‘ਤੂੰ ਵੀ ਹੱਠ ਦੀ ਏਂ ਪੱਕੀ ’ਤੇ ਡੇਰੇ ਸਾਡੇ ਵੀ ਨੇ ਦੂਰ’- ਮਾਮਲਾ ਚੰਡੀਗੜ੍ਹ ਮੋਰਚੇ ਦਾ
ਅਸ਼ੋਕ ਵਰਮਾ
ਬਠਿੰਡਾ,27 ਨਵੰਬਰ 2023: ਦਿੱਲੀ ਕਿਸਾਨ ਮੋਰਚੇ ਮੌਕੇ ਦਿੱਤੇ ਕੇਂਦਰ ਸਰਕਾਰ ਵੱਲੋਂ ਭਰੋਸੇ ਉਪਰੰਤ ਕਿਸਾਨਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਅਤੇ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਨੂੰ ਲੈਕੇ ਸ਼ੁਰੂ ਕੀਤੇ ਚੰਡੀਗੜ੍ਹ ਦੇ ਬਾਰਡਰ ਤੇ ਮੋਰਚੇ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਇਹ ਸਮਝਦੀਆਂ ਹਨ ਕਿ ਉਹ ਕਿਸਾਨੀ ਨਾਲ ਕੀਤੇ ਵਾਅਦਿਆਂ ਤੋਂ ਭੱਜ ਜਾਣਗੀਆਂ ਤਾਂ ਇਹ ਭੁਲੇਖਾ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਦੀ ਮੋਦੀ ਸਰਕਾਰ ਨੂੰ ਵੀ ਤਾਂ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕੀਤਾ ਸੀ ਇਸ ਲਈ ਹੁਣ ਵੀ ਸਰਕਾਰਾਂ ਵਕਤ ਦੀ ਨਜ਼ਾਕਤ ਪਛਾਨਣ ਅਤੇ ਕਿਸਾਨੀ ਮੰਗਾਂ ਘੋਲ ਨੂੰ ਲਈ ਨਿੱਗਰ ਪਹਿਲਕਦਮੀ ਕਰਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਨਵੰਬਰ ਤੋਂ ਸ਼ੁਰੂ ਹੋਏ ਲਗਾਤਾਰ ਤਿੰਨ ਦਿਨ ਅਤੇ ਰਾਤ ਦੇ ਕਿਸਾਨ ਮੋਰਚੇ ਦੇ ਇਹ ਤੱਥ ਹਨ।
ਵੱਖ ਵੱਖ ਕਿਸਾਨ ਜੱਥੇਬੰਦੀਆਂ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਪੂਰੀ ਤਿਆਰੀ ਨਾਲ ਪੁੱਜੀਆਂ ਹਨ। ਕਿਸਾਨ ਮੋਰਚੇ ਨੂੰ ਐਤਕੀਂ ਕਿਸਾਨ ਬੀਬੀਆਂ ਦਾ ਵੀ ਨਾਲੋ ਨਾਲ ਸਾਥ ਮਿਲਿਆ ਹੈ।ਐਤਵਾਰ ਨੂੰ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਤੇ ਕਿਸਾਨਾਂ ਦੇ ਪਹਿਲੇ ਜੱਥੇ ਵਿੱਚ ਸ਼ਾਮਲ ਕਿਸਾਨ ਔਰਤਾਂ ਨੇ ਝੰਡਾ ਲਹਿਰਾਕੇ ਨਾਅਰੇ ਲਾਏ ਤਾਂ ਇੱਕ ਵਾਰ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਜਿੰਨ੍ਹਾਂ ਨੂੰ ਏਦਾਂ ਦੀ ਆਸ ਨਹੀਂ ਸੀ । ਸਰਹੱਦ ਤੇ ਤਾਇਨਾਤ ਪੁਲਿਸ ਪ੍ਰਸ਼ਾਸ਼ਨ ਤਿੰਨ ਪੜਾਵੀ ਸਖਤ ਸੁਰੱਖਿਆ ਕਰਨ ਦੇ ਦਾਅਵਿਆਂ ਦੀ ਜਿੰਨੀ ਮਰਜੀ ਪੰਡ ਬੰਨ੍ਹੀ ਜਾਏ ਪਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸਰਹੱਦ ਤੇ ਤਾਇਨਾਤ ਪੁਲਿਸ, ਕੇਂਦਰੀ ਬਲਾਂ ਅਤੇ ਹੋਰ ਸੁਰੱਖਿਆ ਫੋਰਸਾਂ ਨੂੰ ਕਿਸਾਨ ਮੋਰਚੇ ਦੇ ਡਰ ਨੇ ਸੁੱਕਣੇ ਪਾ ਰੱਖਿਆ ਹੈ।
ਵੱਡੀ ਗੱਲ ਇਹ ਹੈ ਕਿ ਦਿੱਲੀ ਮੋਰਚੇ ਦੀ ਧਾਰ ਕੁੱਝ ਦਿਨ ਮਗਰੋਂ ਤਿੱਖੀ ਹੋਈ ਸੀ ਜਦੋਂਕਿ ਚੰਡੀਗੜ੍ਹ ਮੋਰਚਾ ਸ਼ੁਰੂ ਹੀ ਤਿੱਖੇ ਰੌਂਅ ’ਚ ਹੋਇਆ ਹੈ ਜੋ ਪ੍ਰਸ਼ਾਸ਼ਨ ਦੇ ਫਿਕਰ ਵਧਾਉਣ ਵਾਲੀ ਗੱਲ ਹੈ। ਪਿੰਡਾਂ ਵਿੱਚੋਂ ਕੀ ਨਿਆਣਾ ਕੀ ਸਿਆਣਾ ਸਭ ਨੇ ਅਗੇਤਾ ਹੀ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੇ ਸ਼ੂਕਦੇ ਟਰੈਕਟਰ, ਪੱਕਦਾ ਲੰਗਰ, ਘਰ ਦੇ ਦੁੱਧ ਦੀ ਉਬਾਲੇ ਮਾਰਦੀ ਚਾਹ ਅਤੇ ਦਾਲਾਂ ਸਬਜੀਆਂ ਨੂੰ ਲੱਗਦੇ ਤੜਕੇ ਦੀਆਂ ਆਉਂਦੀਆਂ ਮਹਿਕਾਂ ਕਿਸਾਨੀ ਰੋਹ ਦਾ ਪ੍ਰਮਾਣ ਜਾਪਦੀਆਂ ਹਨ। ਕਿਸਾਨ ਪੂਰੀ ਤਿਆਰੀ ਕਰਕੇ ਆਏ ਹਨ ਤਾਂ ਜੋ ਮੋਰਚਾ ਵਧਾਉਣਾ ਦੀ ਸੂਰਤ ’ਚ ਪਿੱਛੇ ਝਾਕਣ ਦੀ ਲੋੜ ਹੀ ਨਾਂ ਪਵੇ। ਜਿਕਰਯੋਗ ਹੈ ਕਿ ਸਿੰਘੂ ਬਾਰਡਰ ਤੇ ਲਾਏ ਕਿਸਾਨ ਮੋਰਚੇ ਦੌਰਾਨ ਕਿਸਾਨੀ ਨੇ ਵੀ ਕਾਫੀ ਕੁੱਝ ਸਿੱਖਿਆ ਹੈ ਜੋ ਹੁਣ ਵਤਿਆ ਜਾ ਰਿਹਾ ਹੈ।
ਜਿਸ ਤਰਾਂ ਕਿਸਾਨ ਜੱਥੇਬੰਦੀਆਂ ਨੇ ਤਿਆਰੀਆਂ ਕੀਤਆਂ ਹੋਈਆਂ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਕਿਸਾਨ ਆਰ ਪਾਰ ਦੀ ਲੜਾਈ ਦੇ ਰੌਂਅ ’ਚ ਆਏ ਹਨ। ਠੰਢ ਦੇ ਮੱਦੇਨਜ਼ਰ ਰਾਤ ਨੂੰ ਸੌਣ ਲਈ ਵੱਡੀਆਂ ਵੱਡੀਆਂ ਟਰਾਲੀਆਂ ਲਿਆਂਦੀਆਂ ਹੋਈਆਂ ਹਨ ਜਿੰਨ੍ਹਾਂ ਵਿੱਚ ਪਾਲਾ ਬਿਲਕੁਲ ਵੀ ਨਹੀਂ ਲੱਗਦਾ ਹੈ। ਪਿੰਡਾਂ ਚੋਂ ਜੋ ਵੀ ਕਿਸਾਨ ਧਰਨੇ ’ਚ ਸ਼ਾਮਲ ਹੋਣ ਲਈ ਆਏ ਹਨ ਤਾਂ ਉਨ੍ਹਾਂ ਨੇ ਵੀ ਆਪੋ ਆਪਣੀਆਂ ਟਰਾਲੀਆਂ ਨੂੰ ਇੱਕ ਤਰਾਂ ਨਾਲ ਬੈਡ ਰੂਮ ਵਾਂਗ ਸਜਾਇਆ ਹੋਇਆ ਹੈ । ਪਹਿਲੀ ਦਫ਼ਾ ਹੋਇਆ ਹੈ ਕਿ ਪੰਜਾਬ ਦੀ ਸਰਹੱਦ ਤੇ ਸ਼ੁਰੂ ਕੀਤੇ ਅੰਦੋਲਨ ਲਈ ਏਦਾਂ ਦੀ ਤਿਆਰੀ ਨਾਲ ਮੋਰਚਾ ਲੱਗਿਆ ਹੈ। ਮਹੱਤਵਪੂਰਨ ਤੱਥ ਹੈ ਕਿ ਇੰਨ੍ਹਾਂ ਪ੍ਰਬੰਧਾਂ ਨੇ ਪੰਜਾਬ ,ਹਰਿਆਣਾ ਅਤੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਦੀ ਨੀਂਦ ਉੱਡਾਈ ਹੋਈ ਹੈ।
ਸੂਤਰ ਦੱਸਦੇ ਹਨ ਕਿ ਇੰਨ੍ਹਾਂ ਏਜੰਸੀਆਂ ਨੇ ਆਪੋ ਆਪਣੀਆਂ ਸਰਕਾਰਾਂ ਨੂੰ ਗੁਪਤ ਰਿਪੋਰਟ ਭੇਜੀ ਹੈ ਜਿਸ ਵਿੱਚ ਕਿਸਾਨੀ ਰੋਹ ਨੂੰ ਮਾਪਦੰਡ ਬਣਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਹਰ ਤਰਾਂ ਦੇ ਮੌਸਮ ਅਤੇ ਕੇਂਦਰ ਸਰਕਾਰ ਵੱਲੋਂ ਮੋਰਚੇ ਦੌਰਾਨ ਡਾਹੇ ਅੜਿੱਕਿਆਂ ਸਾਹਮਣਾ ਕਰਨ ਤੋਂ ਬਾਅਦ ਮੌਜੂਦਾ ਠੰਢ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕੇਗੀ। ਕਿਸਾਨ ਮਿਹਣਾ ਮਾਰਦਿਆਂ ਆਖਦੇ ਹਨ, ‘‘ਤੁਹਾਨੂੰ ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਪਸਰੇ ਹਨੇਰੇ ਦਾ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਗਹਾ ਕਿ ਸਰਕਾਰਾਂ ਦੀਆਂ ਕਾਰਪੋਰਟ ਪੱਖੀ ਨੀਤੀਆਂ ਨੇ ਖੇਤੀ ਖੇਤਰ ਦੀ ਸੰਘੀ ਪੂਰੀ ਤਰਾਂ ਘੁੱਟ ਦੇਣੀ ਹੈ ਜਿਸ ਕਰਕੇ ਉਹ ਇਹ ਨੀਤੀ ਪ੍ਰੋਗਰਾਮ ਰੋਕਣ ਵਾਸਤੇ ਹਰ ਹੀਲਾ ਵਰਤਣ ਅਤੇ ਕੋਈ ਵੀ ਕੁਰਬਾਨੀ ਕਰਨ ਲਈ ਵਚਨਬੱਧ ਹਨ।
ਕਿਸਾਨੀ ਰੋਹ ਦਾ ਪ੍ਰਮਾਣ:ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਕਹਿਣਾ ਸੀ ਕਿ ਅਸਲ ’ਚ ਕਿਸਾਨਾਂ ਵੱਲੋਂ ਚੰਡੀਗੜ੍ਹ ਮੋਰਚੇ ਲਈ ਕੀਤੀਆਂ ਗਈਆਂ ਤਿਆਰੀਆਂ ਕਿਸਾਨੀ ਰੋਹ ਦੀ ਡੂੰਘਾਈ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਤਾਂ ਤਿੰਨ ਸਾਲ ਪਹਿਲਾਂ ਪਿੰਡਾਂ ’ਚ ਚੁੱਪ ਬੈਠੇ ਕਿਸਾਨਾਂ ਨੂੰ ਜਗਾਇਆ ਸੀ ਜੋ ਹੁਣ ਵੀ ਹੱਕ ਲਏ ਬਗੈਰ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮਾਲੀ ਤੌਰ ਤੇ ਕਿਸਾਨੀ ਘੋਲ ਕਾਫੀ ਮਹਿੰਗੇ ਪੈਣ ਲੱਗੇ ਹਨ ਪਰ ਪੰਜਾਬ ਦੇ ਕਿਸਾਨਾਂ ਨੇ ਬਿਨਾਂ ਪ੍ਰਵਾਹ ਕੀਤਿਆਂ ਹੱਕਾਂ ਦੀ ਲੜਾਈ ਲੜੀ ਹੈ ਜਿਸ ਲਈ ਉਹ ਹੁਣ ਵੀ ਤਿਆਰ ਹੋਕੇ ਆਏ ਹਨ।
ਸਰਕਾਰਾਂ ਰਮਜ ਪਛਾਨਣ:ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਇਸ ਸਾਜ਼ੋ ਸਮਾਨ ਨਾਲ ਠੰਢ ਤੋਂ ਰਾਹਤ ਵੱਡੀ ਗੱਲ ਨਹੀਂ ਬਲਕਿ ਵੱਡਾ ਉਹ ਇਰਾਦਾ ਹੈ ਜੋ ਕਿਸਾਨਾਂ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਲੰਬੇ ਘੋਲ ਲਈ ਤਿਆਰ ਹਾਂ। ਉਨ੍ਹਾਂ ਆਖਿਆ ਕਿ ਜਾਹਰ ਹੈ ਕਿ ਸਰਕਾਰਾਂ ਖਿਲਾਫ ਲਾਇਆ ਮੋਰਚਾ ਲੰਮਾਂ ਚੱਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਵੀ ਹੁਣ ਕਿਸਾਨ ਘੋਲ ਦੀ ਰਮਜ਼ ਪਛਾਣ ਲੈਣੀ ਚਾਹੀਦੀ ਹੈ।