ਨਸ਼ਿਆਂ ਦੀ ਲਤ ਇੱਕ ਗੰਭੀਰ ਬਿਮਾਰੀ, ਪਟਿਆਲਾ ਪੁਲਿਸ ਇਸ ਦੇ ਇਲਾਜ ਲਈ ਸਹਿਯੋਗ ਕਰਕੇ ਨਸ਼ਾ ਤਸਕਰਾਂ 'ਤੇ ਕੱਸ ਰਹੀ ਹੈ ਲਗਾਮ: ਵਰੁਣ ਸ਼ਰਮਾ
-ਕਿਹਾ, ਨਸ਼ਿਆਂ ਦੀ ਸਪਲਾਈ ਚੇਨ ਪੁਲਿਸ ਨੇ ਤੋੜੀ, ਮੰਗ ਖ਼ਤਮ ਕਰਨ ਲਈ ਸਮਾਜ ਦੇਵੇ ਸਹਿਯੋਗ
-ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ 'ਚ ਨਸ਼ਿਆਂ ਵਿਰੁੱਧ ਚੁਕਾਈ ਸਹੁੰ
ਪਟਿਆਲਾ, 20 ਨਵੰਬਰ 2023- ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਇੱਥੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਕਰਵਾਇਆ। ਯੂਨਾਈਟਿਡ ਨੇਸ਼ਨ ਦੀ ਥੀਮ ਉਤੇ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਅ ਕੇ ਨਸ਼ਿਆਂ ਦੀ ਮੰਗ ਖ਼ਤਮ ਕਰਨ ਦਾ ਪ੍ਰਣ ਕਰਵਾਇਆ ਗਿਆ।
ਕਮਿਉਨਿਟੀ ਪੁਲਿਸਿੰਗ ਦੇ ਹਿੱਸੇ ਵਜੋਂ ਕਰਵਾਏ ਸੈਮੀਨਾਰ ਮੌਕੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਸਮਾਜ ਨੂੰ ਪੁਲਿਸ ਦਾ ਸਹਿਯੋਗ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ, ਹੁਣ ਲੋਕ ਰਲ ਮਿਲਕੇ ਹੰਭਲਾ ਮਾਰਦੇ ਹੋਏ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਅੱਗੇ ਆਉਣ।
ਨਸ਼ਿਆਂ ਦੀ ਲਤ ਨੂੰ ਇੱਕ ਗੰਭੀਰ ਬਿਮਾਰੀ ਦੱਸਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਇਸਦੇ ਸ਼ਿਕਾਰ ਵਿਅਕਤੀਆਂ ਦੇ ਇਲਾਜ ਲਈ ਪੂਰਾ ਸਹਿਯੋਗ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਿਸੇ ਕਾਰਨ ਨਸ਼ਿਆਂ ਦੀ ਲਤ ਦੇ ਸ਼ਿਕਾਰ ਵਿਅਕਤੀ ਨੂੰ ਬਿਮਾਰ ਮੰਨਕੇ ਇਸ ਦਾ ਇਲਾਜ ਕਰਵਾਉਣ ਦੀ ਨੀਤੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਲਗਾਮ ਕਸਦੇ ਹੋਏ ਨਸ਼ਾ ਤਸਕਰਾਂ ਦੀ 7 ਕਰੋੜ ਰੁਪਏ ਤੋਂ ਵਧੇਰੇ ਦੀ ਜਾਇਦਾਦ ਕੁਰਕ ਕਰਵਾਕੇ ਸੂਬੇ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਵਰੁਣ ਸ਼ਰਮਾ ਨੇ ਕਿਹਾ ਕਿ 15 ਤੋਂ 35 ਸਾਲ ਦੀ ਉਮਰ ਤੱਕ ਨਸ਼ਿਆਂ ਦੀ ਲਤ ਲੱਗਣ ਦਾ ਖ਼ਤਰਾ ਸਭ ਤੋਂ ਜਿਆਦਾ ਹੁੰਦਾ ਹੈ, ਇਸ ਲਈ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਦੋਸਤੀ ਦੇ ਵਾਸਤੇ ਪਾ ਕੇ ਨਸ਼ੇ ਦੀ ਲਤ ਲਗਾਉਣ ਵਾਲੇ ਤੋਂ ਦੂਰ ਰਹਿਕੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਨੇ ਨੇੜਲੇ ਪੁਲਿਸ ਸਟੇਸ਼ਨ ਤੇ ਸਾਕੇਤ ਨਸ਼ਾ ਮੁਕਤੀ ਕੇਂਦਰ ਦੀ ਸਹਿਯੋਗੀ ਹੈਲਪ ਲਾਈਨ ਨੰਬਰ 0175-2213385 ਦੀ ਮਦਦ ਲੈਣ ਲਈ ਵੀ ਆਖਿਆ। ਪ੍ਰੋਗਰਾਮ ਦੌਰਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਨਸ਼ਿਆਂ ਵਿਰੁੱਧ ਸਹੁੰ ਚੁਕਾਈ।
ਇਸ ਮੌਕੇ ਜਨ ਹਿਤ ਸੰਮਤੀ ਵੱਲੋਂ 3 ਦਸੰਬਰ ਨੂੰ ਕਰਵਾਈ ਜਾਣ ਵਾਲੀ ਨਸ਼ਿਆਂ ਵਿਰੁੱਥ ਹਾਫ਼ ਮੈਰਾਥਨ ਦਾ ਪੋਸਟਰ ਤੇ ਪਾਵਰ ਹਾਊਸ ਯੂਥ ਕਲੱਬ ਤੇ ਫਾਊਂਡੇਸ਼ਨ ਫਾਰ ਡਰੱਗ ਫ਼ਰੀ ਵਰਲਡ ਦਾ ਨਸ਼ਿਆਂ ਵਿਰੁੱਧ ਜਾਗਰੂਕਤਾ ਕਿਤਾਬਚਾ ਜਾਰੀ ਕੀਤਾ ਗਿਆ। ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਥਾਪਰ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਡਾ. ਅਜੇ ਬਾਤਿਸ਼, ਡੀਨ ਡਾ. ਇੰਦਰਵੀਰ ਚਾਨਾ, ਰਜਿਸਟਰਾਰ ਡਾ. ਗੁਰਬਿੰਦਰ ਸਿੰਘ, ਡੀ.ਐਸ.ਪੀ ਸੰਜੀਵ ਸਿੰਗਲਾ, ਨਸ਼ਾ ਮੁਕਤ ਭਾਰਤ ਅਭਿਆਨ ਦੇ ਮੈਂਬਰ ਪਰਮਿੰਦਰ ਭਲਵਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਤੇ ਸਟੇਟ ਐਵਾਰਡੀ ਰੁਪਿੰਦਰ ਕੌਰ ਨੇ ਸੈਮੀਨਾਰ ਲਈ ਭਰਪੂਰ ਸਹਿਯੋਗ ਦਿੱਤਾ।
ਇਸ ਮੌਕੇ ਸਰਕਾਰੀ ਆਈ.ਟੀ.ਆਈ. ਲੜਕੇ, ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਤੇ ਥਾਪਰ ਇੰਸਟੀਚਿਊਟ ਦੇ ਵਿਦਿਆਰਥੀਆਂ ਸਮੇਤ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਸੈਣੀ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ, ਟ੍ਰੇਨਿੰਗ ਅਫ਼ਸਰ ਸੁਖਵੰਤ ਸਿੰਘ, ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਜਨ ਹਿੱਤ ਸੰਮਤੀ ਤੋ ਵਿਨੋਦ ਸ਼ਰਮਾ, ਵਿਨੇ ਸ਼ਰਮਾ, ਉਪਕਾਰ ਸਿੰਘ ਵੀ ਮੌਜੂਦ ਸਨ।