ਮਜ਼ਦੂਰ ਵਿਰੋਧੀ ਲਿਆਂਦੇ ਗਏ ਫੈਸਲੇ ਦਾ ਕੀਤਾ ਸਖ਼ਤ ਵਿਰੋਧ : ਨਾਇਬ ਭਗਤੂਆਣਾ
ਮਨਜੀਤ ਸਿੰਘ ਢੱਲਾ
ਜੈਤੋ, 3 ਅਕਤੂਬਰ 2023 : ਸਰਕਾਰ ਵੱਲੋਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਖਿਲਾਫ਼ ਲਿਆਂਦੇ ਨਵੇਂ ਫੈਸਲੇ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸਖ਼ਤ ਵਿਰੋਧ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਨਾਇਬ ਸਿੰਘ ਭਗਤੂਆਣਾ ਅਤੇ ਸਿਕੰਦਰ ਸਿੰਘ ਦਬੜੀਖਾਨਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਾਸ ਕੀਤੇ ਇਸ ਕਾਨੂੰਨ ਰਾਹੀਂ ਮਜ਼ਦੂਰਾਂ ਤੋਂ ਹੁਣ 8 ਘੰਟੇ ਦੀ ਜਗ੍ਹਾਂ 12 ਘੰਟੇ ਕੰਮ ਲਿਆ ਜਾਵੇਗਾ। ਇਸ ਫੈਸਲੇ ਨੇ ਫੇਰ ਅੰਗਰੇਜ਼ ਹਕੂਮਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਅੱਠ ਘੰਟੇ ਕੰਮ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੂੰ ਕੁਰਬਾਨੀ ਦੇਣੀ ਪਈ ਸੀ ਤਾਂ ਜਾ ਕੇ ਅੱਠ ਘੰਟੇ ਦਿਹਾੜੀ ਦਾ ਸਮਾਂ ਪਾਸ ਕੀਤਾ ਗਿਆ ਸੀ। ਪਰ ਅੱਜ ਫੇਰ ਆਪ ਨੇ ਇਹ ਪਾਸ ਕਰਕੇ ਦੱਸ ਦਿੱਤਾ ਹੈ ਕਿ ਅਸੀਂ ਭਾਜਪਾ ਦੀ ਬੀ ਟੀਮ ਹਾਂ ਅਤੇ ਹਮੇਸ਼ਾ ਉਸ ਮੁਤਾਬਿਕ ਹੀ ਚੱਲਾਂਗੇ।
ਆਗੂਆਂ ਨੇ ਕਿਹਾ ਕਿ ਸਰਕਾਰ ਦੇ ਮਜ਼ਦੂਰ ਜਮਾਤ ਵਿਰੋਧੀ ਇਸ ਫੈਸਲੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਸਮੂੰਹ ਮਜ਼ਦੂਰ ਯੂਨੀਅਨਾਂ, ਜਥੇਬੰਦੀਆਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਆਓ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰੀਏ ।