ਪਲੀਤ ਹੋ ਰਹੇ ਵਾਤਾਵਰਣ ਨੂੰ ਨਾ ਸੰਭਾਲਿਆ ਤਾਂ ਵਧੇਗੀ ਪੀੜਤਾਂ ਦੀ ਤਾਦਾਦ : ਸਰਾਂ
ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਦੇ ਬੱਚਿਆਂ ਨੂੰ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ
ਦੀਪਕ ਗਰਗ
ਕੋਟਕਪੂਰਾ, 20 ਨਵੰਬਰ 2023 :- ਭਾਵੇਂ ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਸਮੇਤ ਵਾਤਾਵਰਣ ਨੂੰ ਪ੍ਰੇਮ ਕਰਨ ਵਾਲੀਆਂ ਅਨੇਕਾਂ ਸੰਸਥਾਵਾਂ, ਜਥੇਬੰਦੀਆਂ ਅਤੇ ਕਲੱਬਾਂ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਦਰੱਖਤ ਬਣਨ ਤੱਕ ਉਹਨਾ ਦੀ ਸਾਂਭ ਸੰਭਾਲ ਕਰਨ ਦਾ ਹੌਕਾ ਦਿੱਤਾ ਜਾ ਰਿਹਾ ਹੈ ਪਰ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਕੁਦਰਤ ਨੇ ਰੁੱਖਾਂ ਦੀ ਸੰਭਾਲ ਦਾ ਸੁਨੇਹਾ ਦੇਣ ਲਈ ਇਸ ਤਰਾਂ ਝੰਜੋੜਿਆ ਅਤੇ ਅਜਿਹਾ ਝਟਕਾ ਦਿੱਤਾ ਕਿ ਆਮ ਲੋਕਾਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਹੋ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਲੀਜ ਕੈਨੇਡਾ ਦੇ ਸਹਿਯੋਗ ਨਾਲ ਜਾਗਰੂਕਤਾ ਵਾਲੀਆਂ ਕਾਪੀਆਂ ਦੇ ਵੰਡਣ ਲਈ ਰੱਖੇ ਸਮਾਗਮ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਾਅਵਾ ਕੀਤਾ ਕਿ ਜੇਕਰ ਦਰੱਖਤਾਂ ਦੀ ਆਕਸੀਜਨ ਦੇ ਉਤਪਾਦਨ, ਪ੍ਰਦੂਸ਼ਣ ’ਤੇ ਕੰਟਰੋਲ, ਤਾਪਮਾਨ ਨੂੰ ਘਟਾਉਣ, ਪਾਣੀ ਨੂੰ ਮੁੜ ਵਰਤਣਯੋਗ ਬਣਾਉਣ, ਜਮੀਨ ਨੂੰ ਖੁਰਨ ਤੋਂ ਰੋਕਣ ਅਤੇ ਵਾਤਾਵਰਣ ਵਿੱਚੋਂ ਇਕ ਕੁਇੰਟਲ 50 ਕਿੱਲੋ ਕਾਰਬਨ ਡਾਈਆਕਸਾਈਡ ਸੋਖਨ ਦੀਆਂ ਸਹੂਲਤਾਂ ਅਤੇ ਫਾਇਦਿਆਂ ਦਾ ਜੋੜ ਲਾਉਣਾ ਹੋਵੇ ਤਾਂ ਇਕ ਦਰੱਖਤ ਸਾਨੂੰ ਲਗਭਗ ਇਕ ਕਰੋੜ ਰੁਪਏ ਦਾ ਫਾਇਦਾ ਦਿੰਦਾ ਹੈ। ਸਕੂਲ ਮੁਖੀ ਮਨਜੀਤ ਸਿੰਘ ਢਿੱਲੋਂ ਅਤੇ ਸਮੁੱਚੇ ਸਟਾਫ ਵਲੋਂ ਅਧਿਆਪਕਾ ਪਰਮਜੀਤ ਕੌਰ ਸਰਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਉਹਨਾਂ ਮੰਨਿਆ ਕਿ ਸੁਸਾਇਟੀ ਵਲੋਂ ਵਾਤਾਵਰਣ ਦੀ ਸੰਭਾਲ ਦੇ ਨਾਲ ਨਾਲ ਸਮਾਜ ਸੁਧਾਰਕ ਅਤੇ ਜਾਗਰੂਕਤਾ ਵਾਲੇ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਅਤੇ ਪ੍ਰੇਰਨਾਸਰੋਤ ਹਨ।
ਆਪਣੇ ਸੰਬੋਧਨ ਦੌਰਾਨ ਰਜਿੰਦਰ ਸਿੰਘ ਸਰਾਂ, ਮਾ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਗੁਰਮੀਤ ਸਿੰਘ ਮੀਤਾ, ਜਸਵਿੰਦਰ ਸਿੰਘ ਬਰਾੜ, ਸੋਮਨਾਥ ਅਰੋੜਾ ਅਤੇ ਸਰਨ ਕੁਮਾਰ ਨੇ ਦੱਸਿਆ ਕਿ ਅੱਜ ਪਲੀਤ ਹੋ ਰਹੇ ਵਾਤਾਵਰਣ ਕਾਰਨ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਪਰ ਅਸੀਂ ਵਾਤਾਵਰਣ ਦੀ ਸੰਭਾਲ ਕਰਨ ਦੀ ਬਜਾਇ ਇਲਾਜ ਕਰਵਾਉਣ ਨੂੰ ਜਿਆਦਾ ਤਰਜੀਹ ਦੇ ਰਹੇ ਹਾਂ। ਉਹਨਾਂ ਵੱਖ ਵੱਖ ਵਿਕਸਿਤ ਮੁਲਕਾਂ ਦੀਆਂ ਉਦਾਹਰਨਾ ਦਿੰਦਿਆਂ ਆਖਿਆ ਕਿ ਤੰਦਰੁਸਤ ਮਨੁੱਖੀ ਜੀਵਨ ਜਿਉਣ ਲਈ 33 ਫੀਸਦੀ ਰਕਬਾ ਜੰਗਲ ਅਧੀਨ ਹੋਣਾ ਚਾਹੀਦਾ ਹੈ ਪਰ ਪੰਜਾਬ ਵਿੱਚ ਮਹਿਜ ਸਾਢੇ 3 ਫੀਸਦੀ ਰਕਬਾ ਹੀ ਜੰਗਲ ਅਧੀਨ ਬਚਿਆ ਹੈ, ਜੋ ਕਿ ਚਿੰਤਾਜਨਕ ਰੁਝਾਨ ਹੈ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਮੁਕਾਬਲੇ ਪੱਛੜੇ ਸੂਬਿਆਂ ਵਜੋਂ ਜਾਣੇ ਜਾਂਦੇ ਬਿਹਾਰ ਅਤੇ ਯੂ.ਪੀ. ਵਿੱਚ ਜੰਗਲ ਅਧੀਨ ਰਕਬਾ ਪੰਜਾਬ ਤੋਂ ਬਹੁਤ ਜਿਆਦਾ ਹੈ। ਉਹਨਾਂ ਆਖਿਆ ਕਿ ਜੇਕਰ ਵਾਤਾਵਰਣ ਦੀ ਸੰਭਾਲ ਪ੍ਰਤੀ ਅਜੇ ਵੀ ਜਾਗਰੂਕ ਨਾ ਹੋਏ ਤਾਂ ਪੈਦਾਇਸ਼ੀ ਬੱਚਿਆਂ ਵਿੱਚ ਭਿਆਨਕ ਬਿਮਾਰੀਆਂ ਦੀ ਜਿੱਥੇ ਦਰ ਵਿੱਚ ਵਾਧਾ ਹੋਵੇਗਾ, ਉੱਥੇ ਹਰ ਘਰ ਵਿੱਚ ਬਿਮਾਰ ਅਤੇ ਪੀੜਤ ਮੈਂਬਰਾਂ ਦੀ ਤਾਦਾਦ ਵਧਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ।