ਨਿਊਯਾਰਕ ਦੇ ਗੁਰਦੁਆਰਾ ਸਾਹਿਬ 'ਚ ਭਾਰਤੀ ਰਾਜਦੂਤ ਤਰਨਜੀਤ ਸੰਧੂ ਹੋਏ ਨਤਮਸਤਕ, ਸਿੱਖ ਭਾਈਚਾਰੇ ਵਲੋਂ ਸਨਮਾਨ
ਇੱਕਾ-ਦੁੱਕਾ ਖ਼ਾਲਿਸਤਾਨੀਆਂ ਵੱਲੋਂ ਸੰਧੂ ਨਾਲ ਸਵਾਲ ਜਵਾਬ ਕਰਨ ਦੀ ਕੋਸਿਸ਼
ਨਿਊਯਾਰਕ, 27 ਨਵੰਬਰ 2023- ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਰਾਜਦੂਤ, ਤਰਨਜੀਤ ਸਿੰਘ ਸੰਧੂ ਨੇ ਸਿੱਖ ਭਾਈਚਾਰੇ ਨਾਲ ਗੁਰਪੁਰਬ ਮਨਾਉਣ ਲਈ ਲੌਂਗ ਆਈਲੈਂਡ, ਨਿਊਯਾਰਕ ਵਿੱਚ ਹਿਕਸਵਿਲੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ ਅਤੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਧੂ ਨੇ ਜਿਥੇ ਕੀਰਤਨ ਸਰਵਨ ਕੀਤਾ, ਉਥੇ ਹੀ ਗੁਰਦੁਆਰਾ ਸਾਹਿਬ ਵਿਚ ਲੰਗਰ ਵੀ ਛਕਿਆ। ਇਸ ਦੌਰਾਨ ਸੰਧੂ ਨੂੰ ਗੁਰਦੁਆਰਾ ਸਾਹਿਬ ਵਿਚ ਇੱਕਾ-ਦੁੱਕਾ ਖ਼ਾਲਿਸਤਾਨੀਆਂ ਦੇ ਵਲੋਂ ਸਵਾਲ ਜਵਾਬ ਵੀ ਕੀਤੇ ਗਏ।
ਤਰਨਜੀਤ ਸਿੰਘ ਸੰਧੂ ਨੇ ਸੰਗਤਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ, "ਅੱਜ ਦਾ ਦਿਨ ਮੇਰੇ ਲਈ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਵਿੱਚ ਆਉਣਾ ਅਤੇ ਇਸ ਸ਼ੁਭ ਦਿਹਾੜੇ 'ਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਬਹੁਤ ਖਾਸ ਦਿਨ ਹੈ। ਮੈਨੂੰ ਸੱਦਾ ਦੇਣ ਲਈ ਮੈਂ ਗੁਰਦੁਆਰਾ ਪ੍ਰਬੰਧਕਾਂ ਦਾ ਧੰਨਵਾਦੀ ਹਾਂ।" "ਅਮਰੀਕਾ ਵਿੱਚ ਰਹਿਣ ਵਾਲਿਆਂ ਲਈ ਜੇਕਰ ਅਸੀਂ ਗੁਰੂ ਦੇ ਸਮੇਂ ਤੋਂ ਆਪਣੀ ਧਾਰਮਿਕ ਵਿਰਾਸਤ ਦਾ ਅਧਿਐਨ ਕਰਦੇ ਹਾਂ, ਉਹ ਹਮੇਸ਼ਾ ਅਗਾਂਹਵਧੂ ਵਿਚਾਰਾਂ ਲਈ ਬੋਲਦੇ ਸਨ, ਜੇਕਰ ਅਸੀਂ ਇਸਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਤਾਂ ਇਹ ਬਹੁਤ ਵਧੀਆ ਹੋਵੇਗਾ।
ਇਸ ਮੌਕੇ ਰਾਜਦੂਤ ਸੰਧੂ ਨੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਔਖੇ ਸਮੇਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੇ ਵਿਰਸੇ ਨੂੰ ਜਿਉਂਦਾ ਰੱਖਿਆ ਹੈ। ਸੰਧੂ ਨੇ ਸਮਾਗਮ ਦੌਰਾਨ ਕਿਹਾ ਕਿ ਸਿੱਖਾਂ ਦਾ ਅਫਗਾਨਿਸਤਾਨ ਨਾਲ ਬਹੁਤ ਪੁਰਾਣਾ ਸਬੰਧ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਬਹੁਤ ਸਾਰੇ ਗੁਰੂ ਅਫਗਾਨਿਸਤਾਨ ਗਏ ਸਨ।
ਰਾਜਦੂਤ ਸੰਧੂ ਨੇ ਇਸ ਮੌਕੇ ਨਿਊਯਾਰਕ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਜਾ ਕੇ ਅਰਦਾਸ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ, ਭਾਰਤੀ ਰਾਜਦੂਤ ਨੇ ਲੋਂਗ ਆਈਲੈਂਡ ਵਿੱਚ ਭਾਰਤੀ ਭਾਈਚਾਰੇ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਨਿਊਯਾਰਕ ਵਿੱਚ ਭਾਰਤ ਦੇ ਮੌਜੂਦਾ ਕੌਂਸਲ ਜਨਰਲ ਰਣਧੀਰ ਜੈਸਵਾਲ ਦੇ ਵਿਦਾਇਗੀ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ।