ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸੇ 'ਕਰਤਾਰ ਸਿੰਘ'
ਪਾਸਪੋਰਟ ਤੇ 20 ਡਾਲਰਾਂ ਦੀ ਸ਼ਰਤ ਸ਼ਰਧਾਲੂਆਂ ਲਈ ਔਖੀ ਘਾਟੀ ਸਾਬਤ ਹੋਈ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਉਦੋਵਾਲੀ ਦੇ 80 ਸਾਲਾ ਬਜ਼ੁਰਗ ਕਰਤਾਰ ਸਿੰਘ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਹਾਲਾਂਕਿ ਭਾਰਤ-ਪਾਕਿਸਤਾਨ ਵੱਲੋਂ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਲਾਂਘਾ ਖੋਲ੍ਹਿਆ ਗਿਆ ਹੈ ਪਰ ਇਹ ਲਾਂਘਾ ਕਰਤਾਰ ਸਿੰਘ ਵਰਗੇ ਬਜ਼ੁਰਗਾਂ ਲਈ ਔਖੀ ਘਾਟੀ ਸਾਬਤ ਹੋਇਆ ਹੈ।
ਬਾਪੂ ਕਰਤਾਰ ਸਿੰਘ ਰੋਜ਼ਾਨਾਂ ਆਪਣੇ ਪਿੰਡ ਉਦੋਵਾਲੀ ਤੋਂ ਆਪਣਾ ਹਰਮੋਨੀਅਮ ਲੈ ਕੇ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ ਕੋਲ ਬਣੇ ਦਰਸ਼ਨ ਸਥੱਲ ਕੋਲ ਆ ਕੇ ਬੈਠ ਜਾਂਦੇ ਹਨ। ਕਰਤਾਰ ਸਿੰਘ ਸਰਹੱਦ ਤੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹਨ। ਇਸ ਤੋਂ ਬਾਅਦ ਉਹ ਆਪਣੇ ਹਰਮੋਨੀਅਮ ਨੂੰ ਵਜਾ ਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹਨ।
ਸਰਹੱਦ ਦੀ ਧੁੱਸੀ ਬੰਨ ਉੱਪਰ ਬਣੇ ਦਰਸ਼ਨ ਸਥੱਲ ਉੱਪਰ ਖਲ੍ਹੋ ਕੇ ਭਾਂਵੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲੈਂਦੇ ਹਨ ਪਰ ਬਾਪੂ ਕਰਤਾਰ ਸਿੰਘ ਨਜ਼ਰ ਘੱਟ ਹੋਣ ਕਾਰਨ ਉਸ ਨੂੰ ਜਿਆਦਾ ਦੂਰ ਦਿਖਾਈ ਵੀ ਨਹੀਂ ਦਿੰਦਾ। ਪਰ ਇਸਦੇ ਬਾਵਜੂਦ ਬਾਪੂ ਕਰਤਾਰ ਸਿੰਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲ ਮੂੰਹ ਕਰਕੇ ਸਿਜਦਾ ਕਰਦੇ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਦੇ ਨਗਰ ਕਰਤਾਰਪੁਰ ਸਾਹਿਬ ਅਤੇ ਉਨ੍ਹਾਂ ਦੇ ਖੇਤਾਂ ਵਿੱਚੋਂ ਆਉਂਦੀ ਰੂਹਾਨੀਅਤ ਦੀ ਖੂਸ਼ਬੋ ਉਸ ਨੂੰ ਸਰਸ਼ਾਰ ਕਰ ਦਿੰਦੀ ਹੈ। ਸਿਜਦਾ ਕਰਦੇ ਬਾਪੂ ਕਰਤਾਰ ਸਿੰਘ ਦੇ ਮੂੰਹੋਂ ‘ਧੰਨ ਨਾਨਕ ਤੇਰੀ ਵੱਡੀ ਕਮਾਈ’ ਦੇ ਬੋਲ ਆਪ ਮੁਹਾਰੇ ਨਿਕਲ ਜਾਂਦੇ ਹਨ।
ਕਰਤਾਰ ਸਿੰਘ ਕਹਿੰਦੇ ਹਨ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਅਤੇ ਨਾ ਹੀ ਫੀਸ ਦੇਣ ਲਈ 20 ਡਾਲਰ। ਕਹਿੰਦੇ ਕਿੰਨਾ ਚੰਗਾ ਹੁੰਦਾ ਜੇਕਰ ਪਾਸਪੋਰਟ ਤੇ ਡਾਲਰਾਂ ਵਾਲੀ ਸ਼ਰਤ ਨਾ ਹੁੰਦੀ ਤਾਂ ਅਸੀਂ ਵੀ ਗੁਰੂ ਦੇ ਦਰ ’ਤੇ ਮੱਥਾ ਟੇਕ ਆਉਂਦੇ। ਏਨਾਂ ਕਹਿਣ ਤੋਂ ਬਾਅਦ ਬਾਪੂ ਕਰਤਾਰ ਸਿੰਘ ਆਪਣੇ ਹਰਮੋਨੀਅਮ ਦੀ ਸੁਰ ਨਾਲ ਆਪਣੀ ਹੇਕ ਮਿਲਾ ਕੇ ‘ਨਾਨਕ’ ਨੂੰ ਯਾਦ ਕਰਨ ਲੱਗ ਜਾਂਦੇ ਹਨ।
ਇਸੇ ਤਰਾਂ ਹੀ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਹਲੀ ਦੇ ਵਾਸੀ ਚੰਨਣ ਸਿੰਘ ਵੀ ਰੋਜ਼ਾਨਾਂ ਸਾਈਕਲ `ਤੇ ਸਰਹੱਦ ਉੱਪਰ ਆ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਦੂਰੋਂ ਹੀ ਸਿਜਦਾ ਕਰਦੇ ਹਨ। ਚੰਨਣ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਜਿਸ ਕਾਰਨ ਉਹ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਿਆ। ਚੰਨਣ ਸਿੰਘ ਬੇਵਸੀ ਜ਼ਾਹਰ ਕਰਦੇ ਕਹਿੰਦੇ ਹਨ ਕਿ ਚਲੋ ਕੋਈ ਨਾ…ਬਾਬਾ ਨਾਨਕ ਸਾਡੀ ਹਾਜ਼ਰੀ ਏਥੋਂ ਹੀ ਮਨਜ਼ੂਰ ਕਰਨਗੇ। ਸਰਹੱਦ ਉੱਪਰ ਖੜ੍ਹੇ ਇਨ੍ਹਾਂ ਬਜ਼ੁਰਗਾਂ ਨੂੰ ਤਰਸਦੀਆਂ ਅੱਖਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਵੱਲ ਦੇਖਦਿਆਂ ਏਵੇਂ ਮਹਿਸੂਸ ਹੋਇਆ ਜਿਵੇਂ ਭਾਈ ਲਾਲੋ ਦੇ ਵਾਰਸ ਤਾਂ ਗੁਰੂ ਸਾਹਿਬ ਦੇ ਦੀਦਾਰ ਨੂੰ ਤਰਸਦੇ ਹੀ ਰਹਿ ਗਏ ਹਨ।