ਜਿੱਥੇ ਸਫਾਈ-ਉੱਥੇ ਖੁਦਾਈ’ ਦੇ ਕਥਨ ਮੁਤਾਬਿਕ ਸਫਾਈ ਪ੍ਰਬੰਧ ਜਰੂਰੀ : ਆਰੇਵਾਲਾ/ਧਾਲੀਵਾਲ
ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਵਿੱਚ ਦਿੱਤਾ ਗਿਆ ਸਫਾਈ ਪ੍ਰਬੰਧਾਂ ’ਤੇ ਜੋਰ
ਕੋਟਕਪੂਰਾ, 2 ਅਕਤੂਬਰ 2023 :- ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਉਸਦੀ ਟੀਮ ਵੱਲੋਂ ਅੱਜ ਨਗਰ ਕੌਂਸਲ ਅਤੇ ਮਾਰਕਿਟ ਕਮੇਟੀ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਤਹਿਤ ਸਥਾਨਕ ਮਿਉਸਪਲ ਪਾਰਕ ਦੀ ਸਫਾਈ ਕੀਤੀ ਗਈ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਅਤੇ ਵਿਸ਼ੇਸ਼ ਮਹਿਮਾਨਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ ਤੇ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਨੇ ‘ਜਿੱਥੇ ਸਫਾਈ ਉੱਥੇ ਖੁਦਾਈ’ ਦੇ ਸਿਧਾਂਤ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਆਪਣਾ ਆਲਾ ਦੁਆਲਾ ਸਾਫ ਕਰਨ ਲਈ ਸਾਨੂੰ ਰੋਜਾਨਾ ਸਾਫ ਸਫਾਈ ਵਾਲੇ ਪਾਸੇ ਧਿਆਨ ਦੇਣਾ ਪਵੇਗਾ। ਮਨੀ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਭਾਵੇਂ ਸਾਡੀ ਨੌਜਵਾਨ ਪੀੜੀ ਰੁਜਗਾਰ ਕਾਰਨ ਵਿਦੇਸ਼ਾਂ ਵਿੱਚ ਰੁਖ ਕਰ ਰਹੀ ਹੈ ਪਰ ਪੰਜਾਬ ਦੇ ਜੰਮੇ ਪਲੇ ਨੌਜਵਾਨ ਅਤੇ ਬੱਚੇ ਵਿਦੇਸ਼ਾਂ ਦੇ ਸਾਫ ਸਫਾਈ ਵਾਲੇ ਪ੍ਰਬੰਧਾਂ ਅਤੇ ਵਾਤਾਵਰਣ ਦੀ ਸੰਭਾਲ ਵਾਲੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹਨਾ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜਿੱਥੇ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ’ਚ ਸੁਧਾਰ ਕਰਕੇ ਮੁਫਤ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਉੱਥੇ ਵਾਤਾਵਰਣ ਦੀ ਸੰਭਾਲ ਲਈ ਮੁਫਤ ਬੂਟੇ ਮੁਹੱਈਆ ਕਰਵਾਉਣ ਅਤੇ ਸਫਾਈ ਪ੍ਰਬੰਧਾਂ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਬਕਾਇਦਾ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਲਈ ਸਖਤ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਸਕੂਲ ਆਫ ਐਮੀਨੈਂਸ ਕੋਟਕਪੂਰਾ ਦੇ ਪਿ੍ਰੰਸੀਪਲ ਮੈਡਮ ਮਨਿੰਦਰ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਮਾ. ਕਰਨਜੀਤ ਸਿੰਘ ਸਰਾਂ ਨੇ ਦੱਸਿਆ ਕਿ ਬੱਚਿਆਂ ਨੇ ਪਾਨ ਥੁੱਕਣ, ਤੰਬਾਕੂਨੋਸ਼ੀ ਕਰਨ ਜਾਂ ਪੈਕਟ ਅਤੇ ਡੱਬਾ ਬੰਦ ਵਸਤੂਆਂ ਖਾਣ ਵਾਲਿਆਂ ਨੂੰ ਵਰਜਨ ਤੇ ਸੁਚੇਤ ਕਰਨ ਲਈ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਮਨਦੀਪ ਸਿੰਘ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਅਤੇ ਸਵੱਛ ਭਾਰਤ ਅਭਿਆਨ ਦੀ ਇੰਚਾਰਜ ਮੈਡਮ ਤੇਜਿੰਦਰ ਕੌਰ ਮੁਤਾਬਿਕ ਇਨਰਵੀਲ ਕਲੱਬ ਗੋਲਡ ਕੋਟਕਪੂਰਾ ਦੀ ਪ੍ਰਧਾਨ ਮੈਡਮ ਰਿੰਪੀ ਬਾਂਸਲ ਦੀ ਅਗਵਾਈ ਹੇਠ ਡਾ ਰਜਨੀ ਸਿੰਗਲਾ, ਡਾ ਸੁਨੀਤਾ ਅਗਰਵਾਲ, ਡਾ ਅਰਚਨਾ, ਡਾ ਸ਼ਿਵਾਨੀ, ਡਾ ਨੀਰੂ, ਡਾ ਨਮਿਤਾ ਆਦਿ ਨੇ ਵੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ ਵੱਖਰੇ ਥਾਂ ਇਕੱਠਾ ਕਰਕੇ ਉਸ ਤੋਂ ਬਣਨ ਵਾਲੀ ਗੁਣਕਾਰੀ ਖਾਦ ਨੂੰ ਘਰੇਲੂ ਬਗੀਚੀ ਅਤੇ ਗਮਲਿਆਂ ਵਿੱਚ ਪਾਉਣ ਦੇ ਅਨੇਕਾਂ ਨੁਕਤੇ ਸਾਂਝੇ ਕੀਤੇ। ਨਗਰ ਕੌਂਸਲ ਦੇ ਅਧਿਕਾਰੀਆਂ, ਕਰਮਚਾਰੀਆਂ ਸਮੇਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਸਫਾਈ ਸੇਵਕ ਯੂਨੀਅਨ ਦਾ ਵੀ ਇਸ ਮਿਸ਼ਨ ਵਿੱਚ ਭਰਪੂਰ ਸਹਿਯੋਗ ਰਿਹਾ।