ਪੰਜਾਬ ਸਰਕਾਰ ਵੱਲੋਂ ਬਜੁਰਗਾਂ ਲਈ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਦਾ 3 ਅਕਤੂਬਰ ਨੂੰ ਫਰੀਦਕੋਟ ਤੋਂ ਆਗਾਜ਼
- ਕੈਪਾਂ ਵਿੱਚ ਬਜੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ
ਚੰਡੀਗੜ੍ਹ, 1 ਅਕਤੂਬਰ 2023 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਅੰਤਰ ਰਾਸ਼ਟਰੀ ਦਿਵਸ ਦੇ ਦਿਹਾੜੇ ਨੂੰ ਸਮਰਪਿਤ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਸ਼ੁਰੂ ਕਰਨ ਦਾ ਇੱਕ ਨਵੇਕਲਾ ਉਪਰਾਲਾ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਫਰੀਦਕੋਟ ਤੋਂ 3 ਅਕਤੂਬਰ ਨੂੰ ਕੀਤੀ ਜਾਵੇਗੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਲਈ ਸੂਬੇ ਵਿੱਚ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹਰ ਜਿਲ੍ਹਾ ਪੱਧਰ ਤੇ ਸਿਹਤ ਕੈਪ ਲਗਾਏ ਜਾਣਗੇ, ਜਿਥੇ ਬਜ਼ੁਰਗਾਂ ਨੂੰ ਪੂਰੀ ਜਰੀਏਟ੍ਰਿਕ (ਬੁਢਾਪੇ ਨਾਲ ਸਬੰਧਿਤ ਬਿਮਾਰੀਆਂ) ਜਾਂਚ, ਈ.ਐਨ.ਟੀ (ਕੰਨ ਨੱਕ ਗਲਾ) ਦੀ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ।
ਡਾ. ਬਲਜੀਤ ਕੌਰ ਨੇ ਲੋੜਵੰਦ ਬਜ਼ੁਰਗਾਂ ਨੂੰ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਵਿੱਚ ਕ੍ਰਮਵਾਰ 3 ਅਕਤੂਬਰ ਨੂੰ ਫਰੀਦਕੋਟ, 5 ਅਕਤੂਬਰ ਨੂੰ ਮੋਗਾ, 9 ਅਕਤੂਬਰ ਨੂੰ ਲੁਧਿਆਣਾ, 11 ਅਕਤੂਬਰ ਨੂੰ ਮੁਕਤਸਰ ਸਾਹਿਬ, 13 ਅਕਤੂਬਰ ਨੂੰ ਫਿਰੋਜਪੁਰ, 16 ਅਕਤੂਬਰ ਨੂੰ ਫਾਜ਼ਿਲਕਾ, 18 ਅਕਤੂਬਰ ਨੂੰ ਬਠਿੰਡਾ, 20 ਅਕਤੂਬਰ ਨੂੰ ਮਾਨਸਾ, 23 ਅਕਤੂਬਰ ਨੂੰ ਸੰਗਰੂਰ, 25 ਅਕਤੂਬਰ ਨੂੰ ਮਾਲੇਰਕੋਟਲਾ, 27 ਅਕਤੂਬਰ ਨੂੰ ਬਰਨਾਲਾ, 30 ਅਕਤੂਬਰ ਨੂੰ ਪਠਾਨਕੋਟ, 1 ਨਵੰਬਰ ਨੂੰ ਗੁਰਦਾਸਪੁਰ,3 ਨਵੰਬਰ ਅਮ੍ਰਿੰਤਸਰ, 6 ਨਵੰਬਰ ਤਰਨਤਾਰਨ, 8 ਨਵੰਬਰ ਨੂੰ ਜਲੰਧਰ, 10 ਨਵੰਬਰ ਨੂੰ ਐਸ.ਬੀ.ਐਸ ਨਗਰ, 13 ਨਵੰਬਰ ਨੂੰ ਹੁਸ਼ਿਆਰਪੁਰ , 15 ਨਵੰਬਰ ਨੁੰ ਕਪੂਰਥਲਾ, 17 ਨਵੰਬਰ ਨੂੰ ਐਸ.ਏ.ਐਸ ਨਗਰ, 20 ਨਵੰਬਰ ਨੂੰ ਪਟਿਆਲਾ, 22 ਨਵੰਬਰ ਨੂੰ ਰੂਪਨਗਰ ਅਤੇ 24 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।