ਮਿਡ ਡੇ ਮੀਲ ਕੁੱਕ ਬੀਬੀਆਂ ਨੇ ਮਲੇਰਕੋਟਲਾ ਵਿਖੇ ਕੀਤਾ ਰੋਸ ਪ੍ਰਦਰਸ਼ਨ
ਭਗਵੰਤ ਮਾਨ ਸਰਕਾਰ ਕੁੱਕ ਬੀਬੀਆਂ ਨਾਲ ਵਾਅਦੇ ਕਰਕੇ ਭੁੁਲੀ: ਲੋਪੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ , 2 ਅਕਤੂਬਰ 2023- ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਅੱਜ ਮਲੇਰਕੋਟਲਾ ਵਿਖੇ ਬੱਸ ਸਟੈਂਡ ਨੇੜੇ ਕੁੱਕ ਬੀਬੀਆਂ ਇਕੱਠੀਆਂ ਹੋਈਆਂ। ਜਿਸ ਬਾਅਦ ਜੋਰਦਾਰ ਨਾਅਰਿਆਂ ਨਾਲ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਮੁੱਖ ਸੜਕ ਰਾਹੀ ਡੀ.ਸੀ ਦਫਤਰ ਵੱਲ ਨੂੰ ਤੁਰੀਆਂ, ਤਾਂ ਤਹਿਸੀਲ ਕਚਹਿਰੀਆਂ ਨੇੜੇ ਪਹੰਚਣ ਤੇ ਡਿਊਟੀ ਮਜਿਸਟ੍ਰੇਟ ਗੁਰਵਿੰਦਰ ਸਿੰਘ ਢੀਂਡਸਾ ਨੇ ਪਹੁੰਚ ਕੇ ਮਿਡ ਡੇ ਮੀਲ ਬੀਬੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਰਕਾਰ ਨੂੰ ਤੁਰੰਤ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਇਕੱਠੀਆਂ ਹੋਈਆਂ ਮਿਡ ਡੇ ਮੀਲ ਕੁੁੱਕ ਸਰਕਾਰ ਤੇ ਵਾਅਦਾ ਖਿਲਰੀ ਦਾ ਦੋਸ਼ ਲਗਾਇਆ। ਇਸ ਮੌਕੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈਆਂ ਮਿਡ ਡੇ ਮੀਲ ਕੁੱਕ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ , ਮੁਕੇਸ ਰਾਣੀ ਅਮਰਗੜ੍ਹ, ਕਮਲੇਸ ਮਲੇਰਕੋਟਲਾ, ਅਮਰਜੀਤ ਕੌਰ ਢਢੋਗਲ, ਰਮਨਦੀਪ ਕੌਰ ਚੌਂਦਾ , ਮਨਪ੍ਰੀਤ ਕੌਰ ਬਿਜੌਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਵਿੱਚ ਆਮ ਆਦਮੀ ਦੀ ਕੋਈ ਸੱਦ ਪੁੱਛ ਨਹੀਂ , ਆਮ ਆਦਮੀ ਸੜਕਾਂ ਤੇ ਰੁਲ ਰਿਹਾ ਹੈ , ਉਸ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ। ਸਰਕਾਰ ਚੁਟਕਲੇ ਸੁਣਾਉਣ ਅਤੇ ਵੱਡੇ ਵੱਡੇ ਬੋਰਡ ਲਗਾਉਣ ਤੋਂ ਸਵਾਏ ਜਨਤਾ ਵੱਲ ਕੋਈ ਧਿਆਨ ਨਹੀਂ ਦੇ ਰਹੀ । ਉਹਨਾਂ ਅੱਗੇ ਆਪਣੀਆਂ ਮੰਗਾਂ ਤੇ ਗੱਲ ਕਰਦਿਆਂ ਕਿਹਾ ਤੇ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਸਾਰੀਆਂ ਮਿਡ ਡੇ ਮੀਲ ਕੁੁੱਕ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰ ਦਿੱਤਾ ਹੈ, ਪਰ ਦੂਸਰੇ ਪਾਸੇ ਜਿੱਥੇ ਇੱਕ ਦੋ ਵੀ ਬੱਚੇ ਘੱਟ ਗਏ ਹਨ , 10-10 ਸਾਲ ਤੋਂ ਕੰਮ ਕਰਦੀਆਂ ਮਿਡ ਡੇ ਮੀਲ ਕੁੱਕ ਨੂੰ ਸਕੂਲਾਂ ਚੋਂ ਕੱਢਿਆ ਜਾ ਰਿਹਾ ਹੈ । ਜਿਸ ਤੋਂ ਪੰਜਾਬ ਸਰਕਾਰ ਦੀ ਦੋਗਲੀ ਨੀਤੀ ਦਾ ਚਿਹਰਾ ਨੰਗਾ ਹੋ ਰਿਹਾ। ਉਹਨਾਂ ਮੰਗ ਕੀਤੀ ਕਿ ਬੱਚਿਆਂ ਦੀ ਗਿਣਤੀ ਘਟਣ ਤੇ ਸਕੂਲਾਂ ਚੋਂ ਕੁੱਕ ਕੱਢਣੀਆਂ ਬੰਦ ਕੀਤੀਆਂ ਜਾਣ ਕੀਤੀਆਂ । ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਮਿਡ ਡੇ ਮੀਲ ਕੁੱਕ ਗੈਸ ਦੇ ਨਾਲ ਜ਼ੋਖਮ ਭਰਿਆ ਕੰਮ ਕਰਦੀਆਂ ਹਨ, ਇਸ ਲਈ ਸਰਕਾਰ ਇਨ੍ਹਾਂ ਦਾ ਘੱਟੋ ਘੱਟ 5 ਲੱਖ ਰੁਪਏ ਦਾ ਬੀਮਾ ਆਪਣੇ ਖਰਚੇ ਤੇ ਕਰਵਾਏ। ਜੋ ਮਿਡ ਡੇ ਮੀਲ ਕੁੱਕ ਬੀ ਏ ਪਾਸ ਹਨ, ਉਹਨਾਂ ਨੂੰ ਬਲਾਕ ਦਫ਼ਤਰਾਂ ਵਿਚ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇ । ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਓਥੇ ਤਰੰਤ ਨਵੇਂ ਕੁੱਕ ਭਰਤੀ ਕੀਤੇ ਜਾਣ ਅਤੇ ਬੱਚੇ ਘੱਟਣ ਤੇ ਕੁੱਕ ਨੂੰ ਕੱਢਣ ਵਾਲਾ ਪੱਤਰ ਸਿੱਖਿਆ ਵਿਭਾਗ ਵਾਪਸ ਲਿਆ ਜਾਵੇ। ਆਗੂਆਂ ਨੇ ਇਹ ਵੀ ਦੋਸਤ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸਰਕਾਰ ਵਿੱਚ ਨਹੀਂ ਸੀ ਤਾਂ ਮਿਡੇ ਮੀਲ ਕੁੱਕ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਵਾਅਦੇ ਕਰਦਾ ਸੀ , ਪਰ ਹੁਣ ਮੀਟਿੰਗ ਲਈ ਸਮਾਂ ਦੇਣ ਤੋਂ ਭੱਜ ਰਿਹਾ ਹੈ। ਇਸ ਮੌਕੇ ਪ੍ਰੀਤੀ ਕੌਰ , ਗਗਨਦੀਪ ਕੌਰ, ਸੈਫੀ ਮੋਹਾਲੀ, ਰਣਵੀਰ ਕੌਰ ਅਤੇ ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਧਾਨ ਕੌਰ ਸਿੰਘ ਸੋਹੀ ਨੇ ਵੀ ਸੰਬੋਧਨ ਕੀਤਾ ।