਬਰ 2023: ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਮਿਤੀ 29 ਸਤੰਬਰ 2023 ਦਿਨ ਸ਼ੁੱਕਰਵਾਰ ਨੂੰ ਪ੍ਰਿੰਸੀਪਲ ਸ਼੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਥੀਏਟਰ ਕਲੱਬ ਅਤੇ ਐੱਨ. ਐੱਸ. ਐੱਸ. ਵੱਲੋਂ ਦੀਪ ਜਗਦੀਪ ਦਾ ਲਿਖਿਆ ਨੁੱਕੜ ਨਾਟਕ ਵਹਿੰਗੀ ਕਰਵਾਇਆ ਗਿਆ। ਇਹ ਨੁੱਕੜ ਨਾਟਕ ਰੰਗਕਰਮੀ ਬਲਜਿੰਦਰ ਸਿੰਘ ਅਤੇ ਸੌਦਾਮਨੀ ਦੁਆਰਾ ਖੇਡਿਆ ਗਿਆ। ਕਾਲਜ ਦੇ ਵਿਦਿਆਰਥੀ ਭਵਨ ਕੋਲ ਖੇਡੇ ਗਏ ਇਸ ਨਾਟਕ ਦਾ ਵਿਸ਼ਾ ਵਿਦਿਆਰਥੀ ਦੇ ਜੀਵਨ ਵਿਚ ਇਕ ਚੰਗੇ ਅਧਿਆਪਕ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ ਨਾਲ ਸਮੁੱਚੇ ਸਮਾਜਕ, ਰਾਜਨੀਤਿਕ, ਪ੍ਰਸ਼ਾਸ਼ਨਿਕ ਅਤੇ ਸਿੱਖਿਆ ਢਾਂਚੇ ਬਾਰੇ ਮੁੜ-ਚਿੰਤਨ ਦੀ ਲੋੜ ਨੂੰ ਉਭਾਰਨਾ ਸੀ।
ਇਕ ਘੰਟੇ ਦੇ ਇਸ ਨਾਟਕ ਵਿਚ ਅੱਜ ਦੇ ਸਮੇਂ ਵਿਚ ਅਧਿਆਪਕ ਅਤੇ ਵਿਦਿਆਰਥੀ ਦੇ ਬਦਲ ਰਹੇ ਰਿਸ਼ਤੇ ਨੂੰ ਬੜੇ ਯਥਾਰਥਕ ਢੰਗ ਨਾਲ ਪੇਸ਼ ਕੀਤਾ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਇਸ ਰਿਸ਼ਤੇ ਨੂੰ ਹੋਰ ਸੰਵੇਦਨਸ਼ੀਲ ਅਤੇ ਮਜ਼ਬੂਤ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਰੰਗਕਰਮੀ ਬਲਜਿੰਦਰ ਸਿੰਘ ਅਤੇ ਸੌਦਾਮਨੀ ਕਪੂਰ ਦਾ ਕਾਲਜ ਵਿਖੇ ਆ ਕੇ ਨੁੱਕੜ ਨਾਟਕ ਕਰਨ ਲਈ ਧੰਨਵਾਦ ਕੀਤਾ। ਕਾਲਜ ਦੇ ਸਟਾਫ਼ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਨਾਟਕ ਦਾ ਆਨੰਦ ਮਾਣਿਆ।