ਪਿੰਡ ਕਲਸ ਤੋਂ 1 ਡਰੋਨ ਅਤੇ 2 ਕਿਲੋ 518 ਗ੍ਰਾਮ ਹੈਰੋਇਨ ਬਰਾਮਦ
ਬਲਜੀਤ ਸਿੰਘ
ਤਰਨ ਤਾਰਨ, 3 ਅਕਤੂਬਰ 2023 : ਪਾਕਿਸਤਾਨੀ ਡਰੋਨ ਦੀਆਂ ਭਾਰਤੀ ਖੇਤਰ ਵਿੱਚ ਦਸਤਕ ਦੇਣ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡਰੋਨ ਨੂੰ ਭਾਰਤ ਪੁੱਜੀ 2 ਕਿਲੋ 518 ਗ੍ਰਾਮ ਹੈਰੋਇਨ ਸਮੇਤ ਪੰਜਾਬ ਪੁਲਸ ਅਤੇ ਬੀ.ਐਸ.ਐਫ ਵੱਲੋਂ ਬਰਾਮਦ ਕਰ ਲਿਆ ਗਿਆ।
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖਾਲੜਾ ਅਧੀਨ ਆਉਂਦੀ ਬੀ.ਉ.ਪੀ ਕਲਸੀਆਂ ਰਾਹੀਂ ਡਰੋਨ ਦਾਖਲ ਹੋਣ ਸਬੰਧੀ ਰਾਤ 9 ਵਜੇ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐਸ.ਐਫ ਵੱਲੋਂ ਤਲਾਸ਼ੀ ਅਭਿਆਨ ਦੌਰਾਨ ਗੁਰਜੰਟ ਸਿੰਘ ਪੁੱਤਰ ਘਸੀਟਾ ਸਿੰਘ ਵਾਸੀ ਪਿੰਡ ਕਲਸੀਆਂ ਦੇ ਖੇਤਾਂ ਵਿੱਚੋਂ ਡਰੋਨ ਸਮੇਤ 2 ਕਿਲੋ 518 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੈਰੋਇਨ ਇੱਕ ਪੈਕਟ ਵਿੱਚ ਮੋਜੂਦ ਸੀ ਅਤੇ ਡਰੋਨ ਨਾਲ ਟੰਗਿਆ ਹੋਇਆ ਸੀ। ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਨਸ਼ਾ ਤਸਕਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।