ਚੰਦਰੇ ਚੇਅਰਮੈਨੀ ਸਲੂਟ ਨੇ ਦਬੰਗ ਥਾਣੇਦਾਰ ਦੀ ਵਿਗਾੜੀ ਚਾਲ
ਅਸ਼ੋਕ ਵਰਮਾ
ਬਠਿੰਡਾ,19ਨਵੰਬਰ:ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬਠਿੰਡਾ ਨਾਲ ਸਬੰਧਤ ਵੱਖ ਵੱਖ ਅਦਾਰਿਆਂ ਦੇ ਕਰੀਬ ਅੱਧੀ ਦਰਜਨ ਚੇਅਰਮੈਨਾਂ ਨੂੰ ਪ੍ਰੋਟੋਕੋਲ ਮੁਤਾਬਕ ਸਲੂਟ ਨਾਂ ਮਾਰਨ ਦੇ ਮਾਮਲੇ ’ਚ ਵਿਵਾਦਾਂ ਦਾ ਵਿਸ਼ਾ ਬਣੇ ਅਤੇ ਜਿਲ੍ਹਾ ਪੁਲਿਸ ਦੇ ਕਿਰਕਿਰੀ ਕਰਾਉਣ ਵਾਲੇ ਟਰੈਫਿਕ ਪੁਲਿਸ ਬਠਿੰਡਾ ਦੇ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪਿਛੇ ਕੁੱਝ ਸਮੇਂ ਤੋਂ ਜਿਲ੍ਹਾ ਟਰੈਫਿਕ ਪੁਲਿਸ ਦੇ ਮੁਲਾਜਮ ਕਿਸੇ ਨਾਂ ਕਿਸੇ ਕਾਰਨ ਚਰਚਾ ਵਿੱਚ ਰਹਿਣ ਲੱਗੇ ਸਨ ਜਿਸ ਨੂੰ ਕਾਫੀ ਸਮਾਂ ਤਾਂ ਜਿਲ੍ਹਾ ਪੁਲਿਸ ਦੇ ਅਫਸਰਾਂ ਨੇ ਨਜ਼ਰ ਅੰਦਾਜ ਕਰੀ ਰੱਖਿਆ ਸੀ। ਹੁਣ ਜਦੋਂ ਸੱਤਾਧਾਰੀ ਪਾਰਟੀ ਨਾਲ ਜੁੜੇ ਇੰਨ੍ਹਾਂ ਪੰਜ ਮੋਹਰੀ ਆਗੂਆਂ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਤਾਂ ਕਸੂਤੀ ਸਥਿਤੀ ’ਚ ਫਸਣ ਲੱਗੇ ਪੁਲਿਸ ਪ੍ਰਸ਼ਾਸ਼ਨ ਨੂੰ ਸਖਤ ਫੈਸਲਾ ਲੈਣਾ ਪਿਆ ਹੈ।
ਸ਼ਹਿਰ ਵਿੱਚ ਅਮਰੀਕ ਸਿੰਘ ਨੂੰ ਇਮਾਨਦਾਰ ,ਸਮਾਜਸੇਵੀ ਕਾਰਜਾਂ ’ਚ ਮੋਹਰੀ ਅਤੇ ਪੀੜਤਾਂ ਦੇ ਕੰਮ ਆਉਣ ਤੋਂ ਇਲਾਵਾ ਦਬੰਗ ਪੁਲਿਸ ਅਧਿਕਾਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਸਬ ਇੰਸਪੈਕਟਰ ਦਲਜੀਤ ਸਿੰਘ ਨੂੰ ਟਰੈਫਿਕ ਪੁਲਿਸ ਦੇ ਇੰਚਾਰਜ ਦੀ ਜਿੰਮੇਵਾਰੀ ਦਿੱਤੀ ਹੈ ਜੋ ਮੋਗਾ ਤੋਂ ਤਬਦੀਲ ਹੋਕੇ ਆਏ ਹਨ। ਸਬ ਇੰਸਪੈਕਟਰ ਅਮਰੀਕ ਸਿੰਘ ਦੇ ਮਾਮਲੇ ਦੀ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਚੇਅਰਮੈਨਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਅਸੀਂ ਇਸ ਆਡੀਓ ਵਿੱਚ ਅਮਰੀਕ ਸਿੰਘ ਦੀ ਅਵਾਜ਼ ਹੋਣ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਅਵਾਜ ਸੁਣਾਈ ਦੇ ਰਹੀ ਹੈ ਉਹ ਬਿਲਕੁਲ ਅਮਰੀਕ ਸਿੰਘ ਵਰਗੀ ਹੀ ਹੈ।
ਆਡੀੳ ਵਿੱਚ ਟਰੈਫਿਕ ਪੁਲਿਸ ਇੰਚਾਰਜ ਟਰੈਫਿਕ ਪੁਲਿਸ ਦੇ ਮੁਲਾਜਮਾਂ ਨੂੰ ਐਸ ਐਸ ਪੀ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਚੇਅਰਮੈਨਾਂ ਦਾ ਮਾਣ ਸਨਮਾਨ ਕਰਨ ਸਬੰਧੀ ਨੋਟ ਕਰਵਾ ਰਿਹਾ ਹੈ। ਆਡੀਓ ਅਨੁਸਾਰ ਬਠਿੰਡਾ ਜਿਲ੍ਹੇ ਵਿੱਚ ਪੰਜ ਚੇਅਰਮੈਨ ਹਨ ਜੋ ਐਸ ਐਸ ਪੀ ਸਾਹਿਬ ਨੂੰ ਮਿਲਕੇ ਆਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਅਸੀਂ ਲੰਘਦੇ ਹਾਂ ਤਾਂ ਟਰੈਫਿਕ ਪੁਲਿਸ ਕਰਮਚਾਰੀ ਨਾਂ ਤਾਂ ਉਨ੍ਹਾਂ ਨੂੰ ਸਲੂਟ ਮਾਰਦੇ ਹਨ ਜਦੋਂਕਿ ਪ੍ਰੋਟੋਕੋਲ ਮੁਤਾਬਕ ਸਲੂਟ ਮਾਰਨਾ ਬਣਦਾ ਹੈ। ਹੂਟਰ ਮਾਰਨ ਦੇ ਬਾਵਜੂਦ ਸਾਨੂੰ ਨਾਂ ਹੀ ਰਾਹ ਦਿਵਾਇਆ ਜਾਂਦਾ ਹੈ ਬਲਕਿ ਮੁਲਾਜਮ ਮੌਜ ਨਾਲ ਸਾਈਡ ਤੇ ਹੋਕੇ ਖੜ੍ਹ ਜਾਂਦੇ ਹਨ। ਆਡੀਓ ’ਚ ਅਮਰੀਕ ਸਿੰਘ ਆਖ ਰਿਹਾ ਹੈ ਕਿ ਜਦੋਂ ਚੇਅਰਮੈਨ ਆਉਂਦਾ ਹੈ ਜਾਂ ਫਿਰ ਹੂਟਰ ਵੱਜਦਾ ਹੈ ਤਾਂ ਉਸਨੂੰ ਲੰਘਾਇਆ ਜਾਏ।
ਆਡੀਓ ਵਿੱਚ ਐਸਐਸਪੀ ਨੂੰ ਮਿਲਕੇ ਆਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਇਸ ਮਾਮਲੇ ਦੇ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਉੱਛਲਣ ਕਾਰਨ ਚੇਅਰਮੈਨਾਂ ਅਤੇ ਹਾਕਮ ਧਿਰ ਦੇ ਅਕਸ ਨੂੰ ਕਾਫੀ ਢਾਹ ਲੱਗੀ ਹੈ। ਦੂਜੇ ਪਾਸੇ ਚੇਅਰਮੈਨਾਂ ਨੇ ਐਸ ਐਸ ਪੀ ਬਠਿੰਡਾ ਨਾਲ ਇਸ ਤਰਾਂ ਦੇ ਮਾਮਲੇ ’ਚ ਮੁਲਾਕਾਤ ਕਰਨ ਦੀ ਗੱਲ ਨੂੰ ਪੂਰੀ ਤਰਾਂ ਨਕਾਰਿਆ ਹੈ। ਪੰਜਾਬ ਮੀਡੀਅਮ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਨੀਲ ਗਰਗ ਬਠਿੰਡਾ ਦਾ ਕਹਿਣਾ ਸੀ ਕਿ ਉਹ ਲੋਕ ਪੂਰ ਦਿਨ ਲੋਕਾਂ ’ਚ ਆਮ ਆਦਮੀ ਦੀ ਤਰਾਂ ਵਿਚਰਦੇ ਹਨ ਫਿਰ ਵੀ ਪਤਾ ਨਹੀਂ ਸਲੂਟ ਵਾਲੀ ਗੱਲ ਕਿੱਧਰੋਂ ਆ ਗਈ।
ਇਸੇ ਤਰਾਂ ਪੰਜਾਬ ਟਰੇਡਰਜ਼ ਕਮਸ਼ਿਨ (ਆਬਕਾਰੀ ਤੇ ਕਰ ਵਿਭਾਗ) ਦੇ ਚੇਅਰਮੈਨ ਅਨਿਲ ਠਾਕੁਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਪੁਲਿਸ ਸੁਰੱਖਿਆ ਵੀ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਸ਼ਹਿਰ ’ਚ ਹੁਣ ਵੀ ਸਕੂਟਰ ਤੇ ਜਾਂਦੇ ਹਨ। ਦੋਵਾਂ ਚੇਅਰਮੈਨਾਂ ਨੇ ਇਸ ਸਬੰਧ ਵਿੱਚ ਚੱਲ ਰਹੀ ਚਰਚਾ ਨੂੰ ਤੱਥਾਂ ਤੋਂ ਰਹਿਤ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਹੋਰਨਾ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਸਲੂਟ ਮਾਰਨ ਜਾਂ ਖੁਦ ਨੂੰ ਵੀਆਈਪੀ ਦਿਖਾਉਣ ’ਚ ਕੋਈ ਵਿਸ਼ਵਾਸ਼ ਨਹੀਂ ਹੈ।
ਵਿਵਾਦਾਂ ’ਚ ਰਹੀ ਟਰੈਫਿਕ ਪੁਲਿਸ
ਬਠਿੰਡਾ ਟਰੈਫਿਕ ਪੁਲਿਸ ਹਮੇਸ਼ਾ ਵਿਵਾਦਾਂ ਵਿੱਚ ਉਲਝਦੀ ਰਹਿੰਦੀ ਹੈ। ਕਾਫੀ ਸਮਾਂ ਪਹਿਲਾਂ ਟਰੈਫਿਕ ਪੁਲਿਸ ਦੇ ਇੱਕ ਕਰਮਚਾਰੀ ਨੇ ਐਡਵੇਕੇਟ ਨਵਦੀਪ ਸਿੰਘ ਜੀਦਾ ਜੋ ਹੁਣ ਪੰਜਾਬ ਸਰਕਾਰ ਦੇ ਚੇਅਰਮੈਨਾਂ ਵਿੱਚੋਂ ਇੱਕ ਹਨ ਨਾਲ ਬਦਸਲੂਕੀ ਕੀਤੀ ਸੀ ਜਿਸ ਨੂੰ ਲੈਕੇ ਵਕੀਲ ਭਾੲਚਾਰੇ ਨੇ ਜਿਲ੍ਹਾ ਪੁਲਿਸ ਖਿਲਾਫ ਮੋਰਚਾ ਖੋਹਲੀ ਰੱਖਿਆ ਸੀ। ਪਿੱਛੇ ਜਿਹੇ ਬੱਸ ਅੱਡਾ ਚੌਂਕ ‘ਚ ਇੱਕ ਵਿਅਕਤੀ ਨੇ ਟਰੈਫਿਕ ਪੁਲਿਸ ਦੇ ਇੱਕ ਮੁਲਾਜਮ ਤੇ ਚਾਹ ਦੇ ਪੈਸੇ ਨਾਂ ਦੇਣ ਦੇ ਦੋਸ਼ ਲਾਏ ਸਨ। ਇਸ ਤੋਂ ਬਿਨਾਂ ਵੀ ਟਰੈਫਿਕ ਪੁਲਿਸ ਮੁਲਾਜਮਾਂ ਦੀ ਚਰਚਾ ਕਿਸੇ ਨਾਂ ਕਿਸੇ ਕਾਰਨ ਹੁੰਦੀ ਰਹਿੰਦੀ ਹੈ। ਟਰੈਫਿਕ ਪੁਲਿਸ ਕਾਰਨ ਇੱਕ ਵਾਰ ਬੱਸ ਕਾਮਿਆਂ ਨੇ ਹੜਤਾਲ ਵੀ ਕਰ ਦਿੱਤੀ ਸੀ ਜਿਸ ਨੂੰ ਖਤਮ ਕਰਵਾਉਣ ਲਈ ਅਫਸਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ।
ਅਨੁਸ਼ਾਸ਼ਨ ਭੰਗ ਕਰਨ ’ਤੇ ਕਾਰਵਾਈ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਸਬ ਇੰਸਪੈਕਟਰ ਅਮਰੀਕ ਸਿੰਘ ਵੱਲੋਂ ਪੁਲਿਸ ਦਾ ਅਨੁਸ਼ਾਸ਼ਨ ਭੰਗ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਕੋਈ ਆਦੇਸ਼ ਜਾਰੀ ਨਾਂ ਕਰਨ ਦੇ ਬਾਵਜੂਦ ਉਨ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਜਿਹੇ ਮਾਮਲੇ ਨੂੰ ਲੈਕੇ ਉਨ੍ਹਾਂ ਨੂੰ ਨਾਂ ਕੋਈ ਚੇਅਰਮੈਨ ਮਿਲਣ ਨਾਂ ਹੀ ਸ਼ਕਾਇਤ ਲੈਕੇ ਆਇਆ ਹੈ।