ਅੱਜ ਤੋਂ ਵੋਟਾਂ ਸ਼ੁਰੂ-ਕਿਤੇ ਵੀ ਪਾਓ ਵੋਟ: ਨਿਊਜ਼ੀਲੈਂਡ ਦੀ 54ਵੀਂ ਸੰਸਦ ਰਚਨਾ ਲਈ ਆਮ ਚੋਣਾਂ ਲਈ ਵੋਟਿੰਗ ਸ਼ੁਰੂ, 14 ਅਕਤੂਬਰ ਤੱਕ ਪੈਣਗੀਆਂ ਵੋਟਾਂ
- ਮੁੱਖ ਮੁਕਾਬਲਾ ਨੈਸ਼ਨਲ ਪਾਰਟੀ, ਲੇਬਰ ਪਾਰਟੀ, ਐਕਟ ਪਾਰਟੀ ਅਤੇ ਗ੍ਰੀਨ ਪਾਰਟੀ ਵਿਚਕਾਰ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 1 ਅਕਤੂਬਰ 2023 - ਨਿਊਜ਼ੀਲੈਂਡ ਦੀ 54ਵੀਂ ਸੰਸਦ ਦੀ ਰਚਨਾ ਕਰਨ ਦੇ ਲਈ ਆਮ ਚੋਣਾਂ ਜੋ ਕਿ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ, ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਲੋਕਾਂ ਦੀ ਸਹੂਲਤ ਲਈ ਇਹ ਵੋਟਾਂ 14 ਅਕਤੂਬਰ ਤੱਕ ਵੱਖ-ਵੱਖ ਪੋਲਿੰਗ ਬੂਥਾਂ ਉਤੇ ਦਿੱਤੇ ਸਮੇਂ ਅਨੁਸਾਰ ਪੈਂਦੀਆਂ ਰਹਿਣਗੀਆਂ। 14 ਅਕਤੂਬਰ ਨੂੰ ਸਾਰੇ ਵੋਟਿੰਗ ਬੂਥ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ। ਵੋਟਰ ਕਿਤੇ ਵੀ ਵੋਟ ਪਾ ਸਕਦੇ ਹਨ ਪਰ ਜਿੱਸ ਹਲਕੇ ਦੀ ਵੋਟ ਹੈ ਉਥੇ ਦੀ ਹੀ ਵੋਟ ਗਿਣੀ ਜਾਵੇਗੀ। ਜੇਕਰ ਆਪਣੇ ਹਲਕੇ ਵਿਚ ਵੋਟ ਪਾਉਂਦੇ ਹੋ ਤਾਂ ਸੌਖਾ ਤੇ ਤੇਜੀ ਨਾਲ ਕੰਮ ਹੋਵੇਗਾ। ਜੇਕਰ ਤੁਸੀਂ ਵੋਟ ਪਾਉਣ ਨਹੀਂ ਜਾ ਸਕਦੇ ਤਾਂ ਵੀ ਕਿਸੇ ਦੀ ਮਦਦ ਨਾਲ ਵੋਟਿੰਗ ਪੇਪਰ ਲੈ ਕੇ ਵੋਟ ਪਾ ਸਕਦੇ ਹੋ।
‘ਇਜ਼ੀ ਵੋਟ ਕਾਰਡ’ ਜੇਕਰ ਤੁਹਾਡੇ ਕੋਲ ਹੈ ਤਾਂ ਕੰਮ ਬਹੁਤ ਸੌਖਾ ਹੋਵੇਗਾ ਇਸ ਕਰਕੇ ਨਾਲ ਲੈ ਕੇ ਜਾਓ। ਜੇਕਰ ਨਹੀਂ ਹੈ ਤਾਂ ਵੀ ਵੋਟ ਪਾਈ ਜਾ ਸਕਦੀ ਹੈ ਅਤੇ ਕਿਸੀ ਪਛਾਣ ਪੱਤਰ ਦੀ ਲੋੜ ਨਹੀਂ। ਸੰਤਰੀ ਰੰਗ ਦੀ ਵਰਦੀ ਪਾਈ ਚੋਣ ਵਿਭਾਗ ਦਾ ਸਟਾਫ ਤੁਹਾਡੀ ਸਹਾਇਤਾ ਕਰੇਗਾ। ਸਟਾਫ ਇਲੈਕਸ਼ਨ ਰੋਲ ਦੇ ਵਿਚ ਤੁਹਾਡਾ ਨਾਂਅ ਲੱਭ ਤੇ ਤੁਹਾਨੂੰ ਵੋਟਿੰਗ ਪੇਪਰ ਦੇਵੇਗਾ। ਪੋਲਿੰਗ ਬੂਥਾਂ ਉਤੇ ਦਿਸ਼ਾ ਨਿਰਦੇਸ਼ ਹੋਣਗੇ ਕਿ ਕਿੱਧਰ ਨੂੰ ਜਾਣਾ ਹੈ।
18 ਸਾਲ ਤੋਂ ਉਪਰ ਹੋ ਅਤੇ ਜੇਕਰ ਅਜੇ ਵੋਟ ਨਹੀਂ ਬਣੀ ਹੈ ਤਾਂ ਵੀ ਪੋਲਿੰਗ ਬੂਥ ਉਤੇ ਵੋਟ ਬਣ ਸਕਦੀ ਹੈ। ਇਸ ਮੌਕੇ ਇਕ ਇਨਰੋਲਮੈਂਟ ਫਾਰਮ ਅਤੇ ਸਪੈਸ਼ਲ ਹਲਫੀਆ ਬਿਆਨ ਭਰਨਾ ਪਵੇਗਾ। ਤੁਹਾਡੀ ਵੋਟ ਸਪੈਸ਼ਲ ਵੋਟਾਂ ਵਿਚ ਗਿਣੀ ਜਾਵੇਗੀ। ਹਰ ਵੋਟਰ ਦੋ ਵੋਟਾਂ ਪਾਉਣ ਦਾ ਹੱਕਦਾਰ ਹੈ। ਇਕ ਉਮੀਦਵਾਰ ਨੂੰ ਅਤੇ ਦੂਜੀ ਪਾਰਟੀ ਨੂੰ। ਇਹ ਵੀ ਉਸਦੀ ਮਰਜ਼ੀ ਹੈ ਕਿ ਇਕ ਪਾਉਣੀ ਜਾਂ ਦੋਵੇਂ। ਮਾਓਰੀ ਹਲਕੇ ਵਿਚ ਅਸਮਾਨੀ ਰੰਗ ਦਾ ਵੋਟਰ ਬਕਸਾ ਹੋਵੇਗਾ ਜਦ ਕਿ ਜਨਰਲ ਲਈ ਸੰਤਰੀ ਰੰਗ ਦਾ। ਜੇਕਰ ਵੋਟ ਪਾਉਣ ਵੇਲੇ ਠੀਕਾ ਲਾਉਣ ਵੇਲੇ ਗਲਤੀ ਹੋ ਗਈ ਜਾਂ ਖਰਾਬ ਹੋ ਗਿਆ ਤਾਂ ਸਟਾਫ ਨੂੰ ਉਹ ਵਾਪਿਸ ਕਰਕੇ ਦੁਬਾਰਾ ਨਵਾਂ ਪੇਪਰ ਲਿਆ ਜਾ ਸਕਦਾ ਹੈ।
13 ਅਕਤੂਬਰ ਨੂੰ ਅੱਧੀ ਰਾਤ ਤੱਕ ਸਾਰੇ ਉਮੀਦਵਾਰਾਂ ਦੇ ਇਸ਼ਤਿਹਾਰੀ ਬੋਰਡ ਲਾਹ ਲਏ ਜਾਣਗੇ। ਸ਼ਾਮ 7 ਵਜੇ ਤੋਂ ਬਾਅਦ ਰੁਝਾਣ ਆਉਣੇ ਸ਼ੁਰੂ ਹੋ ਜਾਣਗੇ। 3 ਨਵੰਬਰ ਨੂੰ ਸਰਕਾਰੀ ਤੌਰ ਉਤੇ ਨਤੀਜੇ ਐਲਾਨ ਦਿੱਤੇ ਜਾਣਗੇ। ਦੇਸ਼ ਦੇ ਵਿਚ ਕੁੱਲ 120 ਸੰਸਦ ਮੈਂਬਰ ਚੁਣੇ ਜਾਣੇ ਹਨ। 72 ਮੈਂਬਰ ਵੋਟਾਂ ਦੇ ਫਰਕ ਨਾਲ ਜਿੱਤਣਗੇ ਅਤੇ 48 ਪਾਰਟੀ ਵੋਟ ਦੀ ਹਿੱਸੇਦਾਰੀ ਮੁਤਾਬਿਕ। 496 ਉਮੀਦਵਾਰ ਮੈਦਾਨ ਦੇ ਵਿਚ ਹਨ ਜਿਨ੍ਹਾਂ ਵਿਚ ਕੁਝ ਭਾਰਤੀ ਵੀ ਸ਼ਾਮਿਲ ਹਨ। 17 ਰਾਜਸੀ ਪਾਰਟੀਆਂ ਵੀ ਹਨ ਜਿਸ ਵਿਚ ਇਕ ‘ਵੋਮੈਨ ਰਾਈਟਸ ਪਾਰਟੀ’ ਵੀ ਸ਼ਾਮਿਲ ਹੈ।