ਨੂੰਹ-ਸੱਸ ਨੂੰ ਧੱਕਾ ਮਾਰ ਕੇ ਪਰਸ ਖੋਹ ਕੇ ਲੁਟੇਰੇ ਫਰਾਰ
ਰਵਿੰਦਰ ਸਿੰਘ
ਖੰਨਾ, 3 ਅਕਤੂਬਰ 2023 : ਇਲਾਕੇ ਵਿੱਚ ਚੋਰੀ ਅਤੇ ਲੁੱਟ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਦਿਨ-ਦਿਹਾੜੇ ਨੇੜਲੇ ਪਿੰਡ ਸਿਹਾਲਾ ਦੀ ਨੂੰਹ-ਸੱਸ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਧੱਕਾ ਮਾਰਕੇ ਹੇਠਾਂ ਸੁੱਟ ਕੇ ਜ਼ਖਮੀ ਕਰ ਦੇਣ ਤੋਂ ਬਾਅਦ ਉਨ੍ਹਾਂ ਦਾ ਪਰਸ ਖੋਹ ਕੇ ਫਰਾਰ ਹੋ ਗਏ। ਇਸ ਘਟਨਾ 'ਚ ਬਜ਼ੁਰਗ ਔਰਤ ਨੂੰ ਕਾਫੀ ਸੱਟਾਂ ਵੱਜੀਆਂ ਅਤੇ ਉਸਦੇ ਸਿਰ ਉੱਤੇ ਕਈ ਟਾਂਕੇ ਲੱਗੇ, ਜਦਕਿ ਉਸਦੀ ਨੂੰਹ ਵੀ ਜ਼ਖਮੀ ਹੋਈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਨਵੀਰ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਨਾਲ ਸਮਰਾਲਾ ਵਿਖੇ ਬਾਜ਼ਾਰ ਵਿਖੇ ਖ਼ਰੀਦੋ-ਫਰੋਖ਼ਤ ਕਰਨ ਆਈ ਸੀ ਅਤੇ ਦੁਪਹਿਰ ਕਰੀਬ 2 ਵਜੇ ਜਿਵੇ ਹੀ ਉਹ ਆਪਣੀ ਸਕੂਟਰੀ ’ਤੇ ਪਿੰਡ ਵਾਪਸ ਜਾਣ ਲਈ ਬਜ਼ਾਰ ਵਿਚੋਂ ਐੱਚ.ਡੀ.ਐੱਫ਼.ਸੀ. ਬੈਂਕ ਦੇ ਨਾਲ ਵਾਲੀ ਸੜ੍ਹਕ ’ਤੇ ਪਹੁੰਚੇ ਤਾਂ ਥੋੜਾ ਅੱਗੇ ਜਾਕੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ, ਜ਼ਿਨ੍ਹਾਂ ਆਪਣੇ ਚੇਹਰੇ ਕੱਪੜੇ ਨਾਲ ਢੱਕੇ ਹੋਏ ਸਨ ਵੱਲੋਂ ਉਨ੍ਹਾਂ ਦੀ ਸਕੂਟਰੀ ਨੂੰ ਲੱਤ ਮਾਰ ਕੇ ਹੇਠਾ ਸੁੱਟ ਦਿੱਤਾ। ਜਿਸ ਨਾਲ ਉਸਦੀ ਸੱਸ ਦੇ ਸਿਰ ’ਤੇ ਸੱਟਾਂ ਵੱਜੀਆਂ ਅਤੇ ਉਹ ਖੁੱਦ ਵੀ ਜ਼ਖਮੀ ਹੋ ਗਈ। ਇਸੇ ਦੌਰਾਨ ਲੁਟੇਰਿਆਂ ਨੇ ਸਕੂਟਰੀ ਦੇ ਅੱਗੇ ਪਿਆ ਉਸਦਾ ਪਰਸ ਚੁੱਕ ਲਿਆ, ਜਿਸ ਵਿਚ 8 ਹਜ਼ਾਰ ਰੁਪਏ, ਸੋਨੇ ਦੀਆਂ ਦੋ ਅੰਗੂਠੀਆਂ, 3 ਕਰੈਡਿਟ ਕਾਰਡ, ਪਾਸਪੋਰਟ ਅਤੇ ਹੋਰ ਜਰੂਰੀ ਕਾਗਜਾਤ ਸਨ ਲੈ ਕੇ ਫਰਾਰ ਹੋ ਗਏ। ਮਨਵੀਰ ਕੌਰ ਨੇ ਦੱਸਿਆ ਕਿ ਉਹ ਲੁਟੇਰਿਆਂ ਦੇ ਪਿੱਛੇ ਵੀ ਭੱਜੀ ਅਤੇ ਰੌਲਾ ਵੀ ਪਾਇਆ, ਪਰ ਆਲੇ ਦੁਆਲੇ ਕੋਈ ਨਾ ਹੋਣ ਕਰਕੇ ਲੁਟੇਰੇ ਫਰਾਰ ਹੋਣ ਚ ਸਫਲ ਰਹੇ। ਸੱਸ ਨੂੰਹ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ। ਜਿਥੇ ਮਨਵੀਰ ਕੌਰ ਦੀ ਸੱਸ ਦੇ ਸਿਰ ’ਤੇ ਜਿਆਦਾ ਸੱਟ ਹੋਣ ਕਾਰਨ ਕਈ ਟਾਂਕੇ ਲਗਾਏ ਗਏ।
ਇਸ ਘਟਨਾ ਦੀ ਸੀ.ਸੀ.ਟੀ.ਵੀ. ਫੂਟੇਜ ਵੀ ਸਾਹਮਣੇ ਆਈ ਹੈ । ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਿਆ। ਇਸ ਫੁਟੇਜ ਦੇ ਆਧਾਰ 'ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ।