ਸ਼ਹੀਦੀ ਜੋੜ ਮੇਲ ਤੋਂ ਪਹਿਲਾਂ ਸੜਕਾਂ ਦੀ ਹਾਲਤ ਠੀਕ ਕਰਨ ਦੀ ਮੰਗ
ਗੁਰਪ੍ਰੀਤ ਸਿੰਘ ਜਖਵਾਲੀ
ਸ੍ਰੀ ਫ਼ਤਿਹਗੜ੍ਹ ਸਾਹਿਬ, 20 ਨਵੰਬਰ 2023 : ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਦੀ ਯਾਦ ਵਿੱਚ 26,27,28 ਦਸੰਬਰ ਨੂੰ ਸ਼ਹੀਦੀ ਜੋੜ ਮੇਲ ਸ਼੍ਰੀ ਫਤਹਿਗੜ ਸਹਿਬ ਵਿਖੇ ਮਨਾਇਆ ਜਾਣਾ ਹੈ। ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਨਤਮਸਤਕ ਹੋਣ ਲਈ ਆਉਣਾ ਹੈ।ਪ੍ਰੰਤੂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜੋੜ ਦੀਆਂ 15 ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ:ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜਿਲਾ ਪਰੀਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਸੜਕਾਂ ਦਾ ਮੌਕਾ ਦੇਖਣ ਤੁਰੰਤ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪੱਤਰ ਰਾਹੀਂ ਸੜਕਾਂ ਦੇ ਮਾੜੇ ਹਾਲਾਤਾਂ ਬਾਰੇ ਜਾਣੂ ਕਰਵਾ ਚੁੱਕੇ ਹਾਂ,ਪ੍ਰੰਤੂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੀਆਂ ਨਕਾਮੀਆਂ ਕਾਰਨ ਸੜਕਾਂ ਦੇ ਹਾਲਾਤ ਪਿਛਲੇ ਦੋ ਸਾਲਾਂ ਤੋਂ ਬਹੁਤ ਮਾੜੇ ਹਨ ਪ੍ਰਸ਼ਾਸਨ ਕੇਵਲ ਮੀਟਿੰਗਾਂ ਕਰਨ ਤੱਕ ਸੀਮਤ ਹੈ।ਸ:ਭੁੱਟਾ ਨੇ ਕਿਹਾ ਕਿ ਹੜਾਂ ਕਾਰਨ ਟੁੱਟੀਆਂ ਸੜਕਾਂ ਦੀ ਅਜੇ ਤੱਕ ਕੋਈ ਰਿਪੇਅਰ ਨਹੀਂ ਕਰਵਾਈ ਗਈ।ਹੜਾਂ ਕਾਰਨ ਟੁੱਟੀਆਂ ਸੜਕਾਂ ਲਈ ਸਰਕਾਰ ਨੇ ਜੋ ਫੰਡ ਜਾਰੀ ਕੀਤੇ ਸਨ ਉਹ ਵੀ ਖੁਰਦ ਬੁਰਦ ਹੋ ਗਏ ਜਾਪਦੇ ਹਨ।
ਇਸ ਤੋਂ ਇਲਾਵਾ ਭੁੱਟਾ ਨੇ ਕਿਹਾ ਕਿ ਪੀ ਡਬਲੀੳੁ ਡੀ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ 15 ਨਵੰਬਰ ਤੋਂ 31 ਮਾਰਚ ਤੱਕ ਸਰਦੀ ਦਾ ਮੌਸਮ ਹੋਣ ਕਰਕੇ ਲੁੱਕ ਪਾਉਣ ਦਾ ਕੰਮ ਸੜਕਾਂ ਤੇ ਨਹੀਂ ਕਰਵਾਇਆ ਜਾ ਸਕਦਾ ਇਸ ਕਰਕੇ ਸਮੁੱਚੀਆਂ ਸੰਗਤਾਂ ਇਲਾਕੇ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਚਿੰਤਤ ਹਨ।ਸ:ਭੁੱਟਾ ਨੇ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ।ਇਸ ਮੌਕੇ ਸੁਖਵਿੰਦਰ ਸਿੰਘ ਜੋਧਪੁਰ ਲਖਮੀਰ ਸਿੰਘ ਆਦਿ ਹਾਜ਼ਰ ਸਨ।