ਪੰਜਾਬ ਵਿਚ ਇਸਾਈਸਤਾਨ ਬਣੇਗਾ ਜਾਂ ਖਾਲਿਸਤਾਨ? - ਠਾਕੁਰ ਦਲੀਪ ਸਿੰਘ
ਹਰਦਮ ਮਾਨ
ਸਰੀ, 2 ਅਕਤੂਬਰ 2023-ਮੌਜੂਦਾ ਹਾਲਾਤ ਵਿੱਚ ਪੰਜਾਬ ਵਿਚ ਖਾਲਿਸਤਾਨ ਦੀ ਮੰਗ ਕਰਨ ਖਾਲਸੇ ਨੂੰ ਸੰਬੋਧਨ ਹੁੰਦਿਆਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਮੰਗ ਕਰਨ ਵਾਲੇ ਖਾਲਸਾ ਜੀ! ਪੰਜਾਬ ਤਾਂ ਇਸਾਈਸਤਾਨ ਬਣਦਾ ਜਾ ਰਿਹਾ ਹੈ। ਜੇ ਸਿੱਖੀ ਪ੍ਰਚਾਰ ਵਧਾ ਕੇ ਇਸਾਈਅਤ ਨੂੰ ਠੱਲ੍ਹ ਨਾ ਪਾਈ ਗਈ ਤਾਂ 2047 ਤੱਕ ਅਜੋਕਾ ਪੂਰਾ ਪੰਜਾਬ ਹੀ ਇਸਾਈ ਬਣ ਜਾਵੇਗਾ।
ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਗਿਰਜਾ ਘਰ ਬਣ ਚੁੱਕੇ ਹਨ। ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਗੁਰਦਾਸਪੁਰ ਆਦਿ ਕੁਝ ਜ਼ਿਲ੍ਹੇ ਤਾਂ ਪੂਰਨ ਰੂਪ ਵਿੱਚ ਇਸਾਈ ਹੋ ਚੱਲੇ ਹਨ। ਇਸਾਈਆਂ ਦੀ ਵੱਡੀ ਗਿਣਤੀ ਹੋਣ ਕਾਰਨ ਉਹਨਾਂ ਨੇ ਪੰਜਾਬ ਵਿੱਚ ਆਪਣਾ ਇੱਕ ਰਾਜਨੀਤਕ ਦਲ ‘ਯੂਨਾਈਟਿਡ ਪੰਜਾਬ ਪਾਰਟੀ’ ਵੀ ਬਣਾ ਲਿਆ ਹੈ। ਕੀ ਫਿਰ ਤੁਸੀਂ, ਇਸਾਈ ਬਹੁ-ਗਿਣਤੀ ਵਾਲੇ ਇਲਾਕੇ ਨੂੰ 'ਖਾਲਿਸਤਾਨ' ਆਖੋਂਗੇ? ਪੰਜਾਬ ਵਿੱਚ ਇਸਾਈਆਂ ਦੇ ਵੱਡੇ ਸਮਾਗਮ ਵਿੱਚ ਜਿੰਨਾਂ ਇਕੱਠ ਹੁੰਦਾ ਹੈ, ਖਾਲਸਾ ਜੀ ਦੇ ਪੰਜ ਸਮਾਗਮਾਂ ਨੂੰ ਮਿਲਾ ਕੇ ਵੀ ਓਨਾ ਵੱਡਾ ਇਕੱਠ ਕਦੇ ਨਹੀਂ ਹੁੰਦਾ।
ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦਾ ਇੱਕ ਵੱਡਾ ਹਿੱਸਾ ਇਸਾਈ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਇਸਾਈਅਤ ਦਿਨੋ-ਦਿਨ ਵੱਧ ਰਹੀ ਹੈ। ਖਾਲਸਾ ਜੀ ਦੇ ਮੁੱਖ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਅਸਥਾਨ ਵਾਲੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਇਸਾਈਅਤ ਦਿਨੋ-ਦਿਨ ਵਧਦੀ ਜਾ ਰਹੀ ਹੈ। ਜੇ ਇਸੇ ਤੇਜ਼ ਰਫਤਾਰ ਨਾਲ ਖਾਲਸੇ, ਇਸਾਈ ਬਣਦੇ ਰਹੇ ਤਾਂ ਕੁਛ ਸਮੇਂ ਬਾਅਦ ਪੰਜਾਬ ਵਿੱਚ ਖਾਲਸੇ ਤਾਂ ਚੁੱਭੀ ਮਾਰਿਆਂ ਵੀ ਨਹੀਂ ਲੱਭਣੇ। ਉਨ੍ਹਾਂ ਇਹ ਵੀ ਕਿਹਾ ਕਿ ਇਸਾਈ ਬਣਨ ਵਾਲੇ ਬਹੁਤੇ ਲੋਕ ਕਿਸੇ ਵੇਲੇ ਖਾਲਸਾ ਹੀ ਸਨ; ਜੋ ਅੱਜ ਇਸਾਈ ਬਣ ਚੁੱਕੇ ਹਨ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਖਾਲਸੇ ਨੇ ਉਹਨਾਂ ਇਸਾਈ ਬਣਨ ਵਾਲੇ ਆਪਣੇ ਲੋਕਾਂ ਨੂੰ ਸੰਭਾਲਿਆ ਨਹੀਂ ਅਤੇ ਨਾ ਹੀ ਖਾਲਸਾ ਪੰਥ ਦਾ ਪ੍ਰਚਾਰ ਕੀਤਾ। ਜਿੰਨਾਂ ਸ਼ਕਤੀ ਅਤੇ ਪੈਸਾ ਖਾਲਸੇ ਨੇ ਖਾਲਿਸਤਾਨ ਬਣਾਉਣ ਦੇ ਅੰਦੋਲਨ ਵਾਸਤੇ ਲਾ ਦਿੱਤਾ ਹੈ; ਜੇ ਕਿਤੇ ਏਨੀ ਸ਼ਕਤੀ ਅਤੇ ਪੈਸਾ ਖਾਲਸੇ ਦਾ ਪ੍ਰਚਾਰ ਕਰਨ ਉੱਤੇ ਲਾਇਆ ਹੁੰਦਾ ਤਾਂ ਇਸਾਈ ਬਣ ਚੁੱਕੇ ਲੋਕ ਵੀ ਅੱਜ ਤੱਕ ਵਾਪਸ ‘ਖਾਲਸੇ’ ਬਣ ਚੁੱਕੇ ਹੁੰਦੇ। ਖਾਲਿਸਤਾਨ ਦੀ ਮੰਗ ਨੂੰ ਲੈ ਕੇ, ਜੋ 25000 ਦੇ ਕਰੀਬ ਕੀਮਤੀ ਜਾਨਾਂ ਗਈਆਂ ਹਨ, ਇਹ ਵੀ ਨਹੀਂ ਸੀ ਜਾਣੀਆਂ।
ਠਾਕੁਰ ਦਲੀਪ ਸਿੰਘ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਖਾਲਸਾ ਪੰਥ ਦੇ ਆਗੂ, ਖਾਲਿਸਤਾਨ ਦੇ ਵੱਡੇ ਆਗੂ ਅਤੇ ਖਾਲਸੇ ਦੀਆਂ ਵੱਡੀਆਂ ਸੰਸਥਾਵਾਂ: ਕਦੇ ਇਸਾਈਆਂ ਦਾ ਵਿਰੋਧ ਨਹੀਂ ਕਰਦੇ ਪਰੰਤੂ, ਜਿਸ ਭਾਰਤ ਦੇਸ਼ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਖਾਲਸਾ ਪ੍ਰਗਟ ਹੋਇਆ; ਉਸ ਭਾਰਤ ਦੇਸ਼ ਦਾ ਵਿਰੋਧ ਜ਼ਰੂਰ ਕਰਦੇ ਹਨ। ਇੱਥੋਂ ਤੱਕ ਕਿ ਜਿਨ੍ਹਾਂ ਹਿੰਦੂ ਪਰਿਵਾਰਾਂ ਵਿੱਚ ਸਾਡੇ ਗੁਰੂ ਜੀ ਪ੍ਰਗਟ ਹੋਏ ਅਤੇ ਜਿਨ੍ਹਾਂ ਹਿੰਦੂਆਂ ਵਿੱਚੋਂ ਖਾਲਸਾ ਪੰਥ ਬਣਿਆ; ਉਹਨਾਂ ਹਿੰਦੂਆਂ ਦਾ ਵਿਰੋਧ ਹਮੇਸ਼ਾਂ ਕਰਦੇ ਹਨ। ਖਾਲਿਸਤਾਨ ਦੀ ਲਹਿਰ ਚਲਾ ਕੇ ਭਾਰਤ ਸਰਕਾਰ ਨਾਲ ਟੱਕਰ ਲੈਣ ਦੀ ਗੱਲ ਤਾਂ ਜ਼ਰੂਰ ਕਰਦੇ ਹਨ; ਪਰ ਪਾਕਿਸਤਾਨ ਨਾਲ ਟੱਕਰ ਲੈ ਕੇ ਉਹਨਾਂ ਤੋਂ ਨਨਕਾਣਾ ਸਾਹਿਬ ਆਦਿ ਇਲਾਕੇ ਲੈਣ ਦੀ ਗੱਲ ਨਹੀਂ ਕਰਦੇ। ਇਹੋ ਵੀਰ, ਇਸਾਈਅਤ ਰੋਕਣ ਅਤੇ ਸਿੱਖੀ ਪ੍ਰਚਾਰ ਵਧਾਉਣ ਲਈ ਵੀ ਕੁਝ ਨਹੀਂ ਕਰਦੇ। ਜੇ ਖਾਲਸੇ ਨੇ ਆਪਣਾ ਪ੍ਰਚਾਰ ਵਧੀਆ ਢੰਗ ਨਾਲ ਕੀਤਾ ਹੁੰਦਾ ਤਾਂ ਪੰਜਾਬ ਵਿੱਚ ਇਸਾਈਅਤ ਵੜ ਹੀ ਨਹੀਂ ਸਕਦੀ ਸੀ।
ਪੰਜਾਬ ਵਾਸੀਆਂ ਨੂੰ ਮੁੜ ਖਾਲਸਾ ਬਣਾਉਣ ਵਾਸਤੇ ਸੁਝਾਅ ਦਿੰਦਿਆਂ ਠਾਕੁਰ ਦਲੀਪ ਸਿੰਘ ਨੇ ਕਿਹਾ “ਖਾਲਸਾ ਜੀ! ਪੰਜਾਬ ਵਿੱਚ ਖਾਲਿਸਤਾਨ ਬਣਾਉਣ ਤੋਂ ਪਹਿਲਾਂ ਪੰਜਾਬ ਨੂੰ ਇਸਾਈਸਤਾਨ ਬਣਨ ਤੋਂ ਰੋਕੋ। ਸਾਰੇ ਪੰਜਾਬ ਵਾਸੀਆਂ ਨੂੰ ਪਹਿਲਾਂ ਖਾਲਸੇ ਬਣਾਓ। ਖਾਲਸੇ ਦੇ, ਇਸਾਈਅਤ ਵਿੱਚ ਹੋ ਰਹੇ ਧਰਮ-ਪਰਿਵਰਤਨ ਨੂੰ ਰੋਕਣ ਲਈ ਇਸਾਈਆਂ ਦਾ ਵਿਰੋਧ ਕਰਨ ਦੀ ਬਜਾਏ; ਸਿੱਖੀ ਦਾ ਪ੍ਰਚਾਰ, ਪੂਰੀ ਤੀਬਰਤਾ ਨਾਲ, ਇਸਾਈਆਂ ਵਰਗੇ ਵਧੀਆ ਢੰਗ ਅਪਣਾ ਕੇ ਹੀ ਹੋਣਾ ਚਾਹੀਦਾ ਹੈ ਕਿਉਂਕਿ ਵਿਰੋਧ ਕਰਨ ਨਾਲ ਹਿੰਸਾ ਅਤੇ ਘਿਰਣਾ ਫੈਲਦੀ ਹੈ। ਪੰਥ ਘਿਰਣਾ ਨਾਲ ਨਹੀਂ; ਪ੍ਰੇਮ, ਪ੍ਰਚਾਰ ਅਤੇ ਸੇਵਾ ਨਾਲ ਵਧੇਗਾ। ਪ੍ਰਚਾਰ ਅਤੇ ਪ੍ਰੇਮ ਨਾਲ ਹੀ ਲੋਕਾਂ ਨੂੰ ਮੁੜ ਖਾਲਸੇ ਬਣਾਇਆ ਜਾ ਸਕਦਾ ਹੈ”।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚੋਂ ਖਾਲਿਸਤਾਨ ਵਾਸਤੇ ਧਰਤੀ ਦਾ ਇੱਕ ਟੋਟਾ ਕੱਢਣ ਤੋਂ ਪਹਿਲਾਂ ਖਾਲ਼ਿਸਤਾਨੀ ਵੀਰਾਂ ਨੂੰ ਖਾਲਿਸਤਾਨ ਬਣਾਉਣ ਲਈ ਪਾਕਿਸਤਾਨ ਵਿੱਚੋਂ ਨਨਕਾਣਾ ਸਾਹਿਬ, ਪੰਜਾਂ ਸਾਹਿਬ ਆਦਿ ਇਲਾਕੇ ਵੀ ਲੈ ਲੈਣੇ ਚਾਹੀਦੇ ਹਨ ਤਾਂ ਕਿ ਖਾਲਸੇ ਦੇ ਸਾਰੇ ਮੁੱਖ ਗੁਰਦੁਆਰੇ ਖਾਲਿਸਤਾਨ ਵਿੱਚ ਆ ਸਕਣ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com