ਸੀ ਪੀ ਆਈ ਐਮ ਐਲ ਵਲੋਂ ਸਿਆਸੀ ਕਾਨਫਰੰਸ
-ਆਗੂਆਂ ਨੇ ਲੋਕਾਂ ਨੂੰ ਜਮਾਤੀ ਸੰਘਰਸ਼ ਤੇਜ ਕਰਨ ਦਾ ਦਿੱਤਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 20 ਨਵੰਬਰ 2023 : ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ ) ਨਿਊਡੈਮੋਕਰੇਸੀ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 31ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਕਾਮਰੇਡ ਸੰਘਾ ਦੀ ਯਾਦਗਾਰ ਉੱਤੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਆਗੂ ਕਾਮਰੇਡ ਦਲਜੀਤ ਸਿੰਘ ਐਡਵੋਕੇਟ ਵਲੋਂ ਨਿਭਾਈ ਗਈ । ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਸਾਥੀ ਸੰਘਾ ਜੀ ਦੇ ਦਰਸਾਏ ਰਾਹ ਉੱਤੇ ਚੱਲਦਿਆਂ ਜਮਾਤੀ ਯੁੱਧ ਨੂੰ ਹੋਰ ਤੇਜ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਵਾਰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਅਵਾਰਡ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੂੰ ਦੇਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਸੂਬਾਈ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ ਅਤੇ ਕਾਮਰੇਡ ਅਜਮੇਰ ਸਿੰਘ ਸਮਰਾ ਨੇ ਆਖਿਆ ਕਿ ਸ਼ਹੀਦ ਸਾਥੀ ਸੰਘਾ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਕਿਹਾ ਕਿ ਦੁਨੀਆਂ ਵਿਚ ਆਰਥਿਕ ਮੰਦਵਾੜਾ ਵਧ ਰਿਹਾ ਹੈ ਜੋ ਕਿ ਸਾਮਰਾਜਵਾਦ ਦਾ ਸੰਕਟ ਹੈ।ਰੂਸ-ਯੂਕਰੇਨ ਜੰਗ ਅਤੇ ਇਸਰਾਇਲ -ਫਲਸਤੀਨ ਯੁੱਧ ਸਾਮਰਾਜਵਾਦ ਦੀ ਦੇਣ ਹੈ।ਸਾਮਰਾਜੀ ਤਾਕਤਾਂ ਦੂਸਰੇ ਦੇਸ਼ਾਂ ਨੂੰ ਆਪਣੇ ਹਿੱਤਾਂ ਅਨੁਸਾਰ ਚਲਾਉਣਾ ਚਾਹੁੰਦੀਆਂ ਹਨ।ਉਹਨਾਂ ਕਿਹਾ ਕਿ ਸੰਸਾਰ ਹੁਣ ਅਮਰੀਕਾ ਦੀ ਚੌਧਰ ਵਾਲਾ ਇਕ ਧਰੁੱਵੀ ਸੰਸਾਰ ਨਹੀਂ ਰਿਹਾ।ਉਕਤ ਦੇਸ਼ਾਂ ਦਰਮਿਆਨ ਜੰਗਬੰਦੀ ਕਰਾਉਣ ਵਿਚ ਯੂ.ਐਨ.ਓ ਵੀ ਨਕਾਰਾ ਸਾਬਤ ਹੋਇਆ ਹੈ।ਉਹਨਾਂ ਕਿਹਾ ਕਿ ਅਮਰੀਕਾ ਦੀ ਸ਼ਹਿ ਨਾਲ ਇਜਰਾਇਲ ਫਲਸਤੀਨ ਵਿਚ ਤਬਾਹੀ ਮਚਾ ਰਿਹਾ ਹੈ। ਜਿਸ ਵਿਚ ਬੱਚਿਆਂ, ਔਰਤਾਂ ਅਤੇ ਹੋਰ ਨਾਗਰਿਕਾਂ ਦੀ ਵੱਡੀ ਪੱਧਰ ਉੱਤੇ ਤਬਾਹੀ ਕੀਤੀ ਜਾ ਰਹੀ ਹੈ।ਆਗੂਆਂ ਨੇ ਕਿਹਾ ਕਿ ਜੇਕਰ ਅਸੀਂ ਨਿਗਾਹ ਮਾਰੀਏ ਤਾਂ ਕੇਂਦਰ ਦੀ ਮੋਦੀ ਸਰਕਾਰ ਇਕ ਦੇਸ਼- ਇਕ ਮੰਡੀ ,ਇਕ ਦੇਸ਼-ਇਕ ਟੈਕਸ, ਇਕ ਦੇਸ਼-ਇਕ ਬੋਲੀ ਲਾਗੂ ਕਰਕੇ ਦੇਸ਼ ਦੀ ਵੰਨਸੁਵੰਨਤਾ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ।
ਮੋਦੀ ਸਰਕਾਰ ਦੇ ਰਾਜ ਕਰਨ ਦੇ ਤਰੀਕੇ ਆਮ ਨਹੀਂ ਖਾਸ ਹਨ ,ਤਾਕਤ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹੱਕਾਂ ਉੱਤੇ ਸੱਟ ਮਾਰੀ ਜਾ ਰਹੀ ਹੈ । ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ ।ਨਵੀਂ ਕਿਸਮ ਦਾ ਕੌਮਵਾਦ ਉਭਾਰਿਆ ਜਾ ਰਿਹਾ ਹੈ ।ਨਵੀਂ ਵਿਦਿਆ ਨੀਤੀ ਰਾਹੀਂ ਸਿਰਫ ਇਕ ਵਿਚਾਰ ਲੈਕੇ ਆਂਦਾ ਜਾ ਰਿਹਾ । ਉਹਨਾਂ ਕਿਹਾ ਕਿ ਮੋਦੀ ਸਰਕਾਰ ਹਰ ਵਿਰੋਧੀ ਵਿਚਾਰਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ,ਪ੍ਰੈਸ ਦੀ ਆਜਾਦੀ ਨੂੰ ਕੁਚਲ ਰਹੀ ਹੈ।ਇਸ ਸਰਕਾਰ ਦੇ ਫਾਸ਼ੀ ਹੱਲੇ ਤੇਜੀ ਨਾਲ ਵਧ ਰਹੇ ਹਨ। ਮੋਦੀ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤ ਪੂਰਦੀਆਂ ਆਰਥਿਕ ਅਤੇ ਵਿੱਤੀ ਨੀਤੀਆਂ ਲਾਗੂ ਕਰ ਰਹੀ ਹੈ ਉਹਨਾਂ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹੱਲੇ ਵਿਰੁੱਧ ਸੇਧਤ ਕਰਨਾ ਚਾਹੀਦਾ ਹੈ ।ਇਸ ਮੌਕੇ , ਬੀਬੀ ਗੁਰਬਖਸ਼ ਕੌਰ ਸੰਘਾ,ਹਰੀ ਰਾਮ ਰਸੂਲਪੁਰੀ ਕਮਲਜੀਤ ਸਨਾਵਾ ਅਤੇ ਅਵਤਾਰ ਸਿੰਘ ਤਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਗੂੰ ਨਿਕੰਮੀ ਸਾਬਤ ਹੋਈ ਹੈ।ਇਸ ਸਰਕਾਰ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਜਿਸ ਉੱਤੇ ਪੰਜਾਬ ਦੇ ਲੋਕ ਮਾਣ ਮਹਿਸੂਸ ਕਰ ਸਕਣ।ਉਹਨਾਂ ਕਿਹਾ ਕਿ ਦੇਸ਼ ਦੀ ਤਸਵੀਰ ਨਕਸਲਬਾੜੀ ਦੇ ਰਾਹ ਉੱਤੇ ਚੱਲਦਿਆਂ ਨਵਜਮਹੂਰੀ ਇਨਕਲਾਬ ਕਰਕੇ ਹੀ ਬਦਲ ਸਕਦੀ ਹੈ ,ਇਹੀ ਰਾਹ ਹੈ ਜੋ ਸਾਥੀ ਸੰਘਾ ਨੇ ਸਾਨੂੰ ਦਿਖਾਇਆ ਹੈ ।ਸਾਨੂੰ ਇਸ ਲੁੱਟ ਅਧਾਰਤ ਪ੍ਰਬੰਧ ਨੂੰ ਬਦਲਣ ਦੇ ਯਤਨ ਤੇਜ਼ ਕਰਨੇ ਚਾਹੀਦੇ ਹਨ।
ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਦੀ ਨਾਟਕ ਟੀਮ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਫੀਆਂ ਪੇਸ਼ ਕੀਤੀਆਂ ਗਈਆਂ।